ਨਿਗਮ ਦੀ ਕਾਰਗੁਜ਼ਾਰੀ ਤੋਂ ਨਾਰਾਜ਼ ਹਨ ਸ਼ਹਿਰ ਦੇ ਵਿਧਾਇਕ

06/24/2018 11:10:04 AM

ਜਲੰਧਰ (ਖੁਰਾਣਾ)— ਜਲੰਧਰ ਨਗਰ ਨਿਗਮ 'ਤੇ ਕਾਂਗਰਸ ਦਾ ਕਬਜ਼ਾ ਹੋਏ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਸ਼ਹਿਰ ਦੇ ਕਾਂਗਰਸੀ ਵਿਧਾਇਕ ਨਗਰ ਨਿਗਮ ਦੀ ਕਾਰਗੁਜ਼ਾਰੀ ਖਾਸ ਕਰਕੇ ਸਫਾਈ ਵਿਵਸਥਾ ਦੀ ਬਦਹਾਲ ਸਥਿਤੀ ਤੋਂ ਨਾਰਾਜ਼ ਹਨ। ਸੋਮਵਾਰ ਨੂੰ ਹੋਣ ਜਾ ਰਹੀ ਕੌਂਸਲਰ ਹਾਊਸ ਦੀ ਮੀਟਿੰਗ ਤੋਂ ਸਾਬਕਾ ਕੌਂਸਲਰਾਂ ਦੀ ਨਬਜ਼ ਟਟੋਲਣ ਲਈ ਮੇਅਰ ਜਗਦੀਸ਼ ਰਾਜਾ ਨੇ ਚਾਰਾਂ ਵਿਧਾਇਕਾਂ ਅਤੇ ਉਨ੍ਹਾਂ ਦੇ ਖੇਤਰ ਦੇ ਕੌਂਸਲਰਾਂ ਨਾਲ ਮੀਟਿੰਗ ਕਰਨ ਦਾ ਜੋ ਸਿਲਸਿਲਾ ਸ਼ੁਰੂ ਕੀਤਾ ਹੈ ਉਸ ਦੇ ਤਹਿਤ ਵਿਧਾਇਕ ਪਰਗਟ ਸਿੰਘ ਅਤੇ ਵਿਧਾਇਕ ਰਾਜਿੰਦਰ ਬੇਰੀ ਦੇ ਨਾਲ ਸ਼ਨੀਵਾਰ ਮੇਅਰ ਦੀਆਂ ਮੀਟਿੰਗਾਂ ਹੋਈਆਂ, ਜਿਸ ਦੌਰਾਨ ਖੇਤਰਾਂ ਦੇ ਕੌਂਸਲਰ ਵੀ ਮੌਜੂਦ ਰਹੇ। ਦੋਵੇਂ ਹੀ ਮੀਟਿੰਗਾਂ ਦੌਰਾਨ ਜ਼ਿਆਦਾਤਰ ਕੌਂਸਲਰਾਂ ਨੇ ਸਫਾਈ ਕਰਮਚਾਰੀਆਂ ਦੀ ਵੰਡ 'ਤੇ ਰੋਸ ਜਤਾਇਆ ਅਤੇ ਵਾਰਡਾਂ ਵਿਚ ਸਫਾਈ ਨਾ ਹੋਣ ਦੀ ਗੱਲ ਕਹੀ। ਕਈਆਂ ਨੇ ਸੀਵਰਮੈਨਾਂ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਰੱਖੀ, ਕੌਂਸਲਰਾਂ ਨੇ ਆਪਣੇ ਇਲਾਕਿਆਂ 'ਚ ਬੰਦ ਪਈਆਂ ਸਟਰੀਟ ਲਾਈਟਾਂ, ਪਾਣੀ ਦੀ ਕਮੀ ਨਾਲ ਸਬੰਧਤ ਮੁੱਦੇ ਵੀ ਉਠਾਏ।
ਵਿਧਾਇਕ ਬੇਰੀ ਨੇ ਜਿੱਥੇ ਮੀਟਿੰਗ ਦੌਰਾਨ ਨਿਗਮ ਅਧਿਕਾਰੀਆਂ ਨੂੰ ਸੁਧਰ ਜਾਣ ਦੇ ਨਿਰਦੇਸ਼ ਦਿੱਤੇ ਅਤੇ ਕੌਂਸਲਰਾਂ ਦੀ ਸਮੱਸਿਆ 'ਤੇ ਤੁਰੰਤ ਕਾਰਵਾਈ ਕਰਨ ਨੂੰ ਕਿਹਾ। ਉਥੇ ਵਿਧਾਇਕ ਪਰਗਟ ਸਿੰਘ ਨੇ ਵੀ ਨਿਗਮ ਅਧਿਕਾਰੀਆਂ ਨੂੰ ਆਪਣੀ ਡਿਊਟੀ ਸਹੀ ਢੰਗ ਨਾਲ ਕਰਨ ਲਈ ਕਿਹਾ। ਵਿਧਾਇਕ ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਕੈਂਟ ਖੇਤਰ ਵਿਚ ਪੈਂਦੇ ਸਾਰੇ ਵਾਰਡਾਂ ਵਿਚ ਤਾਇਨਾਤ ਨਿਗਮ ਸਟਾਫ ਦਾ ਪੂਰਾ ਬਿਓਰਾ ਮੁਹੱਈਆ ਕਰਵਾਇਆ ਜਾਵੇ। ਉਹ ਨਿਗਮ ਦੀ ਕਾਰਜਪ੍ਰਣਾਲੀ ਬਾਰੇ ਹਰ ਮਹੀਨੇ ਮੀਟਿੰਗ ਕਰਨਗੇ। 
ਬੈਠਕ ਦੌਰਾਨ ਕੌਂਸਲਰ ਪ੍ਰਭਦਿਆਲ ਨੇ ਗੜ੍ਹਾ ਦੀ ਵਾਦ-ਵਿਵਾਦ  ਵਾਲੀ ਨਾਜਾਇਜ਼ ਬਿਲਡਿੰਗ ਦਾ ਮਾਮਲਾ ਵੀ ਉਠਾਇਆ, ਜਿਸ 'ਤੇ ਐੱਸ. ਟੀ. ਪੀ. ਪਰਮਪਾਲ ਸਿੰਘ ਨੇ ਕਿਹਾ ਕਿ ਉਹ ਮੌਕੇ ਦਾ ਦੌਰਾ ਕਰਨਗੇ। ਕੁਝ ਕੌਂਸਲਰਾਂ ਨੇ ਆਪਣੇ ਵਾਰਡਾਂ ਵਿਚ ਨਾਜਾਇਜ਼ ਡੇਅਰੀਆਂ ਅਤੇ ਨਾਜਾਇਜ਼ ਪਸ਼ੂਆਂ ਦਾ ਮਾਮਲਾ ਵੀ  ਉਠਾਇਆ।
ਅਰੁਣਾ ਅਰੋੜਾ ਨੇ ਮੰਗੀ ਨਾਜਾਇਜ਼ ਬਿਲਡਿੰਗਾਂ/ਕਾਲੋਨੀਆਂ ਦੀ ਸੂਚੀ
ਕੈਂਟ ਖੇਤਰ ਦੀ ਬੈਠਕ ਦੌਰਾਨ ਕੌਂਸਲਰ ਅਰੁਣਾ ਅਰੋੜਾ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਨਿਸ਼ਾਨੇ 'ਤੇ ਲਈਆਂ ਗਈਆਂ 93 ਨਾਜਾਇਜ਼ ਬਿਲਡਿੰਗਾਂ ਅਤੇ ਕਾਲੋਨੀਆਂ ਦੀ ਸੂਚੀ ਮੇਅਰ ਤੋਂ ਮੰਗੀ। ਜਿਸ ਨੂੰ ਸੋਮਵਾਰ ਤੱਕ ਮੁਹੱਈਆ ਕਰਵਾਉਣ ਲਈ ਕਿਹਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਬਤੌਰ ਕੌਂਸਲਰ ਉਨ੍ਹਾਂ ਨੂੰ ਬਿਨਾਂ ਨਕਸ਼ਾ ਪਾਸ ਕਰਵਾਏ ਨਾਜਾਇਜ਼ ਤੌਰ 'ਤੇ ਬਣ ਰਹੀਆਂ ਬਿਲਡਿੰਗਾਂ ਅਤੇ ਕੱਟ ਰਹੀਆਂ ਕਾਲੋਨੀਆਂ ਅਤੇ ਉਨ੍ਹਾਂ ਦੇ ਮਾਲਕਾਂ ਬਾਰੇ ਸੂਚਨਾ ਹੋਣੀ ਚਾਹੀਦੀ ਹੈ। ਅਰੁਣਾ ਅਰੋੜਾ ਦਾ ਇਹ ਵੀ ਰੋਸ ਸੀ ਕਿ ਉਨ੍ਹਾਂ ਦੇ ਵਾਰਡ ਵਿਚ 45 ਗਲੀਆਂ ਅਤੇ ਮਾਡਲ ਟਾਊਨ, ਨਿਊ ਜਵਾਹਰ ਨਗਰ, ਲਾਜਪਤ ਨਗਰ ਅਜਿਹੇ ਖੇਤਰ ਹਨ ਪਰ ਉਨ੍ਹਾਂ ਨੂੰ ਸਿਰਫ 11 ਸਫਾਈ ਕਰਮਚਾਰੀ ਅਲਾਟ ਹਨ। ਜਿਨ੍ਹਾਂ ਵਿਚੋਂ 6 ਔਰਤਾਂ ਹਨ।