‘ਸਰਪ੍ਰਾਈਜ਼’ ਚੈਕਿੰਗ: ਦੁਪਹਿਰੇ ਕੀਤੀ ਛਾਪੇਮਾਰੀ ’ਚ ‘ਕੁੰਡੀ’ ਦੇ 79 ਕੇਸ ਫੜੇ, ਲੱਗਾ 89.99 ਲੱਖ ਜੁਰਮਾਨਾ

06/13/2022 3:54:27 PM

ਜਲੰਧਰ (ਪੁਨੀਤ)- ਪਾਵਰਕਾਮ ਪਟਿਆਲਾ ਤੋਂ ਜਾਰੀ ਹੋ ਰਹੀਆਂ ਹਦਾਇਤਾਂ ਦੇ ਮੱਦੇਨਜ਼ਰ ਬਿਜਲੀ ਦੀ ਵਧ ਰਹੀ ਵਰਤੋਂ ’ਚ ਬਿਜਲੀ ਚੋਰੀ ਰੋਕਣ ’ਤੇ ਫੋਕਸ ਕੀਤਾ ਜਾ ਰਿਹਾ ਹੈ। ਇਸੇ ਮੁਹਿੰਮ ਤਹਿਤ ਬੀਤੇ ਦਿਨ ਸਰਪ੍ਰਾਈਜ਼ ਚੈਕਿੰਗ ਕਰਵਾਈ ਗਈ, ਜਿਸ ਵਿਚ ਸਿੱਧੀ ਕੁੰਡੀ ਦੇ 79 ਕੇਸ ਫੜੇ ਗਏ, ਜਦਕਿ ਮੀਟਰ ਨਾਲ ਛੇੜਛਾੜ ਅਤੇ ਹੋਰ ਨੂੰ ਮਿਲਾ ਕੇ 132 ਕੇਸ ਸਾਹਮਣੇ ਆਏ, ਜਿਨ੍ਹਾਂ ਨੂੰ ਮਹਿਕਮੇ ਵੱਲੋਂ 89.99 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ। ਮਹਿਕਮੇ ਵੱਲੋਂ ਆਉਣ ਵਾਲੇ ਦਿਨਾਂ ’ਚ ਵੀ ਇਸੇ ਤਰ੍ਹਾਂ ਦੀ ਸਰਪ੍ਰਾਈਜ਼ ਵਿਜ਼ਿਟ ਕਰਵਾਈ ਜਾਵੇਗੀ ਤਾਂ ਕਿ ਬਿਜਲੀ ਚੋਰਾਂ ਨੂੰ ਕੁੰਡੀ ਲਾਹੁਣ ਦਾ ਮੌਕਾ ਨਾ ਮਿਲ ਸਕੇ।

ਪਾਵਰਕਾਮ ਆਮ ਤੌਰ ’ਤੇ ਐਤਵਾਰ ਨੂੰ ਘੱਟ ਹੀ ਚੈਕਿੰਗ ਕਰਵਾਉਂਦਾ ਹੈ। ਰੁਟੀਨ ’ਚ ਸ਼ਨੀਵਾਰ ਦੇ ਦਿਨ ਸਵੇਰ ਸਮੇਂ ਚੈਕਿੰਗ ਕਰਵਾਈ ਜਾਂਦੀ ਹੈ। ਨਵੇਂ ਚੀਫ਼ ਇੰਜੀ. ਦਵਿੰਦਰ ਕੁਮਾਰ ਸ਼ਰਮਾ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਬਿਜਲੀ ਚੋਰੀ ਰੋਕਣ ਲਈ ਕੋਈ ਇਕ ਦਿਨ ਨਿਰਧਾਰਿਤ ਨਹੀਂ ਹੋਣਾ ਚਾਹੀਦਾ ਕਿਉਂਕਿ ਅਜਿਹੇ ਚੋਰਾਂ ਨੂੰ ਬਚਣ ਦਾ ਮੌਕਾ ਮਿਲ ਜਾਂਦਾ ਹੈ ਅਤੇ ਉਹ ਚੈਕਿੰਗ ਵਾਲੇ ਦਿਨ ਕੁੰਡੀ ਨਹੀਂ ਲਾਉਂਦੇ, ਜਿਸ ਨਾਲ ਮਹਿਕਮੇ ਨੂੰ ਉਮੀਦ ਮੁਤਾਬਕ ਸਫ਼ਲਤਾ ਨਹੀਂ ਮਿਲਦੀ। ਇਨ੍ਹਾਂ ਨਿਰਦੇਸ਼ਾਂ ’ਤੇ ਨਾਰਥ ਜ਼ੋਨ ਦੇ ਡਿਸਟ੍ਰੀਬਿਊਸ਼ਨ ਵਿੰਗ ਵੱਲੋਂ ਚਾਰਾਂ ਸਰਕਲਾਂ ’ਚ ਐਤਵਾਰ ਨੂੰ ਚੈਕਿੰਗ ਕਰਵਾਉਣ ਲਈ ਟੀਮਾਂ ਦਾ ਗਠਨ ਕੀਤਾ ਗਿਆ।

ਇਹ ਵੀ ਪੜ੍ਹੋ: ਚਾਰ ਧਾਮ ਯਾਤਰਾ ’ਤੇ ਜਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ, ਦਰਸ਼ਨ ਕਰ ਪਰਤੇ ਸ਼ਰਧਾਲੂਆਂ ਨੇ ਸਾਂਝੇ ਕੀਤੇ ਤਜਰਬੇ

PunjabKesari

ਫੀਲਡ ਸਟਾਫ਼ ਵੀ ਹੈਰਾਨ ਸੀ, ਕਿਉਂਕਿ ਐਤਵਾਰ ਸਾਰਿਆਂ ਨੂੰ ਦਫ਼ਤਰਾਂ ’ਚ ਬੁਲਾਇਆ ਗਿਆ ਅਤੇ ਟੀਮਾਂ ਬਣਾ ਕੇ ਦੁਪਹਿਰ 12 ਵਜੇ ਤੋਂ ਬਾਅਦ ਵੱਖ-ਵੱਖ ਇਲਾਕਿਆਂ ਨੂੰ ਰਵਾਨਾ ਕੀਤਾ ਗਿਆ। ਹਰੇਕ ਚੈਕਿੰਗ ਟੀਮ ਨੂੰ ਘੱਟ ਤੋਂ ਘੱਟ 50 ਕੁਨੈਕਸ਼ਨ ਚੈੱਕ ਕਰਨ ਦੀ ਹਦਾਇਤ ਦਿੱਤੀ ਗਈ। ਇਸ ਲੜੀ ’ਚ ਕਈ ਡਿਵੀਜ਼ਨਾਂ ਵੱਲੋਂ 200 ਤੋਂ ਵੱਧ ਕੁਨੈਕਸ਼ਨਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ਵਿਚੋਂ ਸ਼ੱਕੀ ਪਾਏ ਗਏ 20 ਦੇ ਲਗਭਗ ਮੀਟਰ ਉਤਾਰੇ ਗਏ ਹਨ, ਜਿਨ੍ਹਾਂ ਨੂੰ ਸੋਮਵਾਰ ਚੈਕਿੰਗ ਲਈ ਲੈਬ ’ਚ ਭੇਜਿਆ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਨਾਰਥ ਜ਼ੋਨ ਵੱਲੋਂ ਇਸ ਲੜੀ ’ਚ ਕਰਵਾਈ ਗਈ ਚੈਕਿੰਗ ’ਚ 79 ਕੇਸ ਚੋਰੀ ਨਾਲ ਸਬੰਧਤ ਫੜੇ ਗਏ, ਜਦਕਿ ਹੋਰ ਮਾਮਲਿਆਂ ਨੂੰ ਮਿਲਾ ਕੇ 132 ਕੇਸ ਫੜੇ ਗਏ। ਇਨ੍ਹਾਂ ਫੜੇ ਗਏ ਕੇਸਾਂ ’ਚ ਘਰੇਲੂ ਬਿਜਲੀ ਦੀ ਕਮਰਸ਼ੀਅਲ ਵਰਤੋਂ ਕਰਨ ਦੇ ਦਰਜਨ ਤੋਂ ਵੱਧ ਕੇਸਾਂ ਵਿਚ ਸੋਮਵਾਰ ਨੂੰ ਨੋਟਿਸ ਭੇਜੇ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਉਕਤ ਸਾਰੇ ਕੇਸਾਂ ਨੂੰ ਮਿਲਾ ਕੇ ਕੁਲ 89.99 ਲੱਖ ਜੁਰਮਾਨਾ ਬਣਾਇਆ ਗਿਆ।

ਇਹ ਵੀ ਪੜ੍ਹੋ: ਨਵੀਂ ਐਕਸਾਈਜ਼ ਪਾਲਿਸੀ ਨਾਲ ਵੱਡੇ ਗਰੁੱਪਾਂ ਦਾ ਟੁੱਟੇਗਾ ‘ਨੈਕਸਸ’, ਪਿਆਕੜਾਂ ਨੂੰ ਮਿਲਣਗੀਆਂ ਇਹ ਸਹੂਲਤਾਂ 

ਪੈਡੀ ਤੋਂ ਪਹਿਲਾਂ 116 ਏ. ਪੀ. ਕੁਨੈਕਸ਼ਨਾਂ ਨੇ ਵਧਵਾਏ ਆਪਣੇ ਟਿਊਬਵੈੱਲਾਂ ਦੇ ਲੋਡ
ਜਲੰਧਰ ਸਰਕਲ ਵੱਲੋਂ ਪੈਡੀ ਤੋਂ ਪਹਿਲਾਂ ਟਿਊਬਵੈੱਲ ਕੁਨੈਕਸ਼ਨਾਂ ਨੂੰ ਲੋਡ ਵਧਵਾਉਣ ਦਾ ਮੌਕਾ ਦਿੱਤਾ ਗਿਆ। ਇਸ ਕਾਰਨ ਐਗਰੀਕਲਚਰ ਪਾਵਰ (ਏ. ਪੀ.) ਨਾਲ ਸਬੰਧਤ 116 ਖਪਤਕਾਰਾਂ ਨੇ ਆਪਣੇ ਲੋਡ ਵਧਵਾਏ, ਜਿਨ੍ਹਾਂ ਦਾ ਕੁੱਲ 374 ਕਿਲੋਵਾਟ ਲੋਡ ਵਧਾਇਆ ਗਿਆ ਹੈ। ਇਸ ਲੜੀ ਵਿਚ ਸਭ ਤੋਂ ਵੱਧ ਲੋਡ ਵਧਵਾਉਣ ਦੇ ਕੇਸ ਫਗਵਾੜਾ ਡਿਵੀਜ਼ਨ ਅਧੀਨ ਆਏ ਅਤੇ ਅਧਿਕਾਰੀਆਂ ਵੱਲੋਂ 66 ਫਾਈਲਾਂ ਦੀ ਜਾਂਚ ਕਰ ਕੇ ਉਨ੍ਹਾਂ ਨੂੰ ਪ੍ਰੋਸੈਸਿੰਗ ਵਿਚ ਪਾਇਆ ਗਿਆ ਹੈ। ਇਸੇ ਤਰ੍ਹਾਂ ਕੈਂਟ ਡਿਵੀਜ਼ਨ ’ਚ 9, ਈਸਟ ਵਿਚ 5, ਜਦਕਿ ਮਾਡਲ ਟਾਊਨ ’ਚ ਜਲੰਧਰ ਨਾਲ ਸਬੰਧਤ 66 ਖ਼ਪਤਕਾਰਾਂ ਨੇ ਆਪਣੇ ਲੋਡ ਵਧਵਾਉਣ ਲਈ ਕਾਗਜ਼ਾਤ ਜਮ੍ਹਾ ਕਰਵਾਏ ਹਨ। ਅਧਿਕਾਰੀਆਂ ਨੇ ਕਿਹਾ ਕਿ ਜਿਹੜੇ ਵੀ ਖ਼ਪਤਕਾਰ ਆਪਣਾ ਲੋਡ ਵਧਵਾਉਣਾ ਚਾਹੁੰਦੇ ਹਨ, ਉਹ ਸਬੰਧਤ ਡਿਵੀਜ਼ਨ ’ਚ ਆਪਣੀ ਫਾਈਲ ਜਮ੍ਹਾ ਕਰਵਾ ਸਕਦੇ ਹਨ।

ਇਹ ਵੀ ਪੜ੍ਹੋ: ਭੁਲੱਥ 'ਚ ਸ਼ਰਮਨਾਕ ਘਟਨਾ, ਨੌਜਵਾਨ ਨੂੰ ਪੁੱਠਾ ਟੰਗ ਕੇ ਦਰੱਖ਼ਤ ਨਾਲ ਲਟਕਾਇਆ, ਜਾਣੋ ਕਿਉਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News