ਕਪੂਰਥਲਾ ''ਚ ਕੋਰੋਨਾ ਦੇ 7 ਨਵੇਂ ਮਾਮਲੇ ਆਏ ਸਾਹਮਣੇ

06/29/2020 10:22:52 PM

ਕਪੂਰਥਲਾ,(ਮਹਾਜਨ)- ਜ਼ਿਲ੍ਹੇ 'ਚ ਸੋਮਵਾਰ ਨੂੰ ਕੋਰੋਨਾ ਧਮਾਕਾ ਹੋਣ ਨਾਲ ਸਾਹਮਣੇ ਆਏ 7 ਨਵੇਂ ਮਾਮਲਿਆਂ ਨਾਲ ਕੁੱਲ ਅੰਕੜਾ 100 ਦੇ ਪਾਰ ਪਹੁੰਚ ਗਿਆ ਹੈ। ਇਨ੍ਹਾਂ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਦੇ ਬਾਅਦ ਜ਼ਿਲ੍ਹਾ ਵਾਸੀਆਂ 'ਚ ਹੜਕੰਪ ਮਚ ਗਿਆ। ਇਨ੍ਹਾਂ 7 ਮਾਮਲਿਆ 'ਚ ਇੱਕਲੇ 6 ਨਵੇਂ ਮਾਮਲੇ ਕਪੂਰਥਲਾ ਸ਼ਹਿਰ ਨਾਲ ਸਬੰਧਤ ਹਨ, ਜਦਕਿ ਇਕ ਮਾਮਲਾ ਫਗਵਾੜਾ ਤੋਂ ਸਬੰਧਤ ਹੈ। ਕਪੂਰਥਲਾ 'ਚ ਸਾਹਮਣੇ ਆਏ 6 ਮਾਮਲਿਆਂ ਦੀ ਖਬਰ ਸ਼ਹਿਰ 'ਚ ਅੱਗ ਦੀ ਤਰ੍ਹਾਂ ਫੈਲਣ ਨਾਲ ਲੋਕਾਂ 'ਚ ਕਾਫੀ ਡਰ ਪਾਇਆ ਗਿਆ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਦਫਤਰ ਸਕੱਤਰ ਦੇ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ 'ਚ ਆਏ ਪਰਿਵਾਰਿਕ ਮੈਂਬਰਾਂ ਦੇ ਸੈਂਪਲ ਲਏ ਗਏ ਸਨ, ਜਿਸ 'ਚ 5 ਪਰਿਵਾਰਿਕ ਮੈਂਬਰਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਜਿਨ੍ਹਾਂ 'ਚ 69 ਸਾਲਾ ਮਹਿਲਾ, 51 ਸਾਲਾ ਪੁਰਸ਼, 40 ਸਾਲਾ ਮਹਿਲਾ, 18 ਸਾਲਾ ਪੁਰਸ਼ ਤੇ 14 ਸਾਲਾ ਨੌਜਵਾਨ ਸ਼ਾਮਲ ਹੈ। ਉੱਥੇ ਬੀਤੇ ਦਿਨੀ ਦਫਤਰ ਸਕੱਤਰ ਦੇ ਸੰਪਰਕ 'ਚ ਆਉਣ ਵਾਲਿਆਂ 'ਚ ਜੋ 4 ਸੈਂਪਲ ਪੈਂਡਿੰਗ ਪਏ ਸਨ, ਉਨ੍ਹਾਂ 'ਚ 3 ਨੈਗਟਿਵ ਪਾਏ ਗਏ ਹਨ, ਜਦਕਿ ਇਕ 49 ਸਾਲਾ ਸਾਬਕਾ ਕੌਂਸਲਰ ਤੇ ਸਾਬਕਾ ਉਪ ਪ੍ਰਧਾਨ ਨਗਰ ਕੌਂਸਲ ਕਪੂਰਥਲਾ ਪਾਜ਼ੇਟਿਵ ਪਾਏ ਗਏ ਹਨ। ਜੋ ਕਪੂਰਥਲਾ ਦੇ 6 ਨਵੇਂ ਮਰੀਜ਼ ਪਾਜ਼ੇਟਿਵ ਹਨ, ਉਨ੍ਹਾਂ 'ਚੋਂ ਇਕ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਕਾਫੀ ਨਜ਼ਦੀਕੀ ਹੈ। ਇਸ ਤੋਂ ਇਲਾਵਾ 31 ਸਾਲਾ ਪੁਰਸ਼ ਪਾਂਛਟਾ ਨਾਲ ਸਬੰਧਤ ਹੈ, ਜਿਸ ਦੀ ਕੁਝ ਦਿਨਾਂ ਤੋਂ ਸਿਹਤ ਖਰਾਬ ਹੋਣ ਕਾਰਨ ਜਦੋਂ ਕੋਰੋਨਾ ਦਾ ਟੈਸਟ ਕੀਤਾ ਗਿਆ ਤਾਂ ਉਹ ਪਾਜ਼ੇਟਿਵ ਨਿਕਲਿਆ। 7 ਨਵੇ ਮਾਮਲੇ ਸਾਹਮਣੇ ਆਉਣ 'ਚ ਜ਼ਿਲ੍ਹੇ 'ਚ ਕੁੱਲ ਸਰਗਰਮ ਮਰੀਜ਼ਾਂ ਦੀ ਗਿਣਤੀ 41 ਤੱਕ ਪਹੁੰਚ ਚੁੱਕੀ ਹੈ। 

ਸਿਵਲ ਸਰਜਨ ਕਪੂਰਥਲਾ ਡਾ. ਜਸਮੀਤ ਕੌਰ ਬਾਵਾ ਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਸੋਮਵਾਰ ਨੂੰ 476 ਟੈਸਟਾਂ ਦੀ ਰਿਪੋਰਟ ਆਈ, ਜਿਨ੍ਹਾਂ 'ਚ 469 ਦੀ ਰਿਪੋਰਟ ਨੈਗਟਿਵ ਪਾਈ ਗਈ, ਜਦਕਿ ਜ਼ਿਲ੍ਹੇ 'ਚ 7 ਨਵੇਂ ਪਾਜ਼ੇਟਿਵ ਮਰੀਜ਼ ਪਾਏ ਗਏ। ਉਨ੍ਹਾਂ ਦੱਸਿਆ ਕਿ ਜੋ 49 ਸਾਲਾ ਸਾਬਕਾ ਕੌਂਸਲਰ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ ਨੂੰ ਘਰ 'ਚ ਇਕਾਂਤਵਾਸ 'ਚ ਭੇਜ ਦਿੱਤਾ ਗਿਆ। ਹਾਲਾਂਕਿ ਇਹ ਪਹਿਲਾਂ ਹੀ ਬੀਤੇ ਦਿਨੀ ਦਫਤਰ ਸਕੱਤਰ ਦੇ ਪਾਜ਼ੇਟਿਵ ਪਾਏ ਜਾਣ ਦੇ ਬਾਅਦ ਇਹਤਿਹਾਤ ਦੇ ਤੌਰ 'ਤੇ ਘਰ 'ਚ ਹੀ ਇਕਾਂਤਵਾਸ 'ਤੇ ਸਨ। ਫਿਰ ਵੀ ਇਨ੍ਹਾਂ ਦੇ ਸੰਪਰਕ ਚ ਆਉਣ ਵਾਲਿਆਂ ਸਮੇਤ ਉਨ੍ਹਾਂ ਦੇ ਪਰਿਵਾਰਿਕ ਮੈਂਬਰਾ ਦੇ ਵੀ ਸੈਂਪਲ ਲਏ ਜਾ ਰਹੇ ਹਨ। ਸਿਵਲ ਸਰਜਨ ਡਾ. ਬਾਵਾ ਨੇ ਦੱਸਿਆ ਕਿ ਸੋਮਵਾਰ ਨੂੰ ਜ਼ਿਲ੍ਹੇ 'ਚ 236 ਲੋਕਾਂ ਦੀ ਸੈਂਪਲਿੰਗ ਕੀਤੀ ਗਈ, ਜਿਨ੍ਹਾਂ 'ਚ ਟਿੱਬਾ ਦੇ 11, ਭੁੱਲਥ ਦੇ 21, ਬੇਗੋਵਾਲ ਦੇ 20, ਫੱਤੂਢੀਂਗਾ ਦੇ 19, ਸੁਲਤਾਨਪੁਰ ਲੋਧੀ ਤੋਂ 20, ਕਾਲਾ ਸੰਘਿਆ ਤੋਂ 35, ਆਰ.ਸੀ.ਐਫ ਤੋਂ 20, ਜੇਲ੍ਹ 'ਚੋਂ 10, ਕਪੂਰਥਲਾ ਤੋਂ 80 ਲੋਕਾਂ ਦੀ ਸੈਂਪਲਿੰਗ ਹੋਈ ਹੈ। 
 


Deepak Kumar

Content Editor

Related News