ਨਿਗਮ ਦੇ ਕੌਂਸਲਰ ਖੁਦ ਮੇਨਟੇਨ ਕਰਨ ਲੱਗੇ ਸਟ੍ਰੀਟ ਲਾਈਟਾਂ

02/10/2020 1:04:03 PM

ਜਲੰਧਰ (ਖੁਰਾਣਾ)— ਨਗਰ ਨਿਗਮ ਹਰ ਸਾਲ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਅਤੇ ਉਨ੍ਹਾਂ ਨੂੰ ਮੇਨਟੇਨ ਰੱਖਣ ਲਈ ਪ੍ਰਾਈਵੇਟ ਠੇਕੇਦਾਰਾਂ ਨੂੰ ਹਰ ਸਾਲ 4 ਕਰੋੜ ਦਾ ਭੁਗਤਾਨ ਕਰਦਾ ਹੈ ਪਰ ਕੁਝ ਠੇਕੇਦਾਰਾਂ ਦੀ ਮਨੋਪਲੀ ਕਾਰਣ ਅਕਸਰ ਸ਼ਹਿਰ ਦੀਆਂ ਜ਼ਿਆਦਾਤਰ ਸਟ੍ਰੀਟ ਲਾਈਟਾਂ ਬੰਦ ਹੀ ਰਹਿੰਦੀਆਂ ਹਨ। ਹੁਣ 31 ਜਨਵਰੀ ਨੂੰ ਸਟ੍ਰੀਟ ਲਾਈਟ ਮੇਨਟੀਨੈਂਸ ਦਾ ਠੇਕਾ ਖਤਮ ਹੋ ਚੁੱਕਿਆ ਹੈ, ਜਿਸ ਤੋਂ ਬਾਅਦ ਠੇਕੇਦਾਰਾਂ ਨੇ ਸਟ੍ਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਕੰਮ ਨਾ ਸਿਰਫ ਬੰਦ ਕੀਤਾ ਹੋਇਆ ਹੈ ਸਗੋਂ ਕੁਝ ਠੇਕੇਦਾਰਾਂ ਨੇ ਤਾਂ ਸਟ੍ਰੀਟ ਲਾਈਟਾਂ ਦੀਆਂ ਤਾਰਾਂ ਨੂੰ ਵੀ ਕੱਟ ਦਿੱਤਾ ਹੈ ਤਾਂ ਕਿ ਨਿਗਮ ਦੇ ਪੈਟਰੋਲਰ ਅਤੇ ਆਮ ਲੋਕ ਇਨ੍ਹਾਂ ਲਾਈਟਾਂ ਨੂੰ ਆਪਣੇ ਆਪ ਜਗਾ-ਬੁਝਾ ਨਾ ਸਕਣ।

ਸਟ੍ਰੀਟ ਲਾਈਟਾਂ ਠੇਕੇਦਾਰਾਂ ਦੇ ਟੈਂਡਰ ਦੀ ਮਿਆਦ ਖਤਮ ਹੋਣ ਅਤੇ ਨਿਗਮ ਵੱਲੋਂ ਕੋਈ ਬਦਲਵਾਂ ਇੰਤਜ਼ਾਮ ਨਾ ਕੀਤੇ ਜਾਣ ਕਰ ਕੇ ਹੁਣ ਨਿਗਮ ਦੇ ਕੌਂਸਲਰਾਂ ਨੇ ਇਹ ਕੰਮ ਆਪਣੇ ਹੱਥ 'ਚ ਲਿਆ ਹੈ। ਇਸ ਦੀ ਸ਼ੁਰੂਆਤ ਅਕਾਲੀ ਕੌਂਸਲਰ ਬਲਜਿੰਦਰ ਕੌਰ ਦੇ ਪਤੀ ਕੁਲਦੀਪ ਸਿੰਘ ਲੁਬਾਣਾ ਨੇ ਕੀਤੀ ਹੈ, ਜਿਨ੍ਹਾਂ ਨੇ ਬੀਤੇ ਦਿਨ ਆਪਣੇ ਵਾਰਡ 'ਚ ਪੈਂਦੇ ਕੁਝ ਮੁਹੱਲਿਆਂ ਦੀਆਂ ਖਰਾਬ ਪਈਆਂ ਲਾਈਟਾਂ ਨੂੰ ਨਾ ਸਿਰਫ ਠੀਕ ਕਰਵਾਇਆ ਸਗੋਂ ਸਟ੍ਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦੀ ਜ਼ਿੰਮੇਵਾਰੀ ਵੀ ਕੁਝ ਲੋਕਾਂ ਨੂੰ ਸੌਂਪੀ।

ਕੌਂਸਲਰ ਪਤੀ ਲੁਬਾਣਾ ਨੇ ਵਾਰਡ ਨੰਬਰ 5 'ਚ ਪੈਂਦੀ ਗੁਲਮਰਗ ਕਾਲੋਨੀ 'ਚ ਤਾਂਬੇ ਵਾਲੀ ਫੈਕਟਰੀ ਨੇੜੇ ਅਤੇ ਬਚਿੰਤ ਨਗਰ 'ਚ ਪਾਰਕ ਦੇ ਆਸ-ਪਾਸ ਬੰਦ ਪਈਆਂ ਸਟ੍ਰੀਟ ਲਾਈਟਾਂ ਨੂੰ ਰਿਪੇਅਰ ਕਰਵਾਇਆ ਅਤੇ ਨਵਾਂ ਸਾਮਾਨ ਪਵਾਉਣ ਤੋਂ ਬਾਅਦ ਪੂਰੇ ਇਲਾਕੇ ਨੂੰ ਰੁਸ਼ਨਾ ਦਿੱਤਾ। ਉਨ੍ਹਾਂ ਦੀ ਇਸ ਕੋਸ਼ਿਸ਼ ਦੀ ਵਾਰਡ 'ਚ ਹਰ ਕੋਈ ਸਿਫਤ ਕਰ ਰਿਹਾ ਹੈ।


shivani attri

Content Editor

Related News