ਕਾਂਗਰਸੀਆਂ ਦੇ ਰਹਿੰਦੇ ਨਿਗਮ ਠੇਕੇਦਾਰਾਂ ਨੇ ਜੋ ਮੌਜ ਕਰ ਲਈ, ਉਹ ਹੁਣ ਖ਼ਤਮ ਹੋਈ

07/21/2022 2:48:36 PM

ਜਲੰਧਰ (ਖੁਰਾਣਾ)– ਪਿਛਲੇ 5 ਸਾਲ ਪੰਜਾਬ ਦੇ ਨਾਲ-ਨਾਲ ਜਲੰਧਰ ਨਿਗਮ ’ਤੇ ਵੀ ਕਾਂਗਰਸ ਦਾ ਰਾਜ ਰਿਹਾ। ਪੰਜਾਬ ਪੱਧਰ ’ਤੇ ਜਿੱਥੇ ਕਾਂਗਰਸੀਆਂ ਨੇ ਮਾਈਨਿੰਗ, ਸ਼ਰਾਬ, ਟਰਾਂਸਪੋਰਟ ਮਾਫ਼ੀਆ ਅਤੇ ਟੈਂਡਰਾਂ ਵਿਚ ਕਮੀਸ਼ਨ ਕਾਰਨ ਖੂਬ ਲੁੱਟ ਮਚਾਈ, ਉਥੇ ਹੀ ਜਲੰਧਰ ਨਿਗਮ ਵਿਚ ਵੀ ਪਿਛਲੇ 5 ਸਾਲ ਖੁਲ੍ਹੇਆਮ ਭ੍ਰਿਸ਼ਟਾਚਾਰ ਅਤੇ ਕਮੀਸ਼ਨਬਾਜ਼ੀ ਹੋਈ, ਜਿਸ ਵਿਚ ਸ਼ਹਿਰ ਦੇ ਕਈ ਕਾਂਗਰਸੀ ਨੇਤਾ ਤੱਕ ਖੁਦ ਸ਼ਾਮਲ ਰਹੇ।

ਕਾਂਗਰਸ ਸਰਕਾਰ ਦੌਰਾਨ ਨਿਗਮ ਵਿਚ ਸਿਆਸੀ ਠੇਕੇਦਾਰਾਂ ਦੀ ਐਂਟਰੀ ਹੋਈ, ਜਿਨ੍ਹਾਂ ਨੇ ਸੱਤਾ ਧਿਰ ਦੇ ਆਸ਼ੀਰਵਾਦ ਨਾਲ ਖੁੱਲ੍ਹ ਕੇ ਘਟੀਆ ਕੰਮ ਕੀਤੇ। ਇਹ ਇਕ ਅਜਿਹਾ ਕਾਰਜਕਾਲ ਸੀ, ਜਿਸ ਦੌਰਾਨ ਠੇਕੇਦਾਰ ਦੇ ਕਿਸੇ ਘਟੀਆ ਕੰਮ ਦੀ ਜਾਂਚ ਤੱਕ ਨਹੀਂ ਹੋਈ, ਸੈਂਕੜੇ ਸ਼ਿਕਾਇਤਾਂ ਨੂੰ ਦਬਾਅ ਲਿਆ ਗਿਆ, ਕੋਈ ਸੈਂਪਲ ਨਹੀਂ ਭਰੇ ਗਏ ਅਤੇ ਕਿਸੇ ਠੇਕੇਦਾਰ ਨੂੰ ਬਲੈਕਲਿਸਟ ਤੱਕ ਨਹੀਂ ਕੀਤਾ ਗਿਆ।
ਉਸ ਸਰਕਾਰ ਦੇ ਰਹਿੰਦਿਆਂ ਨਿਗਮ ਦੇ ਅਫਸਰਾਂ ਨੇ ਵੀ ਆਪਣੇ ਦਫ਼ਤਰਾਂ ਵਿਚ ਬੈਠ ਕੇ ਠੇਕੇਦਾਰਾਂ ਤੋਂ ਕਮੀਸ਼ਨ ਦੇ ਲਿਫ਼ਾਫ਼ੇ ਲਏ। ਅਫ਼ਸਰਾਂ ਦੇ ਮਨਾਂ ਵਿਚੋਂ ਵਿਜੀਲੈਂਸ ਵਰਗੇ ਵਿਭਾਗਾਂ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਗਿਆ। ਉਦੋਂ ਜੇ. ਈ. ਤੋਂ ਲੈ ਕੇ ਕਮਿਸ਼ਨਰ ਲੈਵਲ ਤੱਕ ਦੇ ਅਧਿਕਾਰੀਆਂ ਨੂੰ ਖੁੱਲ੍ਹੀ ਛੋਟ ਦਿੱਤੀ ਹੋਈ ਸੀ ਪਰ ਹੁਣ ਹਾਲਾਤ ਬਦਲ ਗਏ ਹਨ। ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਸਰਕਾਰੀ ਭ੍ਰਿਸ਼ਟਾਚਾਰ ’ਤੇ ਕੁਝ ਰੋਕ ਲੱਗੀ ਹੈ ਅਤੇ ਨਿਗਮ ਵਿਚ ਹੁਣ ਅਫਸਰ ਰਿਸ਼ਵਤ ਲੈਣ ਤੋਂ ਡਰਨ ਲੱਗੇ ਹਨ। ਅਜਿਹੇ ਵਿਚ ਕਾਂਗਰਸੀਆਂ ਦੇ ਰਹਿੰਦੇ ਹੋਏ ਨਿਗਮ ਠੇਕੇਦਾਰਾਂ ਦੀ ਜੋ ਮੌਜ ਲੱਗੀ ਹੋਈ ਸੀ, ਉਹ ਵੀ ਹੁਣ ਖ਼ਤਮ ਜਿਹੀ ਹੋ ਗਈ ਹੈ। ਜਿਨ੍ਹਾਂ ਠੇਕੇਦਾਰਾਂ ਨੂੰ ਘਰ ਬੁਲਾ ਕੇ 100 ਫ਼ੀਸਦੀ ਪੇਮੈਂਟ ਦਿੱਤੀ ਜਾਂਦੀ ਸੀ, ਉਹ ਅੱਜ ਚੈੱਕ ਮੰਗਣ ਲਈ ਨਿਗਮ ਦੇ ਚੱਕਰ ਲਗਾ ਰਹੇ ਹਨ।

ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਮਨੂੰ ਤੇ ਜਗਰੂਪ ਰੂਪਾ ਦਾ ਪੰਜਾਬ ਪੁਲਸ ਵੱਲੋਂ ਐਨਕਾਊਂਟਰ, ਜਾਣੋ ਕਦੋਂ ਕੀ-ਕੀ ਹੋਇਆ

ਸਿਰਫ਼ ਚਹੇਤਿਆਂ ਦੀ ਹੋ ਰਹੀ ਪੇਮੈਂਟ, ਨਾਰਥ ਅਤੇ ਕੈਂਟ ਨਾਲ ਹੋ ਰਿਹਾ ਭੇਦਭਾਵ
ਬੁੱਧਵਾਰ ਨਗਰ ਨਿਗਮ ਦੇ ਕਈ ਪ੍ਰਮੁੱਖ ਠੇਕੇਦਾਰ ਮੇਅਰ ਜਗਦੀਸ਼ ਰਾਜਾ ਨੂੰ ਮਿਲਣ ਗਏ ਅਤੇ ਦੱਸਿਆ ਕਿ ਉਨ੍ਹਾਂ ਨੂੰ ਇਸ ਸਾਲ ਅਪ੍ਰੈਲ ਵਿਚ 20 ਫ਼ੀਸਦੀ ਪੇਮੈਂਟ ਹੋਈ ਸੀ, ਉਸ ਤੋਂ ਬਾਅਦ ਲਗਭਗ 20 ਕਰੋੜ ਦੀਆਂ ਫਾਈਲਾਂ ਲਟਕੀਆਂ ਪਈਆਂ ਹਨ ਅਤੇ 10 ਕਰੋੜ ਦੇ ਰਨਿੰਗ ਬਿੱਲ ਪਾਈਪਲਾਈਨ ਵਿਚ ਹਨ, ਜਿਨ੍ਹਾਂ ਨੂੰ ਪਾਸ ਨਹੀਂ ਕੀਤਾ ਜਾ ਰਿਹਾ। ਠੇਕੇਦਾਰਾਂ ਦੀ ਆਰਥਿਕ ਸਥਿਤੀ ਪ੍ਰਭਾਵਿਤ ਹੋ ਰਹੀ ਹੈ, ਉਨ੍ਹਾਂ ਨੂੰ ਪੇਮੈਂਟ ਜਲਦ ਰਿਲੀਜ਼ ਕਰਵਾਈ ਜਾਵੇ।

ਮੇਅਰ ਨੂੰ ਮਿਲਣ ਤੋਂ ਪਹਿਲਾਂ ਠੇਕੇਦਾਰਾਂ ਨੇ ਆਪਸੀ ਚਰਚਾ ਦੌਰਾਨ ਸਵੀਕਾਰ ਕੀਤਾ ਕਿ ਇਸ ਸਮੇਂ ਜਲੰਧਰ ਨਾਰਥ ਅਤੇ ਜਲੰਧਰ ਕੈਂਟ ਵਿਧਾਨ ਸਭਾ ਹਲਕਿਆਂ, ਜਿੱਥੇ ਕਾਂਗਰਸ ਦੇ ਵਿਧਾਇਕ ਹਨ, ਉਥੇ ਠੇਕੇਦਾਰਾਂ ਨੂੰ ਪੇਮੈਂਟ ਬਿਲਕੁਲ ਨਹੀਂ ਹੋ ਰਹੀ ਅਤੇ ਵੈਸਟ ਵਿਧਾਨ ਸਭਾ ਹਲਕੇ ਦੀ ਪੇਮੈਂਟ ਜਲਦ ਰਿਲੀਜ਼ ਹੋ ਰਹੀ ਹੈ। ਸੈਂਟਰਲ ਵਿਧਾਨ ਸਭਾ ਵਿਚ ਵੀ ਕੁਝ ਠੇਕੇਦਾਰਾਂ ਨੂੰ ਹੀ ਪੇਮੈਂਟ ਹੋਈ ਹੈ। ਇਸ ਦੌਰਾਨ ਪਤਾ ਲੱਗਾ ਹੈ ਕਿ ਨਿਗਮ ਠੇਕੇਦਾਰਾਂ ਨੇ ਪੇਮੈਂਟ ਨਾ ਮਿਲਣ ਦਾ ਬਹਾਨਾ ਲਗਾ ਕੇ ਸ਼ਹਿਰ ਵਿਚ ਲਗਭਗ 80-85 ਫੀਸਦੀ ਕੰਮ ਰੋਕ ਦਿੱਤੇ ਹਨ। ਵਿਕਾਸ ਕੰਮ ਰੁਕਣ ਨਾਲ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਨ੍ਹਾਂ ਨੂੰ ਆਗਾਮੀ ਨਿਗਮ ਚੋਣਾਂ ਦੀ ਚਿੰਤਾ ਸਤਾਉਣ ਲੱਗੀ ਹੈ।
ਇਹ ਵੀ ਪੜ੍ਹੋ: ਮੂਸੇਵਾਲਾ ਦੇ ਕਾਤਲਾਂ ਨੂੰ ਪੁਲਸ ਨੇ ਇੰਝ ਪਾਇਆ ਸੀ ਘੇਰਾ, ਚਸ਼ਮਦੀਦਾਂ ਨੇ ਬਿਆਨ ਕੀਤਾ ਐਨਕਾਊਂਟਰ ਦਾ ਮੰਜ਼ਰ 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News