9 ਵਿਧਾਨ ਸਭਾ ਹਲਕਿਆਂ ਦੀਆਂ ਟੁੱਟੀਆਂ ਸੜਕਾਂ ''ਤੇ ਚੱਲਣਾ ਖਤਰੇ ਤੋਂ ਖਾਲੀ ਨਹੀਂ

03/25/2019 11:55:22 AM

ਜਲੰਧਰ (ਮਹੇਸ਼)— ਲੋਕ ਸਭਾ ਹਲਕਾ ਜਲੰਧਰ ਅਧੀਨ ਆਉਂਦੇ 9 ਵਿਧਾਨ ਸਭਾ ਹਲਕਿਆਂ ਜਲੰਧਰ ਸੈਂਟਰਲ, ਜਲੰਧਰ ਵੈਸਟ, ਜਲੰਧਰ ਨਾਰਥ, ਜਲੰਧਰ ਕੈਂਟ, ਆਦਮਪੁਰ, ਸ਼ਾਹਕੋਟ, ਨਕੋਦਰ, ਫਿਲੌਰ ਤੇ ਕਰਤਾਰਪੁਰ 'ਚ ਪੈਂਦੇ ਸ਼ਹਿਰੀ ਅਤੇ ਦਿਹਾਤੀ ਇਲਾਕਿਆਂ ਦੀਆਂ ਟੁੱਟੀਆਂ ਪਈਆਂ ਸੜਕਾਂ 'ਤੇ ਚੱਲਣਾ ਖਤਰੇ ਤੋਂ ਖਾਲੀ ਨਹੀਂ ਹੈ। ਹਾਲਾਤ ਇੰਨੇ ਜ਼ਿਆਦਾ ਤਰਸਯੋਗ ਬਣੇ ਹਨ ਕਿ ਕਰੀਬ ਹਰ ਰੋਜ਼ ਹੀ ਕਿਤੇ ਨਾ ਕਿਤੇ ਹਾਦਸਾ ਹੋਇਆ ਹੁੰਦਾ ਹੈ।

ਇੰਨਾ ਹੀ ਨਹੀਂ ਇਨ੍ਹਾਂ ਹਾਦਸਿਆਂ 'ਚ ਕੀਮਤੀ ਜਾਨਾਂ ਵੀ ਜਾ ਰਹੀਆਂ ਹਨ ਅਤੇ ਮਹਿੰਗੀਆਂ ਗੱਡੀਆਂ ਦਾ ਵੀ ਭਾਰੀ ਨੁਕਸਾਨ ਹੋ ਰਿਹਾ ਹੈ। 'ਜਗ ਬਾਣੀ' ਦੀ ਟੀਮ ਨੇ ਉਕਤ ਸਾਰੇ ਹਲਕਿਆਂ 'ਚ ਜਾ ਕੇ ਦੇਖਿਆ ਕਿ ਸੜਕਾਂ 'ਤੇ ਬਹੁਤ ਵੱਡੇ-ਵੱਡੇ ਖੱਡੇ ਪਏ ਹੋਏ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹਨ ਕਿ ਉਹ ਨਿਕਣ ਜਾਂ ਨਾ? ਲੋਕਾਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਲੋਕਾਂ ਨੂੰ ਝੂਠੇ ਵਾਅਦਿਆਂ 'ਚ ਰੱਖਿਆ ਅਤੇ ਹੁਣ ਪਿਛਲੇ 2 ਸਾਲਾਂ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ ਲੋਕਾਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ।

ਕਾਂਗਰਸ ਨੇ ਸੱਤਾ ਹਾਸਲ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ। ਸਭ ਕੁਝ ਛੱਡ ਕੇ ਸੜਕਾਂ ਦੀ ਹਾਲਤ ਨੂੰ ਹੀ ਦੇਖਿਆ ਜਾਵੇ ਤਾਂ ਕੋਈ ਵੀ ਅਜਿਹਾ ਰਸਤਾ ਨਹੀਂ ਹੈ, ਜਿੱਥੋਂ ਸੁਰੱਖਿਅਤ ਹੋ ਕੇ ਨਿਕਲਿਆ ਜਾ ਸਕੇ। ਸਾਲ 2014 ਚੋਣਾਂ 'ਚ ਇਹ ਸੜਕਾਂ ਹੀ ਮੁੱਖ ਮੁੱਦਾ ਰਹੀਆਂ ਸਨ ਤੇ ਅਕਾਲੀ-ਭਾਜਪਾ ਉਮੀਦਵਾਰ ਪਵਨ ਕੁਮਾਰ ਟੀਨੂੰ ਦੀ ਹਾਰ ਦਾ ਕਾਰਨ ਵੀ ਬਣੀਆਂ ਸਨ। ਹੁਣ ਦੇਖਦੇ ਹਾਂ ਕਿ ਕਾਂਗਰਸ ਇਸ ਮੁੱਦੇ ਨਾਲ ਕਿਸ ਤਰ੍ਹਾਂ ਨਜਿੱਠਦੀ ਹੈ।


ਸਰਕਾਰ ਅਤੇ ਪ੍ਰਸ਼ਾਸਨ ਨੂੰ ਹੋਣਾ ਹੋਵੇਗਾ ਗੰਭੀਰ
ਸਰਕਾਰ ਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਣ। ਜਲੰਧਰ 'ਚ ਪੀ. ਏ. ਪੀ. ਚੌਕ, ਬੀ. ਐੱਸ. ਐੱਫ. ਚੌਕ, ਰਾਮਾ ਮੰਡੀ ਚੌਕ, ਚੁਗਿੱਟੀ ਚੌਕ, ਲੰਮਾ ਪਿੰਡ ਚੌਕ, ਬੱਸ ਅੱਡਾ, ਸਿਟੀ ਰੇਲਵੇ ਸਟੇਸ਼ਨ ਅਤੇ ਕੈਂਟ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਸਮੇਤ ਮੁੱਖ ਸਥਾਨਾਂ 'ਤੇ ਸੜਕਾਂ ਦੀ ਹਾਲਤ ਦੇਖੀ ਨਹੀਂ ਜਾ ਸਕਦੀ।

ਸਕੂਲੀ ਬੱਚਿਆਂ, ਰੁਜ਼ਗਾਰ 'ਤੇ ਜਾਣ ਵਾਲੇ ਲੋਕਾਂ, ਬਜ਼ੁਰਗਾਂ ਨੂੰ ਸੜਕਾਂ 'ਤੇ ਮੌਜੂਦ ਵੱਡੇ-ਵੱਡੇ ਖੱਡਿਆਂ ਕਾਰਨ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੀਮਤੀ ਜਾਨਾਂ ਨੂੰ ਬਚਾਉਣ ਲਈ ਸਰਕਾਰ ਤੇ ਪ੍ਰਸ਼ਾਸਨ ਨੂੰ ਗੰਭੀਰ ਹੋਣਾ ਹੋਵੇਗਾ।

 

shivani attri

This news is Content Editor shivani attri