ਜਲ ਦੇ ਅੰਦਰ ਰਿਹਾ ਜਲੰਧਰ, 39.8 ਮਿਲੀਮੀਟਰ ਬਾਰਿਸ਼ ਹੋਈ ਰਿਕਾਰਡ

07/15/2019 1:05:08 PM

ਜਲੰਧਰ (ਰਾਹੁਲ)— ਬੀਤੇ ਦਿਨ ਰੁਕ-ਰੁਕ ਕੇ ਪਈ ਬਾਰਿਸ਼ ਕਾਰਨ ਜਲੰਧਰ ਵਾਸੀਆਂ ਨੂੰ ਜਿੱਥੇ ਗਰਮੀ ਤੋਂ ਰਾਹਤ ਮਿਲੀ ਉਥੇ ਹੀ ਪਾਣੀ ਜਮ੍ਹਾ ਹੋਣ ਕਾਰਨ ਉਨ੍ਹਾਂ ਦੀ ਜਾਨ 'ਤੇ ਆਫਤ ਆਈ ਹੈ। ਨਗਰ ਨਿਗਮ ਦੀ ਢਿੱਲੀ ਅਤੇ ਲਾਪਵਾਹੀ ਵਾਲੀ ਸਫਾਈ ਵਿਵਸਥਾ ਕਾਰਨ ਸਾਰਾ ਸ਼ਹਿਰ ਪਾਣੀ 'ਚ ਡੁੱਬਿਆ ਰਿਹਾ। ਮੌਸਮ ਵਿਭਾਗ ਅਨੁਸਾਰ ਬੀਤੇ ਦਿਨ 39.8 ਮਿਲੀਮੀਟਰ ਬਾਰਿਸ਼ ਰਿਕਾਰਡ ਕੀਤੀ ਗਈ। ਬਾਅਦ ਦੁਪਹਿਰ ਕੁਝ ਸਮੇਂ ਲਈ ਸੂਰਜ ਨੇ ਬੱਦਲਾਂ 'ਚੋਂ ਨਿਕਲ ਕੇ ਨਗਰ ਵਾਸੀਆਂ ਨੂੰ ਆਪਣੇ ਹੋਣ ਦਾ ਅਹਿਸਾਸ ਦਿਵਾਇਆ। ਮੌਸਮ ਵਿਭਾਗ ਅਨੁਸਾਰ ਵੱਧ ਤੋਂ ਵੱਧ ਤਾਪਮਾਨ 31.8 ਡਿਗਰੀ ਸੈਲਸੀਅਸ ਤੇ ਘੱਟ ਤੋਂ ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।


ਆਉਣ ਵਾਲੇ ਹਫਤੇ ਮੌਸਮ ਰਹੇਗਾ ਖੁਸ਼ਨੁਮਾ
ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਹਫਤੇ ਤੱਕ ਜਲੰਧਰ ਦਾ ਮੌਸਮ ਖੁਸ਼ਨੁਮਾ ਰਹੇਗਾ। ਆਸਮਾਨ 'ਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਹਲਕੀਆਂ ਅਤੇ ਤੇਜ਼ ਹਵਾਵਾਂ ਕਾਰਨ ਮੌਸਮ ਖੁਸ਼ਗਵਾਰ ਬਣਿਆ ਰਹੇਗਾ। 20 ਜੁਲਾਈ ਤੱਕ ਜ਼ਿਆਦਾਤਰ ਤਾਪਮਾਨ 31 ਤੋਂ 33 ਡਿਗਰੀ ਸੈਲਸੀਅਸ ਦੇ ਵਿਚਕਾਰ ਬਣਿਆ ਰਹੇਗਾ, ਉਥੇ ਹੀ ਘੱਟ ਤੋਂ ਘੱਟ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਤਕ ਬਣੇ ਰਹਿਣ ਦੀ ਸੰਭਾਵਨਾ ਹੈ। ਇਸ ਦੌਰਾਨ ਤੇਜ਼ ਹਵਾਵਾਂ ਦੀ ਸੰਭਾਵਨਾ ਬਣੀ ਰਹੇਗੀ।


ਬਾਰਿਸ਼ ਨੇ ਖੋਲ੍ਹੀ ਨਗਰ ਨਿਗਮ ਦੀ ਪੋਲ
ਬੀਤੇ ਦਿਨ ਪਈ ਬਾਰਿਸ਼ ਨੇ ਨਗਰ ਨਿਗਮ ਦੇ ਸੀਵਰੇਜ ਦੀ ਸਫਾਈ ਦੇ ਦਾਅਵਿਆਂ 'ਤੇ ਸਮਾਰਟ ਸਿਟੀ ਵੱਲ ਵਧ ਰਹੇ ਸ਼ਹਿਰ ਦੀ ਇਕ ਵਾਰ ਫਿਰ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਜ਼ਿਆਦਾਤਰ ਸ਼ਹਿਰ ਪਾਣੀ 'ਚ ਹੀ ਡੁੱਬਿਆ ਰਿਹਾ। ਜਗ੍ਹਾ-ਜਗ੍ਹਾ ਖੜ੍ਹਾ ਗੰਦਾ ਸੀਵਰ ਦਾ ਪਾਣੀ ਭਿਆਨਕ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਸ਼ਹਿਰ ਦੇ ਪੁਰਾਣੇ ਇਲਾਕਿਆਂ 'ਚ ਇਕ ਤੋਂ ਢਾਈ ਫੁੱਟ ਤਕ ਪਾਣੀ ਘਰਾਂ 'ਚ ਦਾਖਲ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਹਿਰ 'ਚ ਜਗ੍ਹਾ-ਜਗ੍ਹਾ ਪਾਣੀ ਜਮ੍ਹਾ ਹੋਣ ਕਾਰਨ ਟਰੈਫਿਕ ਵਿਵਸਥਾ ਵੀ ਕਾਫੀ ਪ੍ਰਭਾਵਿਤ ਹੋਈ। ਕਈ ਜਗ੍ਹਾ 'ਤੇ ਸਮਾਚਾਰ ਪੱਤਰ, ਦੈਨਿਕ ਉਪਯੋਗ ਦੀਆਂ ਵਸਤੂਆਂ, ਸਬਜ਼ੀ, ਦੁੱਧ ਤੇ ਹੋਰ ਸਾਮਾਨ ਦੀ ਸਪਲਾਈ ਹੀ ਨਹੀਂ ਹੋ ਸਕੀ।

shivani attri

This news is Content Editor shivani attri