''ਸ਼ਹਿਰੀ ਤੇ ਪੇਂਡੂ ਖੇਤਰ ਦੇ ਬਾਜ਼ਾਰਾਂ ''ਚ ਸਵੇਰੇ 7 ਤੋਂ ਸ਼ਾਮ 7 ਵਜੇ ਤੱਕ ਖੁੱਲਣਗੀਆਂ ਦੁਕਾਨਾਂ''

06/01/2020 6:48:32 PM

ਕਪੂਰਥਲਾ,(ਮਹਾਜਨ) : ਜ਼ਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਦੀਪਤੀ ਉੱਪਲ ਨੇ ਫੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਦੇ ਅਧਿਕਾਰਾਂ ਤਹਿਤ ਹੁਕਮ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਗ੍ਰਹਿ ਮਾਮਲਿਆਂ ਵਿਭਾਗ ਦੇ ਪੱਤਰ ਅਨੁਸਾਰ ਜ਼ਿਲ੍ਹਾ ਕਪੂਰਥਲਾ ਅੰਦਰ ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ 1 ਜੂਨ ਤੋਂ 30 ਜੂਨ ਤੱਕ ਲਾਕਡਾਊਨ 5.0/ਅਨਲੋਕ 1.0 ਜਾਰੀ ਰਹੇਗਾ। ਹੁਕਮ 'ਚ ਦੱਸਿਆ ਗਿਆ ਹੈ ਕਿ ਕੋਵਿਡ-19 ਨੂੰ ਪਹਿਲਾਂ ਹੀ ਭਾਰਤ ਸਰਕਾਰ ਨੇ ਮਹਾਂਮਾਰੀ ਐਲਾਨ ਕੀਤਾ ਹੋਇਆ ਹੈ, ਜਿਸ ਦੇ ਤਹਿਤ ਪੂਰੇ ਦੇਸ਼ ਵਿੱਚ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਆਪਣੇ ਹੁਕਮਾਂ 'ਚ ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਰਾਤ 9 ਤੋਂ ਸਵੇਰੇ 5 ਵਜ੍ਹੇ ਤੱਕ ਨਾਈਟ ਕਰਫਿਊ ਦੇ ਦੌਰਾਨ ਸਾਰੀ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ 'ਤੇ ਪਹਿਲਾਂ ਵਾਂਗ ਪਾਬੰਦੀ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਗਰਭਵਤੀ ਔਰਤਾਂ ਅਤੇ 10 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਲ-ਨਾਲ 65 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਘਰਾਂ ਵਿੱਚ ਹੀ ਰਹਿਣਗੇ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ 1 ਜੂਨ ਤੋਂ 30 ਜੂਨ ਤੱਕ ਸਿਨੇਮਾ ਹਾਲ, ਜ਼ਿਮਨੇਜ਼ੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅੰਸੈਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ ਸ਼ਾਮਲ ਹਨ, 'ਤੇ ਪਾਬੰਦੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸਮਾਜਿਕ/ਰਾਜਨੀਤਕ/ਖੇਡਾਂ/ਮਨੋਰੰਜਨ/ਅਕਾਦਮਿਕ/ਸੱਭਿਆਚਾਰਕ/ਧਾਰਮਿਕ ਸਮਾਗਮਾਂ ਅਤੇ ਹੋਰ ਇਕੱਠ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸ ਤੋਂ ਇਲਾਵਾ ਜਨਤਕ ਥਾਵਾਂ 'ਤੇ ਥੁੱਕਣ, ਸ਼ਰਾਬ ਪੀਣ, ਪਾਨ, ਤੰਬਾਕੂ ਆਦਿ ਦੀ ਪੂਰਨ ਪਾਬੰਦੀ ਹੋਵੇਗੀ, ਭਾਵੇਂ ਇਨ੍ਹਾਂ ਦੀ ਵਿਕਰੀ 'ਤੇ ਕੋਈ ਪਾਬੰਦੀ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਵਿਆਹ ਸਮਾਗਮ ਵੇਲੇ 50 ਤੋਂ ਵੱਧ ਅਤੇ ਅੰਤਿਮ ਸੰਸਕਾਰ 'ਤੇ 20 ਤੋਂ ਵਧੇਰੇ ਵਿਅਕਤੀ ਦਾ ਇਕੱਠ ਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਿਰਧਾਰਤ ਸੰਚਾਲਨ ਵਿਧੀ (ਐਸ. ਓ. ਪੀਜ਼) ਤੇ ਦਿਸ਼ਾ-ਨਿਰਦੇਸ਼ ਅਨੁਸਾਰ 8 ਜੂਨ ਤੋਂ ਹੋਟਲ, ਪ੍ਰਾਹੁਣਚਾਰੀ ਸੇਵਾਵਾਂ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ ਰੈਸਟੋਰੈਂਟ ਖੋਲੇ ਜਾ ਸਕਦੇ ਹਨ।

ਉਨ੍ਹਾਂ ਕਿਹਾ ਕਿ ਰੇਲ ਗੱਡੀਆਂ ਦੀ ਅੰਤਰ-ਰਾਜੀ ਆਵਾਜਾਈ ਅਤੇ ਘਰੇਲੂ ਉਡਾਨਾਂ ਲਈ ਅੰਦਰੂਨੀ ਮੁਸਾਫਰਾਂ ਨੂੰ ਸਿਹਤ ਵਿਭਾਗ ਦੇ ਐਸ.ਓ.ਪੀਜ਼. ਦੀ ਪਾਲਣਾ ਕਰਨੀ ਹੋਵੇਗੀ ਅਤੇ 'ਕੋਵਾ' ਐਪ ਡਾਊਨਲੋਡ ਕਰਨ ਅਤੇ ਖੁਦ ਹੀ 'ਈ-ਪਾਸ' ਬਣਾਉਣ ਜਾਂ ਫਿਰ ਰੇਲਵੇ ਸਟੇਸ਼ਨ 'ਤੇ ਆਪਣੀ ਜਾਣਕਾਰੀ ਦੇਣੀ ਹੋਵੇਗੀ। ਬੱਸਾਂ ਦੀ ਅੰਤਰ-ਰਾਜੀ ਆਵਾਜਾਈ ਲਈ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਐਸ.ਓ.ਪੀਜ਼ ਦੇ ਮੁਤਾਬਕ ਹੋਰਨਾਂ ਸੂਬਿਆਂ ਦੀ ਸਹਿਮਤੀ ਨਾਲ ਬੱਸਾਂ ਚਲਾਉਣ ਦੀ ਆਗਿਆ ਹੋਵੇਗੀ। ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੀ ਅੰਤਰ-ਰਾਜੀ ਦੀ ਆਵਾਜਾਈ ਲਈ ਐਸ.ਓ.ਪੀ. ਜਾਰੀ ਕੀਤਾ ਜਾਵੇਗਾ। ਟੈਕਸੀਆਂ, ਕੈਬ, ਸਟੇਜ ਕੈਰੀਅਰ, ਟੈਂਪੂ-ਟਰੈਵਲ ਅਤੇ ਕਾਰਾਂ ਵਰਗੇ ਯਾਤਰੂ ਵਾਹਨਾਂ ਦੀ ਅੰਤਰ-ਰਾਜੀ ਅਤੇ ਰਾਜ ਅੰਦਰ ਚਲਾਉਣ 'ਤੇ ਕੋਈ ਬੰਦਿਸ਼ ਨਹੀਂ ਹੈ ਪਰ 'ਕੋਵਾ' ਐਪ ਤੋਂ ਖੁਦ ਹੀ ਈ-ਪਾਸ ਬਣਾ ਕੇ ਡਾਊਨਲੋਡ ਕਰਨਾ ਲਾਜ਼ਮੀ ਹੋਵੇਗਾ। ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਐਸ.ਓ.ਪੀ. ਦੀ ਪਾਲਣਾ ਦੀ ਸ਼ਰਤ 'ਤੇ ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ੇ ਚਲਾਉਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਟਰਾਂਸਪੋਰਟ ਵਿਭਾਗ ਦੁਆਰਾ ਜਾਰੀ ਐਸ. ਓ. ਪੀ. ਦੀ ਪਾਲਣਾ ਤਹਿਤ 2 ਪਹੀਆ ਵਾਹਨਾਂ ਲਈ ਸਮੇਤ ਚਾਲਕ 1 ਯਾਤਰੀ ਅਤੇ 4 ਪਹੀਆ ਵਾਹਨ ਲਈ ਡਰਾਈਵਰ ਸਮੇਤ 2 ਯਾਤਰੀ ਹੀ ਆਵਾਜਾਈ ਕਰ ਸਕਣਗੇ। ਇਸ ਤੋਂ ਇਲਾਵਾ ਜ਼ਰੂਰੀ ਵਸਤਾਂ ਦੀ ਅੰਤਰ-ਰਾਜੀ ਆਵਾਜਾਈ 'ਤੇ ਬੰਦਿਸ਼ ਨਹੀਂ ਹੋਵੇਗੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਕ ਜੂਨ ਤੋਂ ਸ਼ਹਿਰੀ ਅਤੇ ਪੇਂਡੂ ਖੇਤਰ ਦੇ ਬਾਜ਼ਾਰਾਂ ਵਿੱਚ ਦੁਕਾਨਾਂ ਹਫਤੇ `ਚ 6 ਦਿਨ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲਣਗੀਆਂ ਜਦਕਿ ਕਰਿਆਣਾ, ਬੇਕਰੀ, ਡੇਅਰੀ ਕੈਮਿਸਟ, ਮੀਟ ਤੇ ਪੋਲਟਰੀ ਦੀਆ ਦੁਕਾਨਾਂ ਹਫਤੇ 'ਚ 7 ਦਿਨ ਖੁੱਲਣਗੀਆਂ। ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਖੁੱਲੇ ਰਹਿਣਗੇ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਜਾ ਰਹੀ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਦੀ ਸ਼ਰਤ 'ਤੇ ਪੂਰਾ ਹਫਤਾ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਹਜ਼ਾਮਤ ਦੀਆਂ ਦੁਕਾਨਾਂ, ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾਅ ਖੋਲਣ ਦੀ ਇਜਾਜ਼ਤ ਹੈ। ਸਪੋਰਟਸ ਕੰਪਲੈਕਸ਼, ਸਟੇਡੀਅਮ ਬਿਨ੍ਹਾਂ ਦਰਸ਼ਕਾਂ ਦੇ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਆਪਣੀਆਂ ਗਤਿਵਿਧੀਆ ਕਰ ਸਕਣਗੇ। ਸ਼ਹਿਰੀ ਅਤੇ ਪੇਂਡੂ ਖੇਤਰ 'ਚ ਹਰ ਤਰ੍ਹਾਂ ਦੀਆਂ ਇੰਡਸ਼ਟਰੀਆਂ ਖੋਲਣ ਅਤੇ ਹਰ ਤਰ੍ਹਾਂ ਦੀ ਉਸਾਰੀ ਦੀ ਵੀ ਇਜਾਜ਼ਤ ਹੋਵੇਗੀ। ਖੇਤੀਬਾੜੀ, ਬਾਗਬਾਨੀ, ਪਸ਼ੂ-ਪਾਲਣ ਵੈਟਨਰੀ ਸੇਵਾਵਾਂ, ਬਿਨ੍ਹਾਂ ਕਿਸੇ ਰੋਕ ਦੇ ਚਾਲੂ ਰਹਿਣਗੀਆਂ।
ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਅਤੇ ਨਿੱਜੀ ਦਫਤਰ ਮੁਲਾਜ਼ਮਾਂ ਦੀ ਲੋੜੀਂਦੀ ਸਮਰੱਥਾ ਨਾਲ ਖੁੱਲਣਗੇ ਅਤੇ ਜੇਕਰ ਜ਼ਰੂਰਤ ਹੋਵੇ ਤਾਂ ਛੋਟੀ ਟੀਮ ਨਾਲ ਕੰਮ ਚਲਾਉਣ ਲਈ ਸਮੇਂ ਨੂੰ ਉਸ ਅਨੁਸਾਰ ਨਿਸ਼ਚਿਤ ਕੀਤਾ ਜਾਵੇਗਾ। ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਦਫਤਰ ਦੇ ਮੁਖੀ ਵੱਲੋਂ ਉਪਲੱਬਧ ਥਾਂ ਅਨੁਸਾਰ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ। ਜੇਕਰ ਥਾਂ ਲੋੜ ਅਨੁਸਾਰ ਉਪਲਬਧ ਨਾ ਹੋਵੇ ਤਾਂ ਮੁਲਾਜ਼ਮ ਰੋਟੇਸ਼ਨ ਅਨੁਸਾਰ ਦਫਤਰ ਵਿਖੇ ਹਾਜ਼ਰ ਹੋਣਗੇ। ਜ਼ਿਲਾ ਅਧਿਕਾਰੀ ਭੀੜ ਅਤੇ ਜ਼ਿਆਦਾ ਇਕੱਤਰਤਾ ਤੋਂ ਬਚਾਓ ਰੱਖਣ ਲਈ ਦਫਤਰੀ ਸਮੇਂ ਵਿੱਚ ਕਟੌਤੀ ਕੀਤੇ ਬਿਨਾਂ ਮੁਲਾਜ਼ਮਾਂ ਲਈ ਵੰਡਵਾਂ ਸਮਾਂ ਲਾਗੂ ਕਰਨਗੇ। ਸਾਰੇ ਮੁਲਾਜ਼ਮ ਭਾਵੇਂ ਸਰਕਾਰੀ ਦਫਤਰਾਂ ਵਿੱਚ ਹੋਣ ਜਾਂ ਪ੍ਰਾਈਵੇਟ ਦਫਤਰਾਂ ਜਾਂ ਹੋਰ ਕੰਮ ਦੀਆਂ ਥਾਵਾਂ ਨਾਲ ਸਬੰਧਤ, ਤੈਅ ਸਮੇਂ (ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ) ਦੌਰਾਨ ਬਿਨਾਂ ਕਿਸੇ ਪਾਸ ਦੇ ਆ ਜਾ ਸਕਣਗੇ। ਸ਼ਫਰ ਲਈ ਕੋਵਾ ਐਪ ਦੀ ਵਰਤੋਂ ਕਰਕੇ ਖੁਦ ਈ ਪਾਸ ਬਣਾਉਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਹਰੇਕ ਕਰਮਚਾਰੀ ਵੱਲੋਂ ਆਪਣੇ ਮੋਬਾਇਲ ਵਿੱਚ ਅਰੋਗਿਆ ਸੇਤੂ ਐਪ ਡਾਉਨਲੋਡ ਕਰਨੀ ਯਕੀਨੀ ਬਣਾਈ ਜਾਵੇ ਅਤੇ ਰੋਜ਼ਾਨਾ ਦੇ ਆਧਾਰ 'ਤੇ ਸਿਹਤ ਸਟੇਟਸ ਨੂੰ ਚੈਕ ਕੀਤਾ ਜਾਵੇ। ਉਨ੍ਹ ਕਿਹਾ ਕਿ ਐਸ.ਓ.ਪੀਜ਼. ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਮਾਸਕ ਪਹਿਨਣ ਤੇ ਸਮਾਜਿਕ ਦੂਰੀ ਸਮੇਤ ਸਿਹਤ ਸੁਰੱਖਿਆ ਉਪਾਵਾਂ ਦੀ ਸਖਤੀ ਨਾਲ ਪਾਲਣਾ ਕਰਨੀ ਹੋਵੇਗੀ। ਇਸ ਤੋਂ ਇਲਾਵਾ ਘਰਾਂ ਅਤੇ ਦਫਤਰਾਂ ਵਿਖੇ ਹੱਥ ਧੋਣੇ, ਦਫਤਰੀ ਕੰਮ-ਕਾਜ 'ਚ ਆਪਸੀ ਦੂਰੀ ਬਣਾ ਕੇ ਕੰਮ ਕਰਨਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਲਾਕਡਾਊਨ ਦੌਰਾਨ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਖਿਲਾਫ਼ ਧਾਰਾ 51 ਤੋਂ 60 ਡਿਜ਼ਾਸਟਰ ਮੈਨੇਜਮੈਂਟ ਐਕਟ 2005 ਤੋਂ ਇਲਾਵਾ ਧਾਰਾ 188 ਆਈ.ਪੀ.ਸੀ. ਤਹਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।    


Deepak Kumar

Content Editor

Related News