ਕਪੂਰਥਲਾ ਜ਼ਿਲ੍ਹੇ ''ਚ ਕੋਰੋਨਾ ਨੇ ਲਈ 2 ਬਜ਼ੁਰਗਾਂ ਦੀ ਜਾਨ, ਮੌਤਾਂ ਦਾ ਅੰਕੜਾ ਹੋਇਆ 181

11/18/2020 1:19:25 AM

ਕਪੂਰਥਲਾ, (ਮਹਾਜਨ)-ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਮਰੀਜ਼ਾਂ ਦੀ ਹੋ ਰਹੀ ਮੌਤਾਂ 'ਚ ਅਰਬਨ ਅਸਟੇਟ ਕਪੂਰਥਲਾ 'ਚ ਰਹਿਣ ਵਾਲੇ ਬਜੁਰਗ ਵਿਅਕਤੀ ਲਗਾਤਾਰ ਬੀਮਾਰੀ ਦੀ ਲਪੇਟ 'ਚ ਆ ਰਹੇ ਹਨ। ਮੰਗਲਵਾਰ ਨੂੰ ਅਰਬਨ ਅਸਟੇਟ ਵਾਸੀ 2 ਹੋਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਮਰਨ ਵਾਲਿਆਂ 'ਚ 71 ਸਾਲਾ ਪੁਰਸ਼ ਵਾਸੀ ਅਰਬਨ ਅਸਟੇਟ ਕਪੂਰਥਲਾ ਤੇ 85 ਸਾਲਾ ਪੁਰਸ਼, ਜੋ ਕਿ ਬੀਤੇ ਦਿਨੀਂ ਪਾਜ਼ੇਟਿਵ ਪਾਏ ਗਏ ਸਨ ਤੇ ਬਾਅਦ 'ਚ ਵੱਖ-ਵੱਖ ਹਸਪਤਾਲਾਂ 'ਚ ਜੇਰੇ ਇਲਾਜ ਸਨ, ਸਿਹਤ 'ਚ ਸੁਧਾਰ ਨਾ ਹੋਣ ਦੇ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਜ਼ਿਲੇ 'ਚ 5 ਨਵੇਂ ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਕੀਤੀ ਗਈ। ਪਾਜ਼ੇਟਿਵ ਪਾਏ ਗਏ ਮਰੀਜ਼ਾਂ ਨੂੰ ਸਿਹਤ ਵਿਭਾਗ ਵੱਲੋਂ ਇਕਾਂਤਵਾਸ 'ਚ ਭੇਜ ਕੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲਿਆਂ ਦੀ ਸਕ੍ਰੀਨਿੰਗ ਕਰਨ 'ਚ ਜੁੱਟ ਗਈ ਹੈ। ਇਸ ਤੋਂ ਇਲਾਵਾ ਪਹਿਲਾਂ ਤੋਂ ਜੇਰੇ ਇਲਾਜ ਚੱਲ ਰਹੇ ਮਰੀਜ਼ਾਂ 'ਚੋਂ 24 ਲੋਕਾਂ ਦੇ ਪੂਰੀ ਤਰ੍ਹਾਂ ਠੀਕ ਹੋਣ 'ਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਹੈ।

ਸਿਵਲ ਸਰਜਨ ਡਾ. ਸੁਰਿੰਦਰ ਕੁਮਾਰ ਤੇ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਨੇ ਦੱਸਿਆ ਕਿ ਮੰਗਲਵਾਰ ਨੂੰ ਠੀਕ ਹੋਏ 24 ਮਰੀਜ਼ਾਂ ਤੋਂ ਬਾਅਦ ਐਕਟਿਵ ਮਰੀਜ਼ਾਂ ਦੀ ਗਿਣਤੀ ਸਿਰਫ 86 ਤੱਕ ਪਹੁੰਚ ਗਈ ਹੈ। ਜੇਕਰ ਜ਼ਿਲਾ ਵਾਸੀ ਸਿਹਤ ਵਿਭਾਗ ਵੱਲੋਂ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨਗੇ ਤਾਂ ਜਲਦ ਹੀ ਇਹ ਅੰਕੜਾ ਜ਼ੀਰੋ ਤੱਕ ਪਹੁੰਚ ਜਾਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲਾ ਵਾਸੀਆਂ ਨੂੰ ਕੋਰੋਨਾ ਤੋਂ ਬਚਾਉਣ ਦੇ ਲਈ ਸਿਹਤ ਵਿਭਾਗ ਦੀਆਂ ਟੀਮਾਂ ਰੋਜ਼ਾਨਾ ਸੈਂਪਲਿੰਗ 'ਚ ਜੁੱਟੀਆਂ ਹੋਈਆਂ ਹਨ। ਮੰਗਲਵਾਰ ਨੂੰ ਇਨ੍ਹਾਂ ਟੀਮਾਂ ਵੱਲੋਂ ਜ਼ਿਲੇ 'ਚ 1312 ਲੋਕਾਂ ਦੀ ਸੈਂਪਲਿੰਗ ਕੀਤੀ ਗਈ। ਜਿਨ੍ਹਾਂ 'ਚ ਕਪੂਰਥਲਾ ਤੋਂ 223, ਫਗਵਾੜਾ ਤੋਂ 247, ਭੁਲੱਥ ਤੋਂ 27, ਸੁਲਤਾਨਪੁਰ ਲੋਧੀ ਤੋਂ 134, ਬੇਗੋਵਾਲ ਤੋਂ 93, ਢਿਲਵਾਂ ਤੋਂ 125, ਕਾਲਾ ਸੰਘਿਆਂ ਤੋਂ 76, ਫੱਤੂਢੀਂਗਾ ਤੋਂ 82, ਪਾਂਛਟਾ ਤੋਂ 191 ਤੇ ਟਿੱਬਾ ਤੋਂ 114 ਲੋਕਾਂ ਦੀ ਸੈਂਪਲਿੰਗ ਕੀਤੀ ਗਈ।

Deepak Kumar

This news is Content Editor Deepak Kumar