ਸਰਕਾਰੀ ਕਾਮਿਆਂ ਦੀ ਹੜਤਾਲ ਜਾਰੀ, ਮਹਿਕਮਿਆਂ ਦਾ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਿਤ

08/11/2020 2:42:33 PM

ਜਲੰਧਰ,  (ਚੋਪੜਾ)–ਸਰਕਾਰੀ ਕਾਮਿਆਂ ਦੀ ਜੁਆਇੰਟ ਐਕਸ਼ਨ ਕਮੇਟੀ ਵਲੋਂ ਜਾਰੀ ਹੜਤਾਲ ਦਾ ਅਸਰ ਸਰਕਾਰੀ ਵਿਭਾਗਾਂ ਦੇ ਕੰਮਕਾਜ ’ਤੇ ਦਿਸਣ ਲੱਗਾ ਹੈ। ਪ੍ਰਸ਼ਾਸਕੀ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਦਫਤਰ ਤੋਂ ਲੈ ਕੇ ਸਬ-ਰਜਿਸਟਰਾਰ, ਤਹਿਸੀਲਦਾਰ, ਆਰ. ਟੀ. ਏ. ਵਿਭਾਗ ਦਾ ਕੰਮਕਾਜ ਹੜਤਾਲ ਕਾਰਣ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਲੱਗਾ ਹੈ। ਅੱਜ ਕਰਮਚਾਰੀਆਂ ਦੀ ਹੜਤਾਲ ਨੂੰ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਆਟੋਮੇਟਿਡ ਡਰਾਈਵਿੰਗ ਟੈਸਟ ਸੈਂਟਰ ਵਿਚ ਤਾਇਨਾਤ ਪ੍ਰਾਈਵੇਟ ਕਰਮਚਾਰੀਆਂ ਸਮੇਤ ਆਰ. ਟੀ. ਏ. ਵਿਚ ਪ੍ਰਾਈਵੇਟ ਕੰਪਨੀ ਦੇ ਕਰਮਚਾਰੀਆਂ ਨੇ ਵੀ ਆਪਣੇ ਕੰਮਕਾਜ ਨੂੰ ਬੰਦ ਕਰਨ ਦਾ ਫੈਸਲਾ ਲਿਆ, ਜਿਸ ਕਾਰਣ ਜਿਥੇ ਸੈਂਟਰ ਬੰਦ ਰਹਿਣ ’ਤੇ ਦੂਰ-ਦੁਰਾਡਿਓਂ ਲਾਇਸੈਂਸ ਬਣਵਾਉਣ ਆਏ ਲੋਕਾਂ ਨੂੰ ਭਾਰੀ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਐਪੁਆਇੰਟਮੈਂਟ ਹੋਣ ਦੇ ਬਾਵਜੂਦ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਆਰ. ਟੀ. ਏ. ਵਿਚ ਜਾ ਕੇ ਉਥੇ ਪ੍ਰਾਈਵੇਟ ਕਰਮਚਾਰੀਆਂ ਦੇ ਕੰਮ ਨੂੰ ਬੰਦ ਕਰਵਾ ਦਿੱਤਾ, ਜਿਸ ਕਾਰਣ ਚਲਾਨ ਖਿੜਕੀਆਂ ’ਤੇ ਵੀ ਚਲਾਨ ਭੁਗਤਣ ਦਾ ਕੰਮ ਬੰਦ ਹੋ ਗਿਆ। ਜ਼ਿਕਰਯੋਗ ਹੈ ਕਿ ਆਰ.ਟੀ. ਏ. ਨਾਲ ਸਬੰਧਤ ਸਾਰੇ ਕਰਮਚਾਰੀਆਂ ਨੇ ਹੜਤਾਲ ਦੇ ਪਹਿਲੇ ਦਿਨ ਤੋਂ ਹੀ ਕੰਮ ਬੰਦ ਕਰ ਰੱਖਿਆ ਹੈ।

ਚਲਾਨ 15 ਅਗਸਤ ਤੋਂ ਬਾਅਦ ਭੁਗਤੇ ਜਾਣਗੇ, ਲਾਇਆ ਨੋਟਿਸ

ਆਰ. ਟੀ. ਏ. ਵਿਚ ਹੁਣ ਟਰੈਫਿਕ ਚਲਾਨ ਭੁਗਤਣ ਦਾ ਕੰਮ 15 ਅਗਸਤ ਤੋਂ ਬਾਅਦ ਸ਼ੁਰੂ ਕੀਤਾ ਜਾਵੇਗਾ, ਜਿਸ ਬਾਰੇ ਦਫਤਰ ਿਵਖੇ ਨੋਟਿਸ ਲਾ ਦਿੱਤਾ ਗਿਆ ਹੈ ਪਰ ਇਸ ਦੇ ਬਾਵਜੂਦ ਚਲਾਨ ਭੁਗਤਣ ਦਾ ਕੰਮ 17 ਅਗਸਤ ਨੂੰ ਹੀ ਸ਼ੁਰੂ ਹੋਣ ਦੀ ਸੰਭਾਵਨਾ ਹੈ ਕਿਉਂਕਿ ਕਰਮਚਾਰੀਆਂ ਦੀ ਹੜਤਾਲ 14 ਅਗਸਤ ਤੱਕ ਜਾਰੀ ਰਹੇਗੀ ਅਤੇ 15 ਅਗਸਤ ਨੂੰ ਆਜ਼ਾਦੀ ਦਿਹਾੜਾ ਹੋਣ ਕਾਰਣ ਛੁੱਟੀ ਹੋਵੇਗੀ । 16 ਅਗਸਤ ਨੂੰ ਐਤਵਾਰ ਹੈ।


ਹੜਤਾਲ ਪੂਰੀ ਤਰ੍ਹਾਂ ਸਫਲ, ਸਰਕਾਰੀ ਦਫਤਰਾਂ ’ਚ ਕੰਮ ਮੁਕੰਮਲ ਠੱਪ : ਸੁਖਜੀਤ ਸਿੰਘ

ਪੰਜਾਬ ਸਰਕਾਰ ਤੋਂ ਆਪਣੀਆਂ ਮੰਗਾਂ ਮਨਵਾਉਣ ਲਈ ਜੁਆਇੰਟ ਐਕਸ਼ਨ ਕਮੇਟੀ ਵਲੋਂ ਜ਼ਿਲੇ ਦੇ ਸਾਰੇ ਸਰਕਾਰੀ ਵਿਭਾਗਾਂ ਵਿਚ ਕੀਤੀ ਗਈ ਕਲਮਛੋੜ ਹੜਤਾਲ ਨੂੰ ਪੂਰੀ ਤਰ੍ਹਾਂ ਸਫਲ ਕਰਾਰ ਦਿੰਦਿਆਂ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਹੜਤਾਲ ਕਾਰਣ ਸਾਰੇ ਕਰਮਚਾਰੀਆਂ ਵਲੋਂ ਸਰਕਾਰੀ ਕੰਮਕਾਜ ਬਿਲਕੁਲ ਠੱਪ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀ ਪਹਿਲਾਂ ਵਾਂਗ ਆਪਣਾ ਕੰਮ ਕਰਨ ਲਈ ਤਿਆਰ ਹਨ ਤਾਂ ਕਿ ਆਮ ਜਨਤਾ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ ਪਰ ਸਰਕਾਰ ਦਾ ਵਤੀਰਾ ਆਪਣੇ ਕਰਮਚਾਰੀਆਂ ਪ੍ਰਤੀ ਬਹੁਤ ਬੁਰਾ ਹੈ, ਜਿਸ ਕਾਰਣ ਉਨ੍ਹਾਂ ਕੋਲ ਹੜਤਾਲ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ।
 


Lalita Mam

Content Editor

Related News