ਸਾਲੇ ਨੇ ਸਾਥੀਆਂ ਸਮੇਤ ਜੀਜੇ ਦੇ ਪਿਤਾ ’ਤੇ ਕੀਤੀ ਫਾਇਰਿੰਗ, ਹਾਲਤ ਗੰਭੀਰ

10/18/2018 4:12:39 AM

ਭੁਲੱਥ,    (ਰਜਿੰਦਰ, ਭੁਪੇਸ਼)-  ਕਸਬਾ ਭੁਲੱਥ ਦੇ ਖੱਸਣ ਰੋਡ ਦੇ ਨਿਵਾਸੀ ਵਿਜੇ ਕੁਮਾਰ  ਕੱਕੜ ਨੇ ਵੀਰਵਾਰ ਨੂੰ ਆਪਣੇ ਛੋਟੇ ਪੁੱਤਰ ਦੀਪਕ ਨੂੰ ਵਿਆਹੁਣ ਜਾਣਾ ਸੀ ਪਰ ਬੁੱਧਵਾਰ  ਸ਼ਾਮ ਨੂੰ ਘਰ ਵਿਚ ਹਥਿਆਰਾਂ ਨਾਲ ਲੈੱਸ ਹੋ ਕੇ ਆਏ ਵਿਜੇ ਕੁਮਾਰ ਦੇ ਵੱਡੇ ਲੜਕੇ ਗਗਨ ਦੇ ਸਾਲੇ  ਨੇ ਵਿਜੇ ਕੁਮਾਰ ਦੇ ਗੋਲੀ ਮਾਰ ਦਿੱਤੀ। ਇਸ ਦੌਰਾਨ ਵਿਜੇ ਦੀ ਪਤਨੀ ਤੇ ਸਾਲੇ ਦੀ  ਕੁੱਟ-ਮਾਰ ਕਰਨ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਦੂਜੇ ਪਾਸੇ ਘਟਨਾ ਦਾ ਪਤਾ ਲੱਗਣ ’ਤੇ  ਡੀ. ਐੱਸ. ਪੀ. ਭੁਲੱਥ ਦਵਿੰਦਰ ਸਿੰਘ ਸੰਧੂ, ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ,  ਏ. ਐੱਸ. ਆਈ. ਜਸਬੀਰ ਸਿੰਘ ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਘਟਨਾ ਸਥਾਨ ’ਤੇ ਪੁੱਜੀ,  ਜਿਥੋਂ ਪੁਲਸ ਨੇ ਗੋਲੀਆਂ ਦੇ 2 ਖੋਲ ਬਰਾਮਦ ਕੀਤੇ ਹਨ। 
ਜਾਣਕਾਰੀ ਅਨੁਸਾਰ ਵਿਜੇ ਕੁਮਾਰ ਕੱਕੜ ਪੁੱਤਰ  ਜਸਵੰਤ ਲਾਲ ਵਾਸੀ ਵਾਰਡ ਨੰਬਰ 9, ਖੱਸਣ ਰੋਡ ਭੁਲੱਥ ਨੇ ਦੱਸਿਆ ਕਿ ਮੇਰੇ ਦੋ ਲੜਕੇ ਹਨ,  ਜਿਨ੍ਹਾਂ ਵਿਚੋਂ ਵੱਡੇ ਲੜਕੇ ਗਗਨ ਦਾ ਵਿਆਹ ਕਰੀਬ 2 ਸਾਲ ਪਹਿਲਾਂ ਸੁੰਮਨ ਪੁੱਤਰੀ  ਕ੍ਰਿਸ਼ਨ ਲਾਲ ਵਾਸੀ ਹਰੀਕੇ ਖਾਸ, ਥਾਣਾ ਹਰੀਕੇ ਨਾਲ ਹੋਇਆ ਸੀ। ਇਨ੍ਹਾਂ ਦੇ ਕੋਈ ਬੱਚਾ  ਨਹੀਂ ਹੈ। ਮੇਰਾ ਲੜਕਾ ਗਗਨ ਵਿਆਹ ਤੋਂ ਬਾਅਦ ਫਰਾਂਸ ਚਲਾ ਗਿਆ ਸੀ ਅਤੇ  ਵਿਚ-ਵਿਚਾਲੇ ਆਉਂਦਾ-ਜਾਂਦਾ ਰਹਿੰਦਾ ਹੈ। ਮੇਰੇ ਲੜਕੇ ਗਗਨ ਦੀ ਆਪਣੇ ਸਹੁਰੇ ਪਰਿਵਾਰ ਨਾਲ  ਅਣ-ਬਣ  ਕਰ ਕੇ ਦਰਖਾਸਤਬਾਜ਼ੀ ਚੱਲ ਰਹੀ ਹੈ। ਹੁਣ ਮੇਰਾ ਲੜਕਾ ਗਗਨ  ਵਿਦੇਸ਼ ਵਿਚ ਹੈ, ਜਦਕਿ ਮੇਰੇ ਛੋਟੇ ਲੜਕੇ ਦੀਪਕ ਕੁਮਾਰ ਦਾ ਵਿਆਹ 18 ਅਕਤੂਬਰ ਨੂੰ  ਹੈ। ਜਿਸ ਕਰ ਕੇ ਕਾਫੀ ਰਿਸ਼ਤੇਦਾਰ ਘਰ ਵਿਚ ਇਕੱਠੇ ਹੋਏ ਸਨ, ਜਿਨ੍ਹਾਂ ਵਿਚੋਂ ਮੇਰਾ ਸਾਲਾ  ਸਰਵਨ ਕੁਮਾਰ ਪੁੱਤਰ ਜੋਗਿੰਦਰ ਪਾਲ ਵਾਸੀ ਲੁਧਿਆਣਾ ਅਤੇ ਮੇਰੀ ਪਤਨੀ ਰੀਨਾ ਕੱਕੜ ਤੇ  ਹੋਰ ਰਿਸ਼ਤੇਦਾਰ ਘਰ ਵਿਚ ਮੌਜੂਦ ਸਨ।
 ਇਸੇ ਦੌਰਾਨ ਦਿਨ ਦੇ ਕਰੀਬ ਸਾਢੇ ਤਿੰਨ ਵਜੇ ਘਰ  ਬਾਹਰ ਇਕ ਕਾਰ ਆ ਕੇ ਰੁਕੀ, ਜਿਸ ਵਿਚੋਂ ਉੱਤਰੇ ਪੰਜ ਨੌਜਵਾਨ,  ਜਿਨ੍ਹਾਂ ਵਿਚੋਂ ਦੋ ਲੜਕੇ ਮੋਹਿਤ ਅਤੇ ਅਮਿਤ, ਜੋ ਦੋਨੋਂ ਮੇਰੇ ਵੱਡੇ ਲੜਕੇ ਗਗਨ  ਦੇ ਸਾਲੇ ਹਨ, ਜਿਨ੍ਹਾਂ ਦੇ ਹੱਥਾਂ ਵਿਚ ਪਿਸਟਲਾਂ ਸਨ ਅਤੇ ਤਿੰਨ ਨਾਮਾਲੂਮ ਲੜਕਿਆਂ ਕੋਲ  ਗੰਢਾਸੀ ਤੇ ਬੇਸਬੈਟ ਸਨ। ਇਹ ਜ਼ਬਰਦਸਤੀ ਸਾਡੇ ਘਰ  ਅੰਦਰ ਦਾਖਲ ਹੋ ਕੇ ਗਾਲ੍ਹਾਂ ਕੱਢਣ ਲੱਗ ਪਏ ਤੇ ਸਾਡੇ ਨਾਲ ਕੁੱਟ-ਮਾਰ ਕਰਨ ਲੱਗੇ।  ਅਸੀਂ  ਇਨ੍ਹਾਂ ਨੂੰ ਧੱਕੇ ਨਾਲ ਬਾਹਰ ਕੱਢਣ ਲੱਗੇ ਤਾਂ ਮੋਹਿਤ ਨੇ  ਮੇਰੇ ’ਤੇ ਫਾਇਰ ਕੀਤਾ ਤੇ ਗੋਲੀ ਮੇਰੇ ਪੱਟ ਵਿਚ ਲੱਗੀ, ਜਦਕਿ  ਅਮਿਤ   ਵੀ ਆਪਣੇ ਪਿਸਟਲ ਨਾਲ ਫਾਇਰ ਕਰਨ ਲੱਗ ਪਿਆ। ਇਸੇ ਦੌਰਾਨ ਮੇਰੇ ਸਾਲੇ ਸਰਵਣ  ਕੁਮਾਰ ’ਤੇ ਵੀ ਗੰਡਾਸੀ ਦਾ ਵਾਰ ਕੀਤਾ ਤੇ ਮੇਰੀ ਪਤਨੀ ਦੀ ਬੇਸਬੈਟ ਨਾਲ ਕੁੱਟ-ਮਾਰ ਕੀਤੀ  ਅਤੇ ਦੀਪੂ ਦਾ ਨਾਂ ਲੈ ਕੇ ਗਾਲੀ ਗਲੋਚ ਕਰਦੇ ਹੋਏ  ਚਲੇ ਗਏ। ਦੂਜੇ  ਪਾਸੇ ਜ਼ਖਮੀ ਵਿਜੇ ਕੁਮਾਰ ਨੂੰ ਭੁਲੱਥ ਦੇ ਸਬ-ਡਵੀਜ਼ਨ  ਹਸਪਤਾਲ ਤੋਂ ਜਲੰਧਰ ਲਈ ਰੈਫਰ ਕਰ ਦਿੱਤਾ ਗਿਆ। 
ਇਸ ਸਬੰਧੀ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨਾਲ  ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸਬੰਧੀ ਆਰਮਜ਼ ਐਕਟ ਤੇ ਹੋਰ  ਵੱਖ-ਵੱਖ ਧਾਰਾਵਾਂ ਤਹਿਤ 5 ਵਿਅਕਤੀਆਂ ਖਿਲਾਫ ਕੇਸ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀਆਂ  ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।