ਕਪੂਰਥਲਾ : ASI ਦੇ ਪਾਜ਼ੇਟਿਵ ਆਉਣ ਨਾਲ ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

07/10/2020 2:02:33 AM

ਕਪੂਰਥਲਾ,(ਮਹਾਜਨ)-ਕਪੂਰਥਲਾ ਸ਼ਹਿਰ 'ਚ ਵੀ ਦਿਨ-ਬ-ਦਿਨ ਕੋਰੋਨਾ ਮਹਾਮਾਰੀ ਦੇ ਲਪੇਟ 'ਚ ਆਉਂਦਾ ਜਾ ਰਿਹਾ ਹੈ। ਹਰ ਦਿਨ ਜ਼ਿਲ੍ਹੇ 'ਚੋਂ ਮਿਲ ਰਹੇ ਕੋਰੋਨਾ ਪਾਜ਼ੇਟਿਵ ਮਾਮਲੇ ਚਿੰਤਾ ਦਾ ਵਿਸ਼ਾ ਬਣਦੇ ਜਾ ਰਹੇ ਹਨ। ਇਸ ਮਹਾਮਾਰੀ ਤੋਂ ਹੁਣ ਪ੍ਰਸ਼ਾਸਨਿਕ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਵੀ ਸੁਰੱਖਿਅਤ ਨਹੀ ਰਹੇ। ਬੀਤੇ ਦਿਨ ਐਸ. ਡੀ. ਐਮ. ਫਗਵਾੜਾ ਦੇ ਪਾਜ਼ੇਟਿਵ ਆਉਣ ਨਾਲ ਜਿੱਥੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ 'ਚ ਖੌਫ ਫੈਲ ਗਿਆ ਸੀ, ਉੱਥੇ ਹੀ ਅੱਜ ਥਾਣਾ ਸਿਟੀ ਕਪੂਰਥਲਾ ਦੇ ਇੱਕ ਪੁਲਿਸ ਅਧਿਕਾਰੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨਾਲ ਸਬੰਧਤ ਅਧਿਕਾਰੀਆਂ ਤੇ ਕਰਮਚਾਰੀਆਂ ਭਾਜੜਾਂ ਪੈ ਗਈਆਂ। ਸ਼ਹਿਰ 'ਚ 5 ਕੋਰੋਨਾ ਪਾਜੀਟਿਵ ਕੇਸ ਆਉਣ ਨਾਲ ਸ਼ਹਿਰ ਵਾਸੀਆਂ 'ਚ ਦਹਿਸ਼ਤ ਫੈਲ ਗਈ ਹੈ। ਥਾਣਾ ਸਿਟੀ ਕਪੂਰਥਲਾ ਵਿਖੇ ਤਾਇਨਾਤ ਇੱਕ ਏ.ਐਸ.ਆਈ ਤੇ ਸ਼ਹਿਰ ਦੇ ਰੈਡ ਕ੍ਰਾਸ ਮਾਰਕਿਟ ਸਥਿਤ ਕੋਰੀਅਰ ਸਰਵਿਸ ਦੇ ਮਾਲਕ ਦਾ ਕੋਰੋਨਾ ਪਾਜ਼ੇਟਿਵ ਆਉਣ ਨਾਲ ਹੜਕੰਪ ਮਚ ਗਿਆ ਹੈ।
ਸ਼ਹਿਰ 'ਚ ਨਵੇਂ ਕੋਰੋਨਾ ਪਾਜ਼ੇਟਿਵ ਆਏ 5 ਕੇਸਾਂ 'ਚ 52 ਸਾਲਾ ਪੁਰਸ਼ ਕਪੂਰਥਲਾ, 7 ਸਾਲਾ ਲੜਕੀ ਅਰਬਨ ਅਸਟੇਟ, 31 ਸਾਲਾ ਮਹਿਲਾ ਅਰਬਨ ਅਸਟੇਟ ਕਪੂਰਥਲਾ, 50 ਸਾਲਾ ਪੁਰਸ਼ ਕਪੂਰਥਲਾ ਤੇ ਇੱਕ ਬੈਂਕ ਅਧਿਕਾਰੀ ਸ਼ਾਮਲ ਹਨ। ਇਨ੍ਹਾਂ ਨਵੇਂ ਮਾਮਲਿਆਂ 'ਚ ਥਾਣਾ ਸਿਟੀ ਕਪੂਰਥਲਾ ਨਾਲ ਸਬੰਧਤ ਪੁਲਿਸ ਅਧਿਕਾਰੀ ਦੇ ਪਾਜੀਟਿਵ ਆਉਣ ਨਾਲ ਪੁਲਿਸ ਵਿਭਾਗ 'ਚ ਆਤੰਕ ਫੈਲ ਗਿਆ ਤੇ ਪੂਰੇ ਥਾਣੇ ਨੂੰ ਸੈਨੇਟਾਈਜ ਕਰਵਾਇਆ ਗਿਆ। ਉੱਥੇ ਡੀ.ਐਸ.ਪੀ (ਸਬ ਡਵੀਜਨ) ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਏ.ਐਸ.ਆਈ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਥਾਣੇ ਦੇ ਸਾਰੇ ਕਰਮਚਾਰੀਆਂ ਦਾ ਸ਼ੁਕਰਵਾਰ ਨੂੰ ਟੈਸਟ ਕਰਵਾਇਆ ਜਾਵੇਗਾ। ਫਿਲਹਾਲ ਥਾਣਾ ਸਿਟੀ 'ਚ ਕਿਸੇ ਨੂੰ ਆਉਣ ਜਾਣ ਤੇ ਪਾਬੰਧੀ ਲਗਾ ਦਿੱਤੀ ਗਈ ਹੈ ਤੇ ਥਾਣਾ ਸਿਟੀ ਦੇ ਬਾਹਰ ਹੀ ਲੋਕਾਂ ਦੀ ਸ਼ਿਕਾਇਤ ਸੁਣੀ ਜਾ ਰਹੀ ਹੈ। ਉੱਥੇ ਕੋਰੀਅਰ ਸਰਵਿਸ ਤੇ ਪੁਲਿਸ ਅਧਿਕਾਰੀ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਸ਼ਹਿਰ 'ਚ ਕੋਰੋਨਾ ਸੰਕਰਮਿਤਾਂ ਦੇ ਮਾਮਲੇ ਵੱਧਣ ਦਾ ਖਤਰਾ ਪੈਦਾ ਹੋ ਗਿਆ ਹੈ ਕਿਉਂਕਿ ਦੋਵੇਂ ਹੀ ਕਿੱਤਿਆਂ 'ਚ ਲੋਕਾਂ ਨਾਲ ਡੀਲਿੰਗ ਹੁੰਦੀ ਹੈ। ਉੱਥੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਪਾਜੀਟਿਵ ਕੇਸਾਂ ਦੇ ਸੰਪਰਕ ਸੂਤਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਸੈਂਪਲਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਬਾਕੀ ਤਿੰਨ ਪਾਜੀਟਿਵ ਕੇਸ ਪਹਿਲਾਂ ਪਾਜ਼ੇਟਿਵ ਆਏ ਪੰਜਾਬ ਗ੍ਰਾਮੀਣ ਬੈਂਕ ਕਰਮਚਾਰੀਆਂ ਦੇ ਸੰਪਰਕ 'ਚ ਸਨ।

ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨੈਗਟਿਵ ਆਉਣ ਨਾਲ ਮਿਲੀ ਰਾਹਤ
ਇੱਕ ਪਾਸੇ ਬੁੱਧਵਾਰ ਨੂੰ 5 ਕੇਸ ਆਉਣ ਨਾਲ ਸ਼ਹਿਰ ਵਾਸੀਆਂ `ਚ ਚਿੰਤਾ ਵੱਧ ਗਈ ਉੱਥੇ ਦੂਜੇ ਪਾਸੇ ਫਗਵਾੜਾ ਦੇ ਐਸ.ਡੀ.ਐਮ ਦੇ ਪਾਜ਼ੇਟਿਵ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆ ਤੇ ਕਰਮਚਾਰੀਆਂ `ਚ ਜੋ ਡਰ ਤੇ ਦਹਿਸ਼ਤ ਪਾਈ ਜਾ ਰਹੀ ਸੀ, ਉੱਥੇ ਡੀ.ਸੀ. ਦੀਪਤੀ ਉੱਪਲ, ਏ.ਡੀ.ਸੀ (ਵਿਕਾਸ) ਐਸ.ਪੀ. ਆਂਗਰਾ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਡਾ. ਸ਼ਿਖਾ ਭਗਤ, ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਤੇ ਹੋਰ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨੈਗਟਿਵ ਆਉਣ ਨਾਲ ਡਰ ਤੇ ਦਹਿਸ਼ਤ ਖਤਮ ਹੋ ਗਈ ਤੇ ਇਹ ਸ਼ਹਿਰ ਵਾਸੀਆਂ ਲਈ ਰਾਹਤ ਭਰੀ ਖਬਰ ਸਾਬਤ ਹੋਈ।

ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਕਿਹਾ ਕਿ ਸਿਹਤ ਵਿਭਾਗ ਦੀਆਂ ਟੀਮਾਂ ਪੁਲਿਸ ਵਿਭਾਗ ਤੇ ਕੋਰੋਨਾ ਪਾਜ਼ੇਟਿਵ ਆਏ ਕੋਰੀਅਰ ਸਰਵਿਸ ਦੇ ਮਾਲਕ ਦੇ ਸੰਪਰਕ ਸੂਤਰਾਂ ਦੀ ਸੂਚੀ ਬਣਾ ਰਹੀ ਹੈ ਤੇ ਸ਼ੁਕਰਵਾਰ ਨੂੰ ਇਨ੍ਹਾਂ ਦੀ ਸੈਂਪਲਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵੀਰਵਾਰ ਨੂੰ ਜ਼ਿਲ੍ਹੇ 'ਚ 294 ਲੋਕਾਂ ਦੀ ਸੈਪਲਿੰਗ ਕੀਤੀ ਗਈ, ਜਿਨ੍ਹਾਂ 'ਚੋਂ ਕਪੂਰਥਲਾ ਤੋਂ 125, ਟਿੱਬਾ ਤੋਂ 36, ਭੁਲੱਥ ਤੋਂ 25, ਫੱਤੂਢੀਂਗਾ ਤੋਂ 12, ਸੁਲਤਾਨਪੁਰ ਲੋਧੀ ਤੋਂ 13, ਬੇਗੋਵਾਲ ਤੋਂ 15, ਕਾਲਾ ਸੰਘਿਆਂ ਤੋਂ 20, ਫਗਵਾੜਾ ਤੋਂ 35, ਪਾਂਛਟਾ ਤੋਂ 35 ਵਿਅਕਤੀਆਂ ਦੀ ਸੈਂਪਲਿੰਗ ਕੀਤੀ ਗਈ।


Deepak Kumar

Content Editor

Related News