ਨਾਈਟ ਕਰਫ਼ਿਊ ਦੌਰਾਨ ਹੋਈ ਝੜਪ ਨੂੰ ਲੈ ਕੇ ਭਾਜਪਾ ਆਗੂ, ਬੇਟਿਆਂ ਤੇ ਪਤਨੀ ’ਤੇ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ

04/03/2021 9:59:28 AM

ਜਲੰਧਰ (ਜ. ਬ.)– ਅਰਬਨ ਅਸਟੇਟ ਫੇਜ਼-1 ਵਿਚ ਐੱਮ. ਆਈ. ਜੀ. ਫਲੈਟਸ ਵਿਚ ਨਾਈਟ ਕਰਫਿਊ ਦੌਰਾਨ ਹੋਈ ਗੁੰਡਾਗਰਦੀ ਦੇ ਮਾਮਲੇ ਵਿਚ ਪੁਲਸ ਨੇ ਭਾਜਪਾ ਆਗੂ ਅਨਿਲ ਠਾਕੁਰ, ਉਨ੍ਹਾਂ ਦੇ 2 ਬੇਟਿਆਂ ਅਤੇ ਪਤਨੀ ਸਮੇਤ 4-5 ਅਣਪਛਾਤੇ ਲੋਕਾਂ ਖ਼ਿਲਾਫ਼ ਹੱਤਿਆ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ, ਜਦੋਂ ਕਿ ਭਾਜਪਾ ਆਗੂ ਦੇ ਬੇਟੇ ਦੇ ਅਜੇ ਤੱਕ ਬਿਆਨ ਦਰਜ ਨਹੀਂ ਕੀਤੇ ਗਏ। ਇਹ ਐੱਫ. ਆਈ. ਆਰ. ਹਾਰਡਵੇਅਰ ਕਾਰੋਬਾਰੀ ਰੋਬਿਨ ਪੁੱਤਰ ਅਸ਼ਵਨੀ ਕੁਮਾਰ ਨਿਵਾਸੀ ਐੱਮ. ਆਈ. ਜੀ. ਫਲੈਟਸ ਦੇ ਬਿਆਨਾਂ ’ਤੇ ਹੋਈ ਹੈ। ਥਾਣਾ ਨੰਬਰ 7 ਦੀ ਪੁਲਸ ਨੇ ਭਾਜਪਾ ਦੇ ਮੰਡਲ 12 ਦੇ ਜਨਰਲ ਸੈਕਟਰੀ ਅਨਿਲ ਠਾਕੁਰ, ਉਨ੍ਹਾਂ ਦੇ 2 ਬੇਟਿਆਂ ਯੁਵਰਾਜ ਠਾਕੁਰ ਅਤੇ ਰਣਬੀਰ ਠਾਕੁਰ, ਅਨਿਲ ਠਾਕੁਰ ਦੀ ਪਤਨੀ ਆਰਤੀ ਠਾਕੁਰ ਅਤੇ 4-5 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਧਾਰਾ 307, 323, 324, 148, 149 ਅਤੇ 506 ਆਈ. ਪੀ. ਸੀ. ਅਧੀਨ ਮਾਮਲਾ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੇ ਬਿਆਨਾਂ ਵਿਚ ਰੋਬਿਨ ਨੇ ਦੱਸਿਆ ਕਿ ਬੁੱਧਵਾਰ ਰਾਤੀਂ ਲਗਭਗ 11.40 ਵਜੇ ਘਰ ਦੇ ਬਾਹਰ ਭੰਨ-ਤੋੜ ਦੀ ਆਵਾਜ਼ ਸੁਣ ਕੇ ਜਦੋਂ ਉਹ ਬਾਹਰ ਵੇਖਣ ਆਇਆ ਤਾਂ ਯੁਵਰਾਜ ਠਾਕੁਰ, ਰਣਬੀਰ ਠਾਕੁਰ ਅਤੇ ਇਕ ਅਣਪਛਾਤਾ ਵਿਅਕਤੀ ਗੁਆਂਢੀ ਦੇ ਘਰ ’ਤੇ ਗਮਲੇ ਮਾਰ ਕੇ ਭੰਨ-ਤੋੜ ਕਰ ਕੇ ਐਕਟਿਵਾ ’ਤੇ ਫ਼ਰਾਰ ਹੋ ਰਹੇ ਸਨ। ਉਹ ਆਪਣੇ ਦੋਸਤ ਜਿਊਲਰ ਮਨੀਸ਼ ਰਾਣਾ, ਸੁਸ਼ੀਲ ਰਾਣਾ, ਸੰਦੀਪ ਰਾਣਾ ਅਤੇ ਰਾਜੀਵ ਨਾਲ ਉਕਤ ਨੌਜਵਾਨਾਂ ਨੂੰ ਸਮਝਾਉਣ, ਉਨ੍ਹਾਂ ਦੇ ਪਿੱਛੇ ਗਏ ਤਾਂ ਇਸੇ ਦੌਰਾਨ ਯੁਵਰਾਜ ਠਾਕੁਰ, ਰਣਬੀਰ ਠਾਕੁਰ ਅਤੇ ਉਨ੍ਹਾਂ ਦੇ ਇਕ ਸਾਥੀ ਨੇ ਪਹਿਲਾਂ ਉਸ (ਰੋਬਿਨ) ਦੇ ਸਿਰ ’ਤੇ ਤੇਜ਼ਧਾਰ ਹਥਿਆਰਾਂ ਅਤੇ ਇੱਟਾਂ ਨਾਲ ਹਮਲਾ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਰੋਬਿਨ ਨੂੰ ਬਚਾਉਣ ਆਏ ਉਸਦੇ ਦੋਸਤਾਂ ’ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ। ਰੋਬਿਨ ਦਾ ਇਹ ਵੀ ਦੋਸ਼ ਹੈ ਕਿ ਉਸੇ ਸਮੇਂ ਯੁਵਰਾਜ ਦੇ ਪਿਤਾ ਅਨਿਲ ਠਾਕੁਰ, ਮਾਂ ਆਰਤੀ ਠਾਕੁਰ ਅਤੇ 4 ਅਣਪਛਾਤੇ ਵਿਅਕਤੀ ਉਥੇ ਪਹੁੰਚ ਗਏ ਅਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ।

ਇਹ ਵੀ ਪੜ੍ਹੋ : ਸ੍ਰੀ ਆਨੰਦਪੁਰ ਸਾਹਿਬ ਦੀ ਕੁੜੀ ਨੇ ਚਮਕਾਇਆ ਨਾਂ, ਭਾਰਤੀ ਫੌਜ ’ਚ ਬਣੀ ਲੈਫਟੀਨੈਂਟ

PunjabKesari
ਉਕਤ ਝਗੜੇ ਤੋਂ ਬਾਅਦ ਭਾਜਪਾ ਆਗੂ ਅਨਿਲ ਠਾਕੁਰ ਦਾ ਦੋਸ਼ ਸੀ ਕਿ ਦੂਜੀ ਧਿਰ ਨੇ ਉਨ੍ਹਾਂ ’ਤੇ ਘਰ ’ਚ ਹਮਲਾ ਕੀਤਾ, ਜਿਸ ਵਿਚ ਉਨ੍ਹਾਂ ਦਾ ਬੇਟਾ ਯੁਵਰਾਜ ਠਾਕੁਰ ਜ਼ਖ਼ਮੀ ਹੋ ਗਿਆ ਅਤੇ ਖੁਦ ਉਨ੍ਹਾਂ ਨੂੰ ਵੀ ਸੱਟ ਲੱਗੀ। ਫਿਲਹਾਲ ਨਾਮਜ਼ਦ ਲੋਕਾਂ ਦੀ ਅਜੇ ਤੱਕ ਗ੍ਰਿਫ਼ਤਾਰੀ ਨਹੀਂ ਹੋ ਸਕੀ।

ਇਹ ਵੀ ਪੜ੍ਹੋ :  ਜਲੰਧਰ: ਸ਼ੱਕੀ ਹਾਲਾਤ ’ਚ ਰਿਟਾਇਰਡ ਸਬ ਇੰਸਪੈਕਟਰ ਦੇ ਪੁੱਤਰ ਦੀ ਮੌਤ, ਅਲਮਾਰੀ ਨਾਲ ਲਟਕਦੀ ਮਿਲੀ ਲਾਸ਼

PunjabKesari

 

ਇਸ ਬਾਰੇ ਜਦੋਂ ਅਨਿਲ ਠਾਕੁਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਐੱਫ. ਆਈ. ਆਰ. ਦਰਜ ਹੋਣ ਬਾਰੇ ਨਹੀਂ ਪਤਾ ਅਤੇ ਨਾ ਹੀ ਪੁਲਸ ਨੇ ਅਜੇ ਤੱਕ ਉਨ੍ਹਾਂ ਜਾਂ ਉਨ੍ਹਾਂ ਦੇ ਬੇਟੇ ਦੇ ਬਿਆਨ ਦਰਜ ਕੀਤੇ ਹਨ। ਥਾਣਾ ਨੰਬਰ 7 ਦੇ ਇੰਚਾਰਜ ਰਸ਼ਮਿੰਦਰ ਸਿੰਘ ਦਾ ਕਹਿਣਾ ਹੈ ਕਿ ਅਜੇ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਯੁਵਰਾਜ ਠਾਕੁਰ ਧਿਰ ਦੇ ਅਜੇ ਬਿਆਨ ਹੋਣੇ ਬਾਕੀ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।

ਸਾਰੇ ਜ਼ਖ਼ਮੀ ਵੱਖ-ਵੱਖ ਕਰਵਾਉਣਗੇ ਐੱਫ. ਆਈ. ਆਰ.
ਇਸ ਮਾਮਲੇ ਵਿਚ ਜ਼ਖ਼ਮੀ ਹੋਏ 5 ਨੌਜਵਾਨ ਆਪਣੇ ਬਿਆਨਾਂ ’ਤੇ ਵੱਖ-ਵੱਖ ਐੱਫ. ਆਈ. ਆਰ. ਦਰਜ ਕਰਵਾਉਣ ਦੀ ਤਿਆਰੀ ਕਰ ਰਹੇ ਹਨ। ਹਾਲਾਂਕਿ 2 ਨੌਜਵਾਨਾਂ ਦੇ ਪੁਲਸ ਨੇ ਬਿਆਨ ਦਰਜ ਵੀ ਕਰ ਲਏ ਹਨ। ਇਸ ਮਾਮਲੇ ਵਿਚ ਨਾਮਜ਼ਦ ਯੁਵਰਾਜ ਠਾਕੁਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਉਹ ਵੱਖ-ਵੱਖ ਹਥਿਆਰਾਂ ਨਾਲ ਨਜ਼ਰ ਆ ਰਿਹਾ ਹੈ ਅਤੇ ਉਸਨੇ ਆਪਣੀਆਂ ਤਸਵੀਰਾਂ ਫੇਸਬੁੱਕ ’ਤੇ ਪਾਈਆਂ ਹੋਈਆਂ ਹਨ।

ਹੈਰਾਨੀ ਦੀ ਗੱਲ ਹੈ ਕਿ ਯੁਵਰਾਜ ਅਜਿਹੀਆਂ ਤਸਵੀਰਾਂ 2018 ਤੋਂ ਆਪਣੇ ਫੇਸਬੁੱਕ ਅਕਾਊਂਟ ’ਤੇ ਪਾ ਰਿਹਾ ਹੈ ਪਰ ਪੁਲਸ ਦੀ ਉਸ ’ਤੇ ਨਜ਼ਰ ਹੀ ਨਹੀਂ ਪਈ। ਦੇਰ ਸ਼ਾਮ ਪੁਲਸ ਨੇ ਯੁਵਰਾਜ ਠਾਕੁਰ ਧਿਰ ਦੇ ਵੀ ਬਿਆਨ ਦਰਜ ਕਰ ਲਏ ਸਨ। ਹੁਣ ਇਹ ਮਾਮਲਾ ਕਰਾਸ ਪਰਚੇ ਵੱਲ ਵਧਣ ਲੱਗਾ ਹੈ। ਯੁਵਰਾਜ ਠਾਕੁਰ ਦੀ ਇਕ ਤਸਵੀਰ ਏ. ਕੇ. 47 ਨਾਲ ਵੀ ਹੈ।

ਇਹ ਵੀ ਪੜ੍ਹੋ :  ਜਲੰਧਰ 'ਚ ਪੁਲਸ ਲਈ ਮੁਸੀਬਤ ਬਣਿਆ ਫਤਿਹ ਗਰੁੱਪ, ਛਾਪੇਮਾਰੀ ਕਰ ਰਹੀਆਂ CIA ਸਟਾਫ਼ ਦੀਆਂ ਟੀਮਾਂ

PunjabKesari

ਪ੍ਰੋਫੈਸਰ ਦੇ ਬੇਟੇ ਦੀ 9 ਐੱਮ. ਐੱਮ. ਦੇ ਹਥਿਆਰ ਨਾਲ ਤਸਵੀਰ ਵਾਇਰਲ
ਇਸੇ ਘਟਨਾ ਵਿਚਕਾਰ ਇਕ ਕਾਲਜ ਦੇ ਪ੍ਰੋਫੈਸਰ ਦੇ ਬੇਟੇ ਦੀ ਵੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿਚ ਉਸਨੇ 9 ਐੱਮ. ਐੱਮ. ਦਾ ਹਥਿਆਰ ਫੜਿਆ ਹੋਇਆ ਹੈ। ਇਹ ਨੌਜਵਾਨ ਉਸੇ ਕਾਲਜ ਵਿਚ ਪੜ੍ਹਦਾ ਹੈ, ਜਿਥੇ ਉਸਦਾ ਪਿਤਾ ਪ੍ਰੋਫੈਸਰ ਹੈ। ਇਹ ਫੋਟੋ ਉਸ ਨੇ ਆਪਣੇ ਇੰਸਟਾਗ੍ਰਾਮ ’ਤੇ ਲੋਡ ਕੀਤੀ ਸੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਈ। ਇਹ ਨੌਜਵਾਨ ਥਾਣਾ ਨੰਬਰ 1 ਦੇ ਇਲਾਕੇ ਵਿਚ ਰਹਿੰਦਾ ਹੈ।

ਇਹ ਵੀ ਪੜ੍ਹੋ :  ਦੁਬਈ 'ਚ ਨੌਜਵਾਨ ਨੂੰ ਗੋਲੀ ਮਾਰਨ ਦੇ ਮਿਲੇ ਹੁਕਮ ਤੋਂ ਦੁਖੀ ਮਾਪਿਆਂ ਨੇ ਕੇਂਦਰੀ ਮੰਤਰੀ ਨੂੰ ਕੀਤੀ ਫਰਿਆਦ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


shivani attri

Content Editor

Related News