ਜਿੱਥੇ ਕਬਜ਼ੇ ਹੁੰਦੇ ਸਨ ਉਥੇ ਪਾਰਕ ਕੀਤੀਆਂ ਜਾ ਰਹੀਆਂ ਗੱਡੀਆਂ, ਜਾਮ ਤੋਂ ਮਿਲੀ ਮੁਕਤੀ

01/11/2020 3:50:11 PM

ਜਲੰਧਰ (ਵਰੁਣ)— ਪਲਾਜ਼ਾ ਚੌਕ ਤੋਂ ਭਗਵਾਨ ਵਾਲਮੀਕਿ ਚੌਕ ਤੱਕ ਟ੍ਰੈਫਿਕ ਪੁਲਸ ਅਤੇ ਨਿਗਮ ਦੀਆਂ ਟੀਮਾਂ ਵੱਲੋਂ ਕਬਜ਼ੇ ਹਟਾਉਣ ਦੀ ਕਾਰਵਾਈ ਦੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਰੋਡ ਕਿਨਾਰੇ ਜਿੱਥੇ ਕਬਜ਼ੇ ਹੁੰਦੇ ਸਨ, ਉਥੇ ਹੁਣ ਸਹੀ ਢੰਗ ਨਾਲ ਯੈਲੋ ਲਾਈਨ ਦੇ ਅੰਦਰ ਗੱਡੀਆਂ ਪਾਰਕ ਹੋ ਰਹੀਆਂ ਹਨ, ਜਿਸ ਨਾਲ ਜਾਮ ਤੋਂ ਛੁਟਕਾਰਾ ਮਿਲਿਆ ਹੈ। ਇਸ ਤੋਂ ਪਹਿਲਾਂ ਯੈਲੋ ਲਾਈਨ ਦੇ ਅੰਦਰ ਫੜ੍ਹੀਆਂ ਅਤੇ ਰੇਹੜੀਆਂ ਵਾਲਿਆਂ ਦੇ ਕਬਜ਼ੇ ਹੋਣ ਕਾਰਨ ਗੱਡੀਆਂ ਸੜਕ 'ਤੇ ਖੜ੍ਹੀਆਂ ਕੀਤੀਆਂ ਜਾਂਦੀਆਂ ਸਨ, ਜਿਸ ਨਾਲ ਹਰ ਰੋਜ਼ ਜਾਮ ਲੱਗਦਾ ਸੀ।

ਕਬਜ਼ੇ ਹਟਣ ਤੋਂ ਬਾਅਦ ਰੋਡ ਤਾਂ ਖੁੱਲ੍ਹੀ ਹੋਈ ਹੀ ਹੈ, ਨਾਲ ਹੀ ਫੁੱਟਪਾਥ ਵੀ ਕਲੀਅਰ ਹੋ ਚੁੱਕੇ ਹਨ। ਪਲਾਜ਼ਾ ਚੌਕ ਤੋਂ ਲੈ ਕੇ ਭਗਵਾਨ ਵਾਲਮੀਕਿ ਚੌਕ ਅਤੇ ਨਕੋਦਰ ਚੌਕ ਰੋਡ 'ਤੇ ਲਗਾਤਾਰ ਹੋਈ ਕਾਰਵਾਈ ਤੋਂ ਬਾਅਦ ਵਾਹਨਾਂ ਦੀਆਂ ਕਤਾਰਾਂ ਲੱਗਣੀਆਂ ਬੰਦ ਹੋ ਗਈਆਂ ਹਨ। ਟ੍ਰੈਫਿਕ ਪੁਲਸ ਲਗਾਤਾਰ ਇਸ ਰੋਡ 'ਤੇ ਪੈਟਰੋਲਿੰਗ ਵੀ ਕਰ ਰਹੀ ਹੈ ਤਾਂ ਜੋ ਦੋਬਾਰਾ ਜੇਕਰ ਕਬਜ਼ੇ ਕੀਤੇ ਮਿਲਣ ਤਾਂ ਕਾਨੂੰਨੀ ਕਾਰਵਾਈ ਕਰਵਾਈ ਜਾ ਸਕੇ। ਇਸ ਰੋਡ 'ਤੇ ਸਹੀ ਢੰਗ ਨਾਲ ਯੈਲੋ ਲਾਈਨਾਂ ਵੀ ਲਾਉਣ ਦੇ ਹੁਕਮ ਦਿੱਤੇ ਜਾ ਚੁੱਕੇ ਹਨ।

ਭਾਵੇਂ ਟ੍ਰੈਫਿਕ ਪੁਲਸ ਵੱਲੋਂ ਕਬਜ਼ਾ ਕਰਨ ਵਾਲਿਆਂ ਨੂੰ ਪਹਿਲਾਂ ਹੀ ਦੋਬਾਰਾ ਕਬਜ਼ੇ ਕਰਨ ਦੀ ਹਾਲਤ 'ਚ ਕਾਨੂੰਨੀ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਜਾ ਚੁੱਕੀ ਹੈ ਪਰ ਰੈਣਕ ਬਾਜ਼ਾਰ ਚੌਕ 'ਤੇ ਦੁਬਾਰਾ ਫੜ੍ਹੀਆਂ ਅਤੇ ਰੇਹੜੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਜੇਕਰ ਇਸ ਚੌਕ ਤੋਂ ਕਬਜ਼ੇ ਹਟਾ ਕੇ ਉਥੇ ਛੋਟੀ ਜਿਹੀ ਪਾਰਕਿੰਗ ਬਣਾਈ ਜਾਵੇ ਤਾਂ ਇਸ ਨਾਲ ਵੀ ਕਾਫੀ ਰਾਹਤ ਮਿਲ ਸਕਦੀ ਹੈ। ਵੀਰਵਾਰ ਨੂੰ ਫਗਵਾੜਾ ਗੇਟ, ਭਗਤ ਸਿੰੰਘ ਚੌਕ ਅਤੇ ਪ੍ਰਤਾਪ ਬਾਗ ਕੋਲ ਕੀਤੀ ਗਈ ਕਾਰਵਾਈ ਦਾ ਵੀ ਅਸਰ ਨਜ਼ਰ ਆਇਆ। ਫਗਵਾੜਾ ਗੇਟ ਦੇ ਦੁਕਾਨਦਾਰਾਂ ਨੇ ਕਾਫੀ ਹੱਦ ਤੱਕ ਕਬਜ਼ੇ ਛੱਡ ਦਿੱਤੇ ਹਨ ਪਰ ਭਗਤ ਸਿੰਘ ਚੌਕ ਅਤੇ ਪ੍ਰਤਾਪ ਬਾਗ ਵਾਲੀ ਸਾਈਡ ਨਿਗਮ ਤੇ ਟ੍ਰੈਫਿਕ ਪੁਲਸ ਦੀ ਕਾਰਵਾਈ ਦਾ ਕੋਈ ਅਸਰ ਨਹੀਂ ਹੋਇਆ।

ਏ. ਡੀ. ਸੀ. ਪੀ. ਟ੍ਰੈਫਿਕ ਗਗਨੇਸ਼ ਕੁਮਾਰ ਦਾ ਕਹਿਣਾ ਹੈ ਕਿ ਇਸ ਵਾਰ ਕਿਸੇ ਵੀ ਹਾਲਤ 'ਚ ਕਬਜ਼ੇ ਸਹਿਣ ਨਹੀਂ ਕੀਤੇ ਜਾਣਗੇ। ਜੇਕਰ ਕਿਤੇ ਦੋਬਾਰਾ ਕਬਜ਼ੇ ਹੋਏ ਤਾਂ ਉਹ ਸਬੰਧਤ ਥਾਂ 'ਤੇ ਜਾ ਕੇ ਖੁਦ ਜਾਂਚ ਕਰਨਗੇ ਅਤੇ ਸਬੰਧਿਤ ਥਾਣੇ ਦੀ ਪੁਲਸ ਨੂੰ ਮੌਕੇ 'ਤੇ ਬੁਲਾ ਕੇ ਉਕਤ ਦੁਕਾਨਦਾਰਾਂ ਖਿਲਾਫ ਐੱਫ. ਆਈ. ਆਰ. ਦਰਜ ਕਰਵਾਉਣਗੇ।

ਮੋਨਿਕਾ ਟਾਵਰ ਦੇ ਬਾਹਰ ਹੋਣ ਵਾਲੀ ਪਾਰਕਿੰਗ ਨੂੰ ਹਟਾਉਣ ਦੀ ਆਖਰੀ ਚਿਤਾਵਨੀ
ਮੋਨਿਕਾ ਟਾਵਰ ਦੇ ਬਾਹਰ ਸੜਕ 'ਤੇ ਨਾਜਾਇਜ਼ ਢੰਗ ਨਾਲ ਖੜ੍ਹੇ ਦੋਪਹੀਆ ਵਾਹਨਾਂ ਨੂੰ ਹਟਾਉਣ ਲਈ ਟ੍ਰੈਫਿਕ ਪੁਲਸ ਨੇ ਸ਼ੁੱਕਰਵਾਰ ਨੂੰ ਆਖਰੀ ਚਿਤਾਵਨੀ ਦਿੱਤੀ। ਟੋਅ ਵੈਨ 'ਚ ਆਈ ਟ੍ਰੈਫਿਕ ਪੁਲਸ ਦੀ ਟੀਮ ਨੇ ਅਨਾਊਂਸਮੈਂਟ ਕਰਕੇ ਸਾਰੇ ਦੋਪਹੀਆ ਵਾਹਨਾਂ ਨੂੰ ਉਥੋਂ ਹਟਵਾਇਆ। ਜੋ ਬਾਈਕ ਅੰਦਰ ਸਥਿਤ ਦੁਕਾਨਾਂ ਵਾਲਿਆਂ ਦੇ ਸਨ ਉਹ ਫੁੱਟਪਾਥ 'ਤੇ ਚੜ੍ਹਾਏ ਗਏ ਪਰ ਟ੍ਰੈਫਿਕ ਪੁਲਸ ਦੇ ਜਾਂਦਿਆਂ ਹੀ ਕੁਝ ਸਮੇਂ ਬਾਅਦ ਦੁਬਾਰਾ ਸੜਕ 'ਤੇ ਪਾਰਕਿੰਗ ਕਰਨੀ ਸ਼ੁਰੂ ਕਰ ਦਿੱਤੀ ਗਈ। ਭਾਵੇਂ ਕਿ ਏ. ਡੀ. ਸੀ. ਪੀ. ਗਗਨੇਸ਼ ਕੁਮਾਰ ਨੇ ਸਪੱਸ਼ਟ ਕੀਤਾ ਕਿ ਸ਼ੁੱਕਰਵਾਰ ਨੂੰ ਸਿਰਫ ਚਿਤਾਵਨੀ ਹੀ ਦਿੱਤੀ ਗਈ ਸੀ ਪਰ ਜੇਕਰ ਸ਼ਨੀਵਾਰ ਨੂੰ ਉਥੇ ਵਾਹਨ ਖੜ੍ਹੇ ਮਿਲੇ ਤਾਂ ਵਾਹਨਾਂ ਨੂੰ ਟੋਅ ਕਰਵਾਇਆ ਜਾਵੇਗਾ ਜਾਂ ਫਿਰ ਉਨ੍ਹਾਂ ਸਾਰਿਆਂ ਦੇ ਚਲਾਨ ਕੱਟੇ ਜਾਣਗੇ।

shivani attri

This news is Content Editor shivani attri