ਕਪੂਰਥਲਾ : ਸੜਕ ''ਤੇ ਪਈ ਮਿਲੀ 6000 ਦੀ ਨਕਦੀ, ਲੋਕਾਂ ''ਚ ਦਹਿਸ਼ਤ

05/03/2020 2:01:17 AM

ਕਪੂਰਥਲਾ,(ਮਹਾਜਨ) : ਸ਼ਨੀਵਾਰ ਦੇਰ ਸ਼ਾਮ ਉਸ ਸਮੇਂ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦ ਸ਼ਹਿਰ ਦੇ ਪ੍ਰਸਿੱਧ ਤੇ ਭੀੜ ਭਾੜ ਵਾਲੇ ਬਾਜ਼ਾਰ 'ਚ ਸੜਕ 'ਤੇ ਲਾਵਾਰਿਸ ਹਾਲਾਤ 'ਚ ਹਜ਼ਾਰਾਂ ਰੁਪਏ ਦੀ ਨਕਦੀ ਪਈ ਮਿਲੀ। ਜਿਸ ਦੀ ਸੂਚਨਾ ਉਥੋਂ ਲੰਘਦੇ ਲੋਕਾਂ ਨੇ ਥਾਣਾ ਸਿਟੀ ਦੀ ਪੁਲਸ ਨੂੰ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਮਾਮਲੇ ਦੀ ਜਾਣਕਾਰੀ ਹਾਸਲ ਕਰ ਸੜਕ 'ਤੇ ਬਿਖਰੇ ਨੋਟਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਟੈਸਟਿੰਗ ਲਈ ਭੇਜ ਦਿੱਤਾ।
ਜ਼ਿਕਰਯੋਗ ਹੈ ਕਿ ਥਾਣਾ ਸਿਟੀ ਅਧੀਨ ਪੈਂਦੇ ਭਾਂਡਿਆਂ ਦੇ ਬਾਜ਼ਾਰ 'ਚ ਸਥਿਤ ਮਸ਼ੂਹਰ ਮੰਦਰ ਨੇੜੇ ਅਣਪਛਾਤਾ ਨੌਜਵਾਨ ਹਜ਼ਾਰਾਂ ਦੀ ਨਕਦੀ ਸੁੱਟ ਕੇ ਫਰਾਰ ਹੋ ਗਿਆ। ਮਾਮਲੇ ਦੀ ਜਾਂਚ ਕਰਨ ਪਹੁੰਚੇ ਡੀ.ਐਸ. ਪੀ. ਹਰਿੰਦਰ ਸਿੰਘ ਗਿੱਲ, ਏ. ਐਸ. ਆਈ. ਹਰਪ੍ਰਸਾਦ, ਥਾਣਾ ਸਿਟੀ ਦੇ ਐਸ. ਐਚ. ਓ. ਹਰਜਿੰਦਰ ਸਿੰਘ ਆਪਣੀ ਪੁਲਸ ਟੀਮ ਦੇ ਨਾਲ ਘਟਨਾ ਸਥਾਨ 'ਤੇ ਮੌਜੂਦ ਰਹੇ। ਡੀ. ਐਸ. ਪੀ. ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਕੁੱਲ 6000 ਦੀ ਨਕਦੀ ਬਰਾਮਦ ਕੀਤੀ ਗਈ ਹੈ। ਜਿਨ੍ਹਾਂ 'ਚ ਇਕ 2 ਹਜ਼ਾਰ ਦਾ ਅਤੇ ਬਾਕੀ 500 ਦੇ ਨੋਟ ਪਏ ਮਿਲੇ ਹਨ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਦੇਖਦੇ ਹੋਏ ਅਹਿਤਿਆਤ ਦੇ ਤੌਰ 'ਤੇ ਸਿਹਤ ਵਿਭਾਗ ਦੀ ਟੀਮ ਨੂੰ ਇਸ ਦੀ ਸੂਚਨਾ ਦੇਣ ਦੇ ਬਾਅਦ ਪਹੁੰਚੇ ਜ਼ਿਲਾ ਏਪੀਡੀਮੋਲੋਜਿਸਟ ਡਾਕਟਰ ਰਾਜੀਵ ਭਗਤ ਆਪਣੀ ਟੀਮ ਦੇ ਨਾਲ ਪਹੁੰਚੇ। ਜਿਨ੍ਹਾਂ ਦੀ ਮੌਜੂਦਗੀ 'ਚ ਡੀ. ਐਸ. ਪੀ. ਹਰਿੰਦਰ ਸਿੰਘ ਗਿੱਲ ਨੇ ਪੂਰੇ ਸੁਰੱਖਿਆ ਪ੍ਰਬੰਧਾਂ ਦੇ ਨਾਲ ਇਨ੍ਹਾਂ ਨੋਟਾਂ ਨੂੰ ਪਲਾਸਟਿਕ ਦੇ ਬੈਗ 'ਚ ਬੰਦ ਕਰਕੇ ਟੈਸਟਿੰਗ ਲਈ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਹੋ ਸਕਦਾ ਹੈ ਕਿ ਸ਼ਹਿਰ ਦਾ ਮਾਹੌਲ ਖਰਾਬ ਕਰਨ ਲਈ ਹੀ ਸ਼ਰਾਰਤੀ ਤੱਤ ਨੇ ਇਸ ਤਰ੍ਹਾਂ ਦੀ ਘਟੀਆ ਹਰਕਤ ਨੂੰ ਅੰਜਾਮ ਦਿੱਤਾ ਹੋਵੇ ਪਰ ਸ਼ਹਿਰਵਾਸੀਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਇਨ੍ਹਾਂ ਨੋਟਾਂ ਨੂੰ ਟੈਸਟਿੰਗ ਲਈ ਭੇਜ ਦਿੱਤਾ ਹੈ ਅਤੇ ਜੇਕਰ ਇਨ੍ਹਾਂ ਨੋਟਾਂ ਤੋਂ ਕੋਰੋਨਾ ਵਾਇਰਸ ਦੀ ਪੁਸ਼ਟੀ ਹੁੰਦੀ ਹੈ ਤਾਂ ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।


Deepak Kumar

Content Editor

Related News