ਕਪੂਰਥਲਾ ''ਚ ਕੋਰੋਨਾ ਦਾ ਫਿਰ ਕਹਿਰ, 5 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ

05/15/2020 10:39:44 PM

ਫਗਵਾੜਾ,(ਜਲੋਟਾ) : ਜ਼ਿਲ੍ਹਾ ਕਪੂਰਥਲਾ ਇਕ ਵਾਰ ਫੇਰ ਉਦੋਂ ਕੋਰੋਨਾ ਵਾਇਰਸ ਨੇ ਕਹਿਰ ਪਾ ਦਿੱਤਾ, ਜਦੋਂ 5 ਨਵੇਂ ਮਾਮਲੇ ਸਾਹਮਣੇ ਆ ਗਏ। ਜਗਬਾਣੀ ਦੇ ਨਾਲ ਗੱਲਬਾਤ ਕਰਦੇ ਹੋਏ ਜ਼ਿਲ੍ਹਾ ਕਪੂਰਥਲਾ ਦੀ ਸੀ. ਐੱਮ. ਓ. ਡਾ. ਜਸਮੀਤ ਕੌਰ ਬਾਵਾ ਨੇ  ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 5 ਨਵੇਂ ਕੇਸਾਂ 'ਚ ਕਪੂਰਥਲਾ ਦੇ 4 ਲੋਕ ਅਤੇ ਫਗਵਾੜਾ ਦਾ 1 ਨੌਜਵਾਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਕਪੂਰਥਲਾ ਦੇ ਜਿਨ੍ਹਾਂ 4 ਲੋਕਾਂ ਦੀ ਕੋਰੋਨਾ ਪਾਜ਼ੇਟਿਵ ਰਿਪੋਰਟ ਆਈ ਹੈ, ਉਹ ਦੁਬਈ ਤੋਂ 13 ਮਈ ਨੂੰ ਵਾਪਸ ਪੰਜਾਬ ਪਰਤੇ ਹਨ । ਉਨ੍ਹਾਂ ਕਿਹਾ ਕਿ ਸਿਹਤ ਮਹਿਕਮੇ ਦੀਆਂ ਟੀਮਾਂ ਵੱਲੋਂ ਦੁਬਈ ਤੋਂ ਆਏ ਇਨ੍ਹਾਂ 4 ਲੋਕਾਂ ਨੂੰ ਕਪੂਰਥਲਾ 'ਚ ਪਹਿਲਾਂ ਹੀ ਅਹਿਤਿਹਾਤ ਵਰਤਦੇ ਹੋਏ ਕੁਆਰੰਟਾਈਨ ਕੀਤਾ ਗਿਆ ਸੀ। ਡਾਕਟਰ ਜਸਮੀਤ ਕੌਰ ਬਾਵਾ ਨੇ ਦੱਸਿਆ ਕਿ ਇਸੇ ਤਰ੍ਹਾਂ ਫਗਵਾੜਾ 'ਚ ਇਕ ਕੋਰੋਨਾ ਪਾਜ਼ੇਟਿਵ ਕੇਸ ਜੋ ਕਿ ਇਕ ਨੌਜਵਾਨ ਦਾ ਹੈ, ਸਾਹਮਣੇ ਆਇਆ ਹੈ।

ਡਾ. ਬਾਵਾ ਨੇ ਦੱਸਿਆ ਕਿ ਫਗਵਾੜਾ 'ਚ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਇਹ ਨੌਜਵਾਨ ਆਪਣੇ ਬਿਮਾਰ ਚੱਲ ਰਹੇ ਨਾਨੇ ਦਾ ਹਾਲ ਚਾਲ ਜਾਨਣ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਗਿਆ ਸੀ । ਇਸ ਦੌਰਾਨ ਉੱਥੇ ਇਕ ਔਰਤ ਜੋ ਉਸੇ ਹਸਪਤਾਲ 'ਚ ਆਪਣਾ ਇਲਾਜ ਕਰਵਾ ਰਹੀ ਸੀ, ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਉਨ੍ਹਾਂ ਕਿਹਾ ਕਿ ਸਬੰਧਤ ਔਰਤ ਦੀ ਸਿਹਤ ਵਿਗੜਨ 'ਤੇ ਉਸ ਨੂੰ ਨਿੱਜੀ ਹਸਪਤਾਲ ਜਲੰਧਰ ਤੋਂ ਡੀ. ਐੱਮ. ਸੀ. ਲੁਧਿਆਣਾ ਸ਼ਿਫਟ ਕਰ ਦਿੱਤਾ ਗਿਆ ਸੀ । ਉਨ੍ਹਾਂ ਕਿਹਾ ਕਿ ਐਸੀ ਸੰਭਾਵਨਾ ਹੈ ਕਿ ਸੰਬੰਧਿਤ ਯੁਵਕ ਜੋ ਫਗਵਾੜੇ ਦਾ ਹੈ ਉਹ ਹਸਪਤਾਲ 'ਚ ਇਲਾਜ ਅਧੀਨ ਚੱਲ ਰਹੀ ਬੀਮਾਰ ਮਹਿਲਾ ਦੇ ਸੰਪਰਕ ਵਿੱਚ ਆ ਗਿਆ ਹੋਵੇ, ਜਿਸ ਦੇ ਚੱਲਦਿਆਂ ਉਸਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਸਾਫ ਕੀਤਾ ਕਿ ਫਗਵਾੜਾ ਦੇ ਨੌਜਵਾਨ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਡਾ. ਬਾਵਾ ਨੇ ਕਿਹਾ ਕਿ ਫਗਵਾੜਾ ਨਾਲ ਸਬੰਧਿਤ ਨੌਜਵਾਨ ਨੂੰ ਸਿਵਲ ਹਸਪਤਾਲ ਫਗਵਾੜਾ ਦੇ ਆਈਸੋਲੇਸ਼ਨ ਸੈਂਟਰ 'ਚ ਰੱਖਿਆ ਗਿਆ ਸੀ ਅਤੇ ਹੁਣ ਉਸ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੂੰ ਸਿਹਤ ਮਹਿਕਮੇ ਦੀ ਟੀਮ ਵੱਲੋਂ ਸਥਾਨਕ ਇਕ ਨਿੱਜੀ ਯੂਨੀਵਰਸਿਟੀ 'ਚ ਬਣਾਏ ਗਏ ਕੁਆਰਨਟਾਈਨ ਸੈਂਟਰ 'ਚ ਭੇਜਿਆ ਜਾ ਰਿਹਾ ਹੈ । ਇਸ ਦੌਰਾਨ ਪਤਾ ਲੱਗਿਆ ਹੈ ਕਿ ਫਗਵਾੜੇ ਦਾ ਸਬੰਧਤ ਨੌਜਵਾਨ ਸਥਾਨਕ ਗੁਰੂ ਨਾਨਕ ਪੁਰੇ ਇਲਾਕੇ ਦਾ ਰਹਿਣ ਵਾਲਾ ਹੈ ।


Deepak Kumar

Content Editor

Related News