ਵੱਡੀ ਨਾਲਾਇਕੀ, 2 ਸਾਲਾਂ ’ਚ ਨਿਗਮ ਨੇ ਬਣਾਏ 200 ਪਿਟਸ, 2 ਕਿਲੋ ਕੂੜੇ ਤੋਂ ਵੀ ਨਹੀਂ ਬਣ ਸਕੀ ਖਾਦ

07/20/2022 2:07:33 PM

ਜਲੰਧਰ (ਖੁਰਾਣਾ)–ਪੂਰੇ ਪੰਜਾਬ ਵਿਚ ਸਵੱਛ ਭਾਰਤ ਮਿਸ਼ਨ ਬੁਰੀ ਤਰ੍ਹਾਂ ਫੇਲ ਸਾਬਿਤ ਹੋ ਚੁੱਕਾ ਹੈ ਅਤੇ ਸੂਬੇ ਦੇ ਪ੍ਰਮੁੱਖ ਸ਼ਹਿਰ ਗੰਦਗੀ ਦੇ ਢੇਰ ਵਿਚ ਤਬਦੀਲ ਹੁੰਦੇ ਜਾ ਰਹੇ ਹਨ। ਇਨ੍ਹਾਂ ਸ਼ਹਿਰਾਂ ਵਿਚੋਂ ਜਲੰਧਰ ਦੀ ਹਾਲਤ ਸਭ ਤੋਂ ਬੁਰੀ ਹੈ, ਜਿੱਥੇ ਨਾ ਤਾਂ ਪੁਰਾਣੇ ਕੂੜੇ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਰੋਜ਼ਾਨਾ ਪੈਦਾ ਹੋ ਰਹੇ 500 ਟਨ ਤੋਂ ਵੱਧ ਕੂੜੇ ਨੂੰ ਹੀ ਟਿਕਾਣੇ ਲਾਉਣ ਦਾ ਕੋਈ ਇੰਤਜ਼ਾਮ ਹੈ।
ਜਲੰਧਰ ਨਗਰ ਨਿਗਮ ਦੀ ਗੱਲ ਕਰੀਏ ਤਾਂ ਸ਼ਹਿਰ ਦੀ ਸਾਫ਼-ਸਫ਼ਾਈ ਅਤੇ ਕੂੜੇ ਦੀ ਸਮੱਸਿਆ ਨਾਲ ਨਜਿੱਠਣ ਦੇ ਮਾਮਲੇ ਵਿਚ ਕਾਂਗਰਸ ਸਰਕਾਰ ਬਿਲਕੁਲ ਫੇਲ ਸਾਬਿਤ ਹੋਈ ਹੈ, ਜਿਸ ਨੇ ਪੰਜਾਬ ਦੇ ਨਾਲ-ਨਾਲ ਪਿਛਲੇ 5 ਸਾਲ ਜਲੰਧਰ ਨਿਗਮ ’ਤੇ ਵੀ ਰਾਜ ਕੀਤਾ। ਕਾਂਗਰਸ ਅਤੇ ਨਿਗਮ ਦੀ ਇਸ ਤੋਂ ਵੱਡੀ ਨਾਲਾਇਕੀ ਹੋਰ ਕੀ ਹੋਵੇਗੀ ਕਿ ਪਿਛਲੇ 2 ਸਾਲਾਂ ਦੌਰਾਨ ਜਲੰਧਰ ਨਿਗਮ ਨੇ ਕਰੋੜਾਂ ਰੁਪਏ ਖਰਚ ਕਰ ਕੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ’ਤੇ 200 ਦੇ ਲਗਭਗ ਪਿਟਸ ਬਣਾਏ ਤਾਂ ਕਿ ਉਨ੍ਹਾਂ ਵਿਚ ਗਿੱਲਾ ਕੂੜਾ ਪਾ ਕੇ ਉਸ ਨੂੰ ਖਾਦ ਦੇ ਰੂਪ ਵਿਚ ਬਦਲਿਆ ਜਾ ਸਕੇ ਪਰ ਹੈਰਾਨੀਜਨਕ ਤੱਥ ਇਹ ਹੈ ਕਿ ਦੋ ਸਾਲਾਂ ਵਿਚ ਨਿਗਮ 2 ਕਿਲੋ ਕੂੜੇ ਤੋਂ ਵੀ ਖਾਦ ਨਹੀਂ ਬਣਾ ਸਕਿਆ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਚੰਡੀਗੜ੍ਹ ਬੈਠੇ ਅਧਿਕਾਰੀਆਂ ਵਿਚ ਵੀ ਹਲਚਲ ਹੋਈ ਅਤੇ ਉਨ੍ਹਾਂ ਸ਼ਹਿਰਾਂ ਦੀ ਸਾਫ-ਸਫਾਈ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ।

ਇਨ੍ਹਾਂ ਥਾਵਾਂ ’ਤੇ ਬਣੇ ਹਨ ਪਿਟ ਕੰਪੋਸਟਿੰਗ ਯੂਨਿਟ
ਫੋਲੜੀਵਾਲ : 55 ਪਿਟਸ
ਦਕੋਹਾ : 53 ਪਿਟਸ
ਨੰਗਲਸ਼ਾਮਾ : 32 ਪਿਟਸ
ਬੜਿੰਗ : 24 ਪਿਟਸ
ਬਸਤੀ ਸ਼ੇਖ : 24 ਪਿਟਸ

ਇਹ ਵੀ ਪੜ੍ਹੋ: 26,000 ਨਵੀਆਂ ਭਰਤੀਆਂ ਕਰਨਾ ਤੇ 36,000 ਮੁਲਾਜ਼ਮਾਂ ਨੂੰ ਪੱਕਾ ਕਰਨਾ ਸਰਕਾਰ ਦੀ ਪ੍ਰਮੁੱਖ ਤਰਜੀਹ: ਵਿਜੇ ਜੰਜੂਆ

ਸਵੱਛ ਭਾਰਤ ਮਿਸ਼ਨ ਦੇ ਡਾਇਰੈਕਟਰ ਨੇ ਕੀਤਾ ਪਿਟਸ ਦਾ ਦੌਰਾ
ਸਵੱਛ ਭਾਰਤ ਮਿਸ਼ਨ ਦੇ ਡਾਇਰੈਕਟਰ ਡਾ. ਪੂਰਨ ਸਿੰਘ ਨੇ ਮੰਗਲਵਾਰ ਜਲੰਧਰ ਨਿਗਮ ਆ ਕੇ ਕਮਿਸ਼ਨਰ ਦਵਿੰਦਰ ਸਿੰਘ, ਜੁਆਇੰਟ ਕਮਿਸ਼ਨਰ ਸ਼ਿਖਾ ਭਗਤ ਅਤੇ ਸੈਨੀਟੇਸ਼ਨ ਵਿਭਾਗ ਨਾਲ ਜੁੜੇ ਉੱਚ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਅਤੇ ਇਸ ਤੋਂ ਬਾਅਦ ਸ਼ਹਿਰ ਵਿਚ ਉਨ੍ਹਾਂ ਥਾਵਾਂ ਦਾ ਦੌਰਾ ਕੀਤਾ, ਜਿੱਥੇ ਪਿਟ ਕੰਪੋਸਟਿੰਗ ਯੂਨਿਟ ਬਣੇ ਹੋਏ ਹਨ। ਇਹ ਟੀਮ ਪਿੰਡ ਦਕੋਹਾ, ਫੋਲੜੀਵਾਲ ਅਤੇ ਬੜਿੰਗ ਗਈ, ਜਿੱਥੇ 125 ਤੋਂ ਜ਼ਿਆਦਾ ਪਿਟਸ ਬਣੇ ਹੋਏ ਸਨ ਪਰ ਉਨ੍ਹਾਂ ਵਿਚ ਕੂੜੇ ਤੋਂ ਖਾਦ ਨਹੀਂ ਬਣ ਪਾ ਰਹੀ ਸੀ। ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਨ੍ਹਾਂ ਯੂਨਿਟਸ ਨੂੰ ਚਲਾਉਣ ਲਈ ਨਾ ਤਾਂ ਵਰਕ ਫੋਰਸ, ਨਾ ਮਸ਼ੀਨਰੀ ਤੇ ਨਾ ਹੀ ਹੋਰ ਸਾਧਨ ਦਿੱਤੇ ਗਏ, ਜਿਸ ਕਾਰਨ ਕੂੜੇ ਦੀ ਮੈਨੇਜਮੈਂਟ ਦਾ ਕੰਮ ਹੋ ਹੀ ਨਹੀਂ ਸਕਿਆ। ਡਾ. ਪੂਰਨ ਸਿੰਘ ਨੇ ਇਸ ਦੌਰਾਨ ਨਿਗਮ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਪਿਟ ਕੰਪੋਸਟਿੰਗ ਯੂਨਿਟਸ ਨੂੰ ਚਲਾਉਣ ਲਈ ਸਟਾਫ ਦਾ ਪ੍ਰਬੰਧ ਕੀਤਾ ਜਾਵੇ ਅਤੇ ਮਸ਼ੀਨਰੀ ਦੇ ਨਾਲ-ਨਾਲ ਇਨਫਰਾਸਟਰੱਕਚਰ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਕਿ ਗਿੱਲੇ ਕੂੜੇ ਨੂੰ ਖਾਦ ਦੇ ਰੂਪ ਵਿਚ ਬਦਲ ਕੇ ਸ਼ਹਿਰ ਦੇ ਕੂੜੇ ਨੂੰ ਘੱਟ ਕੀਤਾ ਜਾ ਸਕੇ।

ਇਕ ਯੂਨਿਟ ’ਤੇ ਕੇਸ ਤਾਂ ਦੂਜੇ ’ਤੇ ਸ਼ੈੱਡ ਹੀ ਨਹੀਂ
ਨਿਗਮ ਅਧਿਕਾਰੀਆਂ ਦੀ ਲਾਪ੍ਰਵਾਹੀ ਦੀ ਹੱਦ ਇਹ ਹੈ ਕਿ ਬਸਤੀ ਸ਼ੇਖ ਦੀ ਦੁਸਹਿਰਾ ਗਰਾਊਂਡ ਦੇ ਨੇੜੇ ਪਿਟ ਕੰਪੋਸਟਿੰਗ ਯੂਨਿਟ ਤਾਂ ਬਣਾ ਦਿੱਤਾ ਗਿਆ ਪਰ ਉਥੇ ਇਸਦੇ ਉਪਰ ਸ਼ੈੱਡ ਹੀ ਨਹੀਂ ਪਾਈ ਗਈ, ਜਿਸ ਕਾਰਨ ਇਸ ਨੂੰ ਵਰਤੋਂ ਵਿਚ ਹੀ ਨਹੀਂ ਲਿਆਂਦਾ ਜਾ ਸਕਿਆ। ਇਸੇ ਤਰ੍ਹਾਂ ਨਿਗਮ ਨੇ ਪਿੰਡ ਨੰਗਲਸ਼ਾਮਾ ਵਿਚ ਜਿਹੜਾ ਪਹਿਲਾ ਪਿਟ ਕੰਪੋਸਟਿੰਗ ਯੂਨਿਟ ਤਿਆਰ ਕੀਤਾ ਸੀ, ਉਸ ਦਾ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ, ਜਿਸ ਨੂੰ ਨਿਗਮ ਗੰਭੀਰਤਾ ਨਾਲ ਨਹੀਂ ਲੈ ਰਿਹਾ।

ਇਹ ਵੀ ਪੜ੍ਹੋ: ਪੰਜਾਬ ਦੀ ਸਿੱਖ ਸਿਆਸਤ ’ਚ ਵੱਡੀ ਹਲਚਲ, ਬਾਦਲਾਂ ਦੇ ਵਿਰੋਧੀ ਕਾਲਕਾ ਦੇ ਪ੍ਰੋਗਰਾਮ ’ਚ ਪਹੁੰਚੇ ਸੰਤ ਹਰਨਾਮ ਸਿੰਘ ਧੁੰਮਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News