ਸਮਾਰਟ ਸਿਟੀ ਦੇ ਜ਼ਿਲਾ ਪ੍ਰਸ਼ਾਸਨਿਕ ਦਫਤਰ ‘ਚ ਫੈਲਿਆ ਗੰਦਗੀ ਦਾ ਸਾਮਰਾਜ

11/19/2019 12:06:25 PM

ਜਲੰਧਰ (ਚੋਪੜਾ)— ਸਮਾਰਟ ਸਿਟੀ ਦੇ ਪ੍ਰਸ਼ਾਸਨਿਕ ਦਫਤਰ ‘ਚ ਗੰਦਗੀ ਦਾ ਸਾਮਰਾਜ ਬਣਿਆ ਹੋਇਆ ਹੈ। ਇਥੇ ਸਥਿਤ ਦਰਜਨਾਂ ਵਿਭਾਗਾਂ ਦੇ ਅਧਿਕਾਰੀਆਂ ਦੇ ਸਵੱਛਤਾ ਅਭਿਆਨ ਦੇ ਦ੍ਰਿਸ਼ਟੀਕੋਣ, ਵਿਭਾਗੀ ਚੇਤਨਾ ਅਤੇ ਉਨ੍ਹਾਂ ਦਾ ਕੰਮ ਕਰਨ ਦੀ ਭਾਵਨਾ ਨੂੰ ਪ੍ਰਮਾਣਿਤ ਕਰਦਾ ਹੈ। ਹਾਲਾਂਕਿ ਇਸ ਕੰਪਲੈਕਸ ਵਿਚ ਡਿਪਟੀ ਕਮਿਸ਼ਨਰ ਤੋਂ ਲੈ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ, ਐੱਸ. ਡੀ. ਐੱਮ., ਸਬ-ਰਜਿਸਟਰਾਰ, ਆਰ. ਟੀ. ਓ., ਤਹਿਸੀਲਦਾਰ, ਪੁਲਸ ਕਮਿਸ਼ਨਰ ਸਣੇ ਦਰਜਨਾਂ ਪੁਲਸ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਫਤਰ ਹਨ ਪਰ ਕਿਸੇ ਵੀ ਅਧਿਕਾਰੀ ਦਾ ਪ੍ਰਸ਼ਾਸਨਿਕ ਦਫਤਰ ਦੀ ਦੁਰਦਸ਼ਾ ਵੱਲ ਕੋਈ ਧਿਆਨ ਨਹੀਂ ਹੈ।
ਪ੍ਰਸ਼ਾਸਨਿਕ ਦਫਤਰ ‘ਚ ਹਰ ਪਾਸੇ ਗੰਦਗੀ ਅਤੇ ਕੂੜੇ ਦੇ ਢੇਰ, ਜਗ੍ਹਾ-ਜਗ੍ਹਾ ਖਿੱਲਰਿਆ ਮਲਬਾ, ਸੀਵਰੇਜ ਦਾ ਓਵਰਫਲੋ ਹੁੰਦਾ ਪਾਣੀ, ਪਾਈਪਾਂ ਤੋਂ ਸਾਫ ਪਾਣੀ ਦੀ ਹੁੰਦੀ ਬਰਬਾਦੀ ਦੇ ਨਜ਼ਾਰੇ ਹਰ ਪਾਸੇ ਇਸ ਤਰ੍ਹਾਂ ਦਿਖਾਈ ਦਿੰਦੇ ਹਨ ਜਿਵੇਂ ਸ਼ਹਿਰ ਦੇ ਕਿਸੇ ਸਲੱਮ ਏਰੀਏ ‘ਚ ਮਿਲਦੇ ਹਨ। ਗੰਦਗੀ ਦੇ ਢੇਰਾਂ ਤੋਂ ਉੱਠਣ ਵਾਲੀ ਬਦਬੂ ਕਾਰਨ ਪ੍ਰਸ਼ਾਸਨਿਕ ਕੰਪਲੈਕਸ ‘ਚ ਆਉਣ ਵਾਲੇ ਰੋਜ਼ਾਨਾ ਹਜ਼ਾਰਾਂ ਲੋਕਾਂ ਨੂੰ ਬੀਮਾਰੀਆਂ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ। ਕੰਪਲੈਕਸ ’ਚ ਕਈ ਥਾਵਾਂ ‘ਤੇ ਖੱਡੇ ਪੁੱਟੇ ਹੋਏ ਹਨ ਪਰ ਇਨ੍ਹਾਂ ਖੱਡਿਆਂ ਨੂੰ ਭਰਿਆ ਨਹੀਂ ਗਿਆ। ਜਿਸ ਕਾਰਨ ਹਰ ਸਮੇਂ ਕਿਸੇ ਦੇ ਡਿੱਗ ਕੇ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ।

PunjabKesari
ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਨੂੰ ਲੈ ਕੇ ਜਨਤਾ ਨੂੰ ਜਾਗਰੂਕ ਕਰਨ ਨੂੰ ਅਨੇਕਾਂ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਅਧਿਕਾਰੀ ਜੋ ਕਿ ਸਕੂਲਾਂ, ਕਾਲਜਾਂ ’ਚ ਜਾ ਕੇ ਤੇ ਹੋਰ ਸੰਗਠਨਾਂ ਨੂੰ ਸ਼ਹਿਰ ਨੂੰ ਸਾਫ-ਸੁਥਰਾ ਰੱਖਣ ਦਾ ਸੰਕਲਪ ਦਿਵਾਉਂਦੇ ਹਨ ਪਰ ਉਨ੍ਹਾਂ ਦੇ ਖੁਦ ਦੇ ਦਫਤਰਾਂ ਦੀ ਦੁਰਦਸ਼ਾ ਕਾਰਨ ਅਜਿਹੀਆਂ ਮੁਹਿੰਮਾਂ ਨੂੰ ਮੂੰਹ ਚਿੜਾਉਂਦੇ ਹਨ। ਹਾਲਾਂਕਿ ਜਲੰਧਰ ਸਮਾਰਟ ਸਿਟੀ ਦੀ ਸੂਚੀ ’ਚ ਸ਼ਾਮਲ ਹੈ ਅਤੇ ਸਮਾਰਟ ਸਿਟੀ ਤਹਿਤ ਚੱਲ ਰਹੇ ਕਰੋੜਾਂ ਰੁਪਿਆਂ ਦੇ ਪ੍ਰਾਜੈਕਟਾਂ ਅਤੇ ਰੈਂਕਿੰਗ ਸੁਧਾਰਨ ਨੂੰ ਲੈ ਕੇ ਸਾਰੀਆਂ ਸਰਗਰਮੀਆਂ ਦਾ ਸੰਚਾਲਨ ਖੁਦ ਡਿਪਟੀ ਕਮਿਸ਼ਨਰ ਦੀ ਅਗਵਾਈ ’ਚ ਹੁੰਦਾ ਹੈ ਪਰ ਜੋ ਅਧਿਕਾਰੀ ਆਪਣਾ ਘਰ ਹੀ ਸਾਫ-ਸੁਥਰਾ ਨਹੀਂ ਰੱਖ ਸਕਦੇ ਉਨ੍ਹਾਂ ਤੋਂ ਜਲੰਧਰ ਦੇ ਸਮਾਰਟ ਸਿਟੀ ਬਣਾਉਣ ਨੂੰ ਲੈ ਕੇ ਕਿੰਨੀਆਂ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ। ਵੈਸੇ ਤਾਂ ਸ਼ਹਿਰ ਵਿਚ ਨਗਰ ਨਿਗਮ, ਸਿਹਤ ਵਿਭਾਗ ਦੀਆਂ ਲਾਪ੍ਰਵਾਹੀਆਂ ਕਾਰਣ ਲੋਕ ਡਿਪਟੀ ਕਮਿਸ਼ਨਰ ਦੇ ਸਾਹਮਣੇ ਮੰਗ ਕਰਦੇ ਹਨ ਪਰ ਹੁਣ ਡਿਪਟੀ ਕਮਿਸ਼ਨਰ ਕਿੱਥੇ ਗੁਹਾਰ ਲਾਉਣ ਇਹ ਵੀ ਜਨਤਾ ਲਈ ਵੱਡਾ ਸਵਾਲ ਬਣ ਗਿਆ ਹੈ। ਹਾਲਾਂਕਿ 3-4 ਦਿਨ ਪਹਿਲਾਂ ਡਿਪਟੀ ਕਮਿਸ਼ਨਰ ਨੇ ਸਵੈਮ ਸੇਵੀ ਸੰਸਥਾਵਾਂ ਵੱਲੋਂ ਪ੍ਰਸ਼ਾਸਨਿਕ ਕੰਪਲੈਕਸ ਦੇ ਆਸ-ਪਾਸ ਦੇ ਖੇਤਰਾਂ ਵਿਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਸੀ ਪਰ ਲੱਗਦਾ ਹੈ ਕਿ ਉਹ ਆਪਣੇ ਘਰ ਦੀ ਸਫਾਈ ਵਿਵਸਥਾ ਨੂੰ ਲੈ ਕੇ ਬਿਲਕੁਲ ਅਣਜਾਣ ਹਨ, ਨਹੀਂ ਤਾਂ ਇਸ ਮੁਹਿੰਮ ਨੂੰ ਆਸ-ਪਾਸ ਦੇ ਖੇਤਰਾਂ ਦੀ ਬਜਾਏ ਕੰਪਲੈਕਸ ਦੇ ਅੰਦਰ ਸ਼ੁਰੂ ਕਰਵਾਉਂਦੇ।

ਮਾਲਖਾਨੇ ਦੇ ਬਾਹਰ ਕੂੜੇ ਦਾ ਢੇਰ, ਸਾਲਾਂ ਪੁਰਾਣਾ ਰਿਕਾਰਡ ਵੀ ਅਸੁਰੱਖਿਅਤ
ਕੰਪਲੈਕਸ ਦੇ ਇਕ ਪਾਸੇ ਮਾਲਖਾਨੇ ਦੇ ਨਾਲ ਕੂੜੇ ਦੇ ਢੇਰ ਲੱਗੇ ਹਨ, ਜਿਸ ਨਾਲ ਮਾਲਖਾਨੇ ‘ਚ ਰੱਖਿਆ 100 ਸਾਲਾਂ ਤੋਂ ਵੀ ਜ਼ਿਆਦਾ ਦਾ ਜ਼ਮੀਨੀ ਰਿਕਾਰਡ ਵੀ ਅਸੁਰੱਖਿਅਤ ਹੋ ਗਿਆ ਹੈ। ਗੰਦਗੀ ਦੇ ਲੱਗੇ ਢੇਰਾਂ ਤੋਂ ਲੱਗਦਾ ਹੈ ਕਿ ਪਿਛਲੇ ਕਈ ਹਫਤਿਆਂ ਤੋਂ ਕੂੜਾ ਚੁੱਕਿਆ ਨਹੀਂ ਗਿਆ ਹੈ। ਉਥੇ ਲਾਇਆ ਕੂੜੇ ਦਾ ਡੰਪ ਵੀ ਪੂਰੀ ਤਰ੍ਹਾਂ ਭਰ ਚੁੱਕਾ ਹੈ। ਜੇ ਕੋਈ ਕੂੜੇ ਨੂੰ ਅੱਗ ਲਾਉਣ ਦੀ ਸ਼ਰਾਰਤ ਕਰ ਦੇਵੇ ਤਾਂ ਅੱਗ ਮਾਲਖਾਨੇ ਨੂੰ ਆਪਣੀ ਲਪੇਟ ‘ਚ ਲੈ ਸਕਦੀ ਹੈ ਕਿਉਂਕਿ ਮਾਲਖਾਨੇ ਦੀਆਂ ਕਈ ਖਿੜਕੀਆਂ ਅਤੇ ਉਨ੍ਹਾਂ ਦੇ ਸ਼ੀਸ਼ੇ ਟੁੱਟੇ ਹੋਏ ਹਨ, ਜਿਨ੍ਹਾਂ ਨੂੰ ਰਿਪੇਅਰ ਵੀ ਨਹੀਂ ਕਰਵਾਇਆ ਜਾ ਸਕਿਆ ਹੈ।

PunjabKesari

ਸ਼ਹਿਰ ਡੇਂਗੂ ਦੇ ਪ੍ਰਕੋਪ ਤੋਂ ਪ੍ਰਭਾਵਿਤ ਪਰ ਕੰਪਲੈਕਸ ਬਣਿਆ ਡੇਂਗੂ ਲਾਰਵਾ ਫੈਕਟਰੀ
ਸ਼ਹਿਰ ‘ਚ ਅੱਜਕਲ ਡੇਂਗੂ ਦਾ ਪ੍ਰਕੋਪ ਫੈਲਿਆ ਹੋਇਆ ਹੈ। ਹੈਲਥ ਵਿਭਾਗ ਦੀਆਂ ਟੀਮਾਂ ਪਿਛਲੇ 2-3 ਮਹੀਨਿਆਂ ਤੋਂ ਸ਼ਹਿਰ ਦੇ ਘਰਾਂ ‘ਚ ਚੈਕਿੰਗ ਕਰ ਕੇ ਸਾਫ ਪਾਣੀ ਨੂੰ ਸਟੋਰ ਕੀਤੇ ਸਾਧਨਾਂ ਦੀ ਜਾਂਚ ਕਰਦੇ ਹਨ ਅਤੇ ਲਾਰਵਾ ਪਾਏ ਜਾਣ ‘ਤੇ ਉਸ ਨੂੰ ਨਸ਼ਟ ਕਰ ਰਹੇ ਹਨ। ਲਾਰਵਾ ਮਿਲਣ ‘ਤੇ ਲੋਕਾਂ ਦੇ ਚਲਾਨ ਕੱਟ ਕੇ ਜੁਰਮਾਨਾ ਵੀ ਵਸੂਲਿਆ ਜਾਂਦਾ ਹੈ। ਹੈਲਥ ਵਿਭਾਗ ਦੇ ਕਰਮਚਾਰੀ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਦਫਤਰਾਂ ਦੀ ਜਾਂਚ ਕਰਨ ਦੀ ਹਿੰਮਤ ਕਿਵੇਂ ਜੁਟਾ ਸਕਦੇ ਹਨ।

ਪੋਲੀਥੀਨ ਕੈਰੀਬੈਗਸ ਅਤੇ ਥਰਮੋਕੋਲ ਦੀਆਂ ਪਲੇਟਾਂ ਬੈਨ ਪਰ ਇਥੋਂ ਦੀ ਗੰਦਗੀ ‘ਚ ਕੁਇੰਟਲਾਂ ਦੇ ਹਿਸਾਬ ਨਾਲ ਖਿੱਲਰੀਆਂ
ਪੰਜਾਬ ਸਰਕਾਰ ਨੇ ਰਾਜ ’ਚ ਪੋਲੀਥੀਨ ਨੂੰ ਪੂਰੀ ਤਰ੍ਹਾਂ ਬੈਨ ਕਰ ਰੱਖਿਆ ਹੈ, ਜਿਸ ਨੂੰ ਲੈ ਕੇ ਸਰਕਾਰੀ ਵਿਭਾਗ ਪੋਲੀਥੀਨ ਅਤੇ ਥਰਮੋਕੋਲ ਦੀ ਸਮੱਗਰੀ ਵੇਚਣ ਵਾਲੇ ਦੁਕਾਨਦਾਰਾਂ ਵਿਰੁੱਧ ਕਾਰਵਾਈ ਕਰਦੇ ਹਨ। ਡਿਪਟੀ ਕਮਿਸ਼ਨਰ ਸਣੇ ਸੀਨੀਅਰ ਅਧਿਕਾਰੀ ਲੋਕਾਂ ਨੂੰ ਕੱਪੜੇ ਦੇ ਬੈਗਸ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰਦੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਲੰਗਰ ਲਾਉਣ ਵਾਲੇ ਸੰਗਠਨਾਂ ਨੂੰ ਪੱਤਿਆਂ ਦੀਆਂ ਪਲੇਟਾਂ ਦੀ ਵਰਤੋਂ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਪਰ ਕੰਪਲੈਕਸ ਵਿਚ ਅਜਿਹਾ ਨਜ਼ਾਰਾ ਦੇਖ ਕੇ ਲੋਕ ਕਹਿੰੰਦੇ ਸੁਣੇ ਜਾਂਦੇ ਹਨ ਕਿ ਕੀ ਇਥੇ ਸਰਕਾਰ ਦੇ ਨਿਯਮ ਲਾਗੂ ਨਹੀਂ ਹੁੰਦੇ।


shivani attri

Content Editor

Related News