ਆਪ ਦੇ ਸੰਸਥਾਪਕਾਂ ਨੇ ਹੀ ਰਚੀ 'ਆਪ' ਨੂੰ ਖਤਮ ਕਰਨ ਦੀ ਸਾਜਿਸ਼ : ਜੱਸੀ ਜਸਰਾਜ

08/04/2018 11:48:07 PM

ਜਲੰਧਰ (ਬਿਊਰੋ)- ਆਮ ਆਦਮੀ ਪਾਰਟੀ ਦੇ ਸੰਸਥਾਪਕਾਂ ਨੇ ਹੀ ਪਾਰਟੀ ਨੂੰ ਖਤਮ ਕਰਨ ਦੀ ਸਾਜ਼ਿਸ਼ ਕੀਤੀ ਹੈ। ਇਹ ਕਹਿਣਾ ਹੈ ਆਮ ਆਦਮੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਵਰਕਰ ਜੱਸੀ ਜਸਰਾਜ ਦਾ। ਗਾਇਕ ਤੋਂ ਸਿਆਸਤ ਵਿਚ ਆਏ ਜੱਸੀ ਜਸਰਾਜ ਜਗ ਬਾਣੀ ਦਫਤਰ ਪੁੱਜੇ, ਜਿੱਥੇ ਉਨ੍ਹਾਂ ਨੇ ਪਾਰਟੀ ਬਾਰੇ ਆਪਣੀਆਂ ਗੱਲਾਂ ਸਾਂਝੀਆਂ ਕੀਤੀਆਂ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ ਲਏ ਬਿਨਾਂ ਕਿਹਾ ਕਿ ਅਸੀਂ ਕਿੰਨੀ ਦੇਰ ਦਿੱਲੀ ਵੱਲ ਵੇਖਦੇ ਰਹਾਂਗੇ, ਕਦੋਂ ਤੱਕ ਉਨ੍ਹਾਂ ਦਾ ਕਹਿਣਾ ਮੰਨਦੇ ਰਹਾਂਗੇ, ਅਸੀਂ ਲੋਕਾਂ ਵਿਚ ਵਿਚਰਦੇ ਹਾਂ। ਲੋਕਾਂ ਲਈ ਜਬਾਬ ਦੇਹ ਅਸੀਂ ਹਾਂ। ਬਿਕਰਮ ਮਜੀਠੀਆ ਤੋਂ ਮੁਆਫੀ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਜਰੀਵਾਲ ਦਾ ਜਿਹੋ ਜਿਹਾ ਸੁਭਾਅ ਹੈ ਉਹ ਕਿਸੇ ਅੱਗੇ ਝੁੱਕ ਨਹੀਂ ਸਕਦੇ।
ਜੱਸੀ ਜਸਰਾਜ ਨੇ ਸੁਖਪਾਲ ਖਹਿਰਾ ਨੂੰ ਵਿਰੋਧੀ ਧਿਰ ਦੇ ਅਹੁਦੇ ਤੋਂ ਹਟਾਉਣ ਤੋਂ ਬਾਅਦ ਬਠਿੰਡਾ ਕਨਵੈਨਸ਼ਨ ਕਰਨ ਦੇ ਮਾਮਲੇ 'ਚ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਹਿੱਤ 'ਚ ਖੜੇ ਹਨ ਅਤੇ ਹਮੇਸ਼ਾ ਪੰਜਾਬ ਦੇ ਹਿੱਤਾਂ ਲਈ ਪ੍ਰਚਾਰ ਕਰਦੇ ਰਹਿਣਗੇ। ਖਹਿਰਾ ਤੇ ਬੈਂਸ ਭਰਾਵਾਂ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਕੇਜਰੀਵਾਲ 2013 'ਚ ਸਰਕਾਰ ਬਣਾਉਣ ਲੱਗੇ ਕਾਂਗਰਸ ਨਾਲ ਸਮਝੌਤਾ ਕਰ ਸਕਦੇ ਹਨ ਤਾਂ ਸੁਖਪਾਲ ਖਹਿਰਾ ਤੇ ਬੈਂਸ ਭਰਾ ਵੀ ਆਪਸ 'ਚ ਕਿਉਂ ਨਹੀਂ ਮਿਲ ਸਕਦੇ। ਉਨ੍ਹਾਂ ਕਿਹਾ ਕਿ ਜੇ ਬੈਂਸ ਭਰਾ ਤੇ ਖਹਿਰਾ ਮਿਲ ਕੇ ਪੰਜਾਬ ਦੇ ਹਿੱਤਾਂ ਦੀ ਗੱਲ ਕਰਦੇ ਹਨ ਤਾਂ ਇਨ੍ਹਾਂ ਦਾ ਆਪਸ 'ਚ ਜੁੜਨਾ ਪੰਜਾਬ ਹਿੱਤ 'ਚ ਹੈ।