1500 ਰੁਪਏ ਵਾਲੇ ਸੋਡੀਅਮ ਸੈੱਟ ਦੀ ਬਜਾਏ ਸਟਰੀਟ ਲਾਈਟਾਂ ''ਚ ਲੱਗੇ ਨੇ 20 ਰੁਪਏ ਵਾਲੇ ਦੇਸੀ ਬਲਬ

02/16/2020 11:29:15 AM

ਜਲੰਧਰ (ਖੁਰਾਣਾ)— ਜਲੰਧਰ ਨਗਰ ਨਿਗਮ ਵਲੋਂ ਸ਼ਹਿਰ 'ਚ ਲੱਗੀਆਂ 65 ਹਜ਼ਾਰ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਅਤੇ ਉਨ੍ਹਾਂ ਦੀ ਰਿਪੇਅਰ ਆਦਿ ਕਰਨ ਦੇ ਬਦਲੇ 'ਚ ਹਰ ਸਾਲ ਪ੍ਰਾਈਵੇਟ ਠੇਕੇਦਾਰਾਂ ਨੂੰ 4 ਕਰੋੜ ਰੁਪਏ ਦਿੱਤੇ ਜਾਂਦੇ ਹਨ ਪਰ ਪਿਛਲੇ ਕਾਫੀ ਸਾਲਾਂ ਤੋਂ ਸਟਰੀਟ ਲਾਈਟ ਮੇਨਟੀਨੈਂਸ ਦੇ ਕੰਮ 'ਚ ਕੁਝ ਠੇਕੇਦਾਰਾਂ ਦਾ ਹੀ ਕਬਜ਼ਾ ਹੈ, ਜਿਨ੍ਹਾਂ ਨੇ ਕਦੇ ਕਿਸੇ ਕਾਇਦੇ ਕਾਨੂੰਨ ਦੀ ਪ੍ਰਵਾਹ ਨਹੀਂ ਕੀਤੀ। ਇਹ ਹੀ ਕਾਰਨ ਹੈ ਕਿ ਅੱਜ ਜਿਨ੍ਹਾਂ ਸਟਰੀਟ ਲਾਈਟਾਂ 'ਚ 1500 ਰੁਪਏ ਮੁੱਲ ਵਾਲਾ ਸੋਡੀਅਮ ਸੈੱਟ ਜਗਮਗਾਉਂਦਾ ਹੋਣਾ ਚਾਹੀਦਾ ਹੈ ਉਥੇ ਇਨ੍ਹਾਂ ਠੇਕੇਦਾਰਾਂ ਨੇ ਕਰੀਬ 20 ਰੁਪਏ ਵਾਲੇ ਦੇਸੀ ਬਲਬ ਲਾਏ ਹੋਏ ਹਨ। ਅਜਿਹਾ ਹੀ 200 ਵਾਟ ਦਾ ਦੇਸੀ ਬਲਬ ਫਗਵਾੜਾ ਗੇਟ 'ਚ ਅੰਮ੍ਰਿਤ ਹੋਟਲ ਦੀ ਪਿਛਲੀ ਗਲੀ 'ਚ ਲੱਗਾ ਹੋਇਆ ਹੈ। ਸ਼ਹਿਰ 'ਚ ਆਮ ਚਰਚਾ ਹੈ ਕਿ ਜੇਕਰ ਸ਼ਹਿਰ ਦੇ ਸਟਰੀਟ ਲਾਈਟ ਸਕੈਂਡਲ ਦੀ ਵਿਜੀਲੈਂਸ ਜਾਂਚ ਕਰਵਾਈ ਜਾਵੇ ਤਾਂ ਹਜ਼ਾਰਾਂ ਸਟਰੀਟ ਲਾਈਟ ਪੁਆਇੰਟਾਂ 'ਚ ਦੇਸੀ, ਚਾਈਨੀਜ਼ ਤੇ ਅਨਬ੍ਰਾਂਡਿਡ ਤੇ ਘਟੀਆ ਬਲਬ ਤੇ ਹੋਰ ਸਾਮਾਨ ਮਿਲ ਜਾਵੇਗਾ।

ਸਟਰੀਟ ਲਾਈਟ ਠੇਕੇਦਾਰਾਂ ਨੂੰ 7 ਦਿਨਾਂ 'ਚ ਸਾਰੀਆਂ ਸਟਰੀਟ ਲਾਈਟਾਂ ਜਗਾ ਕੇ ਦੇਣ ਦੇ ਹੁਕਮ
ਨਗਰ ਨਿਗਮ ਦੀ ਫਾਇਨਾਂਸ ਐਂਡ ਕੰਟ੍ਰੈਕਟ ਕਮੇਟੀ 'ਚ ਲਏ ਗਏ ਫੈਸਲੇ ਅਨੁਸਾਰ ਨਗਰ ਨਿਗਮ ਅਧਿਕਾਰੀਆਂ ਵੱਲੋਂ ਸ਼ਹਿਰ ਦੇ ਸਾਰੇ ਸਟਰੀਟ ਲਾਈਟ ਠੇਕੇਦਾਰਾਂ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ 7 ਦਿਨਾਂ 'ਚ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਜਗਦੀ ਅਵਸਥਾ 'ਚ ਲਿਆਉਣ ਅਤੇ ਨਿਗਮ ਨੂੰ ਹੈਂਡਓਵਰ ਕਰਨ। ਇਸ ਮਾਮਲੇ 'ਚ ਨਗਰ ਨਿਗਮ ਦੇ ਅਧਿਕਾਰੀਆਂ ਨੇ ਸਾਰੇ ਠੇਕੇਦਾਰਾਂ ਦਾ ਬਕਾਇਆ-ਪੱਤਰ ਵੀ ਜਾਰੀ ਕਰ ਦਿੱਤਾ ਹੈ। ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਠੇਕੇਦਾਰਾਂ ਨੇ ਬੰਦ ਪਈਆਂ ਸਟਰੀਟ ਲਾਈਟਾਂ ਨੂੰ ਚਾਲੂ ਨਾ ਕੀਤਾ ਤਾਂ ਨਿਗਮ ਕੋਲ ਜੋ ਉਨ੍ਹਾਂ ਦੀ ਪੇਮੈਂਟ ਪਈ ਹੈ ਉਸ 'ਚੋਂ ਕਟੌਤੀ ਕਰ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਵਾਰ ਸਟਰੀਟ ਲਾਈਟ ਠੇਕੇਦਾਰਾਂ ਨੇ ਆਪਸ 'ਚ ਪੂਲ ਕਰਕੇ ਨਿਗਮ ਨੂੰ ਸਿਰਫ 4 ਫੀਸਦੀ ਦਾ ਡਿਸਕਾਊਂਟ ਆਫਰ ਕੀਤਾ ਸੀ ਜਦਕਿ ਪਿਛਲੇ ਸਾਲ ਇਨ੍ਹਾਂ ਠੇਕੇਦਾਰਾਂ ਨੇ ਨਿਗਮ ਨੂੰ 33 ਫੀਸਦੀ ਡਿਸਕਾਊਂਟ ਦੇ ਕੇ ਸਵਾ ਸਾਲ ਕੰਮ ਕੀਤਾ। ਠੇਕੇਦਾਰਾਂ ਦੇ ਇਸ ਪੂਲ ਨਾਲ ਨਗਰ ਨਿਗਮ ਨੂੰ ਸਿੱਧਾ-ਸਿੱਧਾ 1.15 ਕਰੋੜ ਦਾ ਚੂਨਾ ਲੱਗਣਾ ਸੀ, ਜਿਸ ਬਾਰੇ 'ਜਗ-ਬਾਣੀ' 'ਚ ਖੁਲਾਸਾ ਹੋਣ ਤੋਂ ਬਾਅਦ ਨਿਗਮ ਦੀ ਐੱਫ. ਐਂਡ ਸੀ. ਸੀ. ਕਮੇਟੀ ਨੇ ਇਨ੍ਹਾਂ ਟੈਂਡਰਾਂ ਨੂੰ ਨਾ ਸਿਰਫ ਰੱਦ ਕਰ ਦਿੱਤਾ ਅਤੇ ਰੀ-ਕਾਲ ਕਰਨ ਨੂੰ ਕਿਹਾ, ਸਗੋਂ ਇਹ ਫੈਸਲਾ ਵੀ ਲਿਆ ਕਿ ਨਿਗਮ ਨੂੰ ਸਟਰੀਟ ਲਾਈਟਾਂ ਹੈਂਡਓਵਰ ਕਰਦੇ ਸਮੇਂ ਸਾਰੇ ਠੇਕੇਦਾਰ ਆਪਣੇ-ਆਪਣੇ ਜ਼ੋਨ ਦੀਆਂ ਸਾਰੀਆਂ ਸਟਰੀਟ ਲਾਈਟਾਂ ਨਿਗਮ ਨੂੰ ਜਗਦੀ ਹਾਲਤ 'ਚ ਦੇਣ। ਹੁਣ ਵੇਖਣਾ ਹੈ ਕਿ ਸ਼ਹਿਰ 'ਚ ਇਸ ਸਮੇਂ ਜੋ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਪਈਆਂ ਹਨ, ਉਨ੍ਹਾਂ 'ਤੇ ਲੱਖਾਂ ਰੁਪਏ ਖਰਚ ਕਰ ਕੇ ਠੇਕੇਦਾਰ ਕਿਵੇਂ ਉਨ੍ਹਾਂ ਨੂੰ ਜਗਾਉਂਦੇ ਹਨ।

ਨਿਗਮ ਨੇ ਬ੍ਰਾਂਡਿਡ ਸਾਮਾਨ ਮੰਗਿਆ ਤਾਂ ਠੇਕੇਦਾਰਾਂ ਨੂੰ ਲੈਣੇ ਦੇ ਦੇਣੇ ਪੈਣਗੇ
ਮੇਅਰ ਜਗਦੀਸ਼ ਰਾਜਾ ਨੇ ਇਹ ਸਟੈਂਡ ਤਾਂ ਲਿਆ ਹੈ ਕਿ ਠੇਕੇਦਾਰਾਂ ਨੂੰ ਸਟਰੀਟ ਲਾਈਟਾਂ ਹੈਂਡਓਵਰ ਕਰਦੇ ਸਮੇਂ ਸਾਰੀਆਂ ਲਾਈਟਾਂ ਜਗਾ ਕੇ ਦੇਣੀਆਂ ਪੈਣਗੀਆਂ ਪਰ ਜੇਕਰ ਨਿਗਮ ਨੇ ਇਹ ਹੁਕਮ ਜਾਰੀ ਕਰ ਦਿੱਤੇ ਕਿ ਸਾਰੀਆਂ ਸਟਰੀਟ ਲਾਈਟ ਪੁਆਇੰਟਾਂ 'ਚ ਬ੍ਰਾਂਡਿਡ ਬਲਬ ਤੇ ਹੋਰ ਸਾਮਾਨ ਹੀ ਲਾਉਣਾ ਚਾਹੀਦਾ ਹੈ ਤਾਂ ਸਾਰੇ ਠੇਕੇਦਾਰਾਂ ਨੂੰ ਲੈਣੇ ਦੇ ਦੇਣੇ ਪੈਣਗੇ ਕਿਉਂਕਿ ਇਸ ਹਾਲਤ 'ਚ ਉਨ੍ਹਾਂ ਨੂੰ ਮੋਟਾ ਪੈਸਾ ਖਰਚ ਕਰਨਾ ਪਵੇਗਾ ਜੋ ਉਨ੍ਹਾਂ ਦੀ ਟੈਂਡਰ ਅਮਾਊਂਟ ਤੋਂ ਵੀ ਵਧ ਸਕਦਾ ਹੈ।

ਠੇਕੇਦਾਰਾਂ ਦੀ ਜੀ. ਐੱਸ. ਟੀ. ਰਿਟਰਨ ਦੀ ਜਾਂਚ ਹੋਵੇ
ਇਸ ਦੌਰਾਨ ਇਹ ਵੀ ਮੰਗ ਉਠ ਰਹੀ ਹੈ ਕਿ ਨਿਗਮ ਵਿਚ ਸਟਰੀਟ ਲਾਈਟਾਂ ਦਾ ਕੰਮ ਕਰਨ ਵਾਲੇ ਸਾਰੇ ਠੇਕੇਦਾਰਾਂ ਦੀ ਪਿਛਲੇ ਸਾਲ ਦੀ ਜੀ. ਐੱਸ. ਟੀ. ਰਿਟਰਨ ਦੀ ਵੀ ਜਾਂਚ ਕੀਤੀ ਜਾਵੇ, ਤਾਂ ਜੋ ਪਤਾ ਲੱਗ ਸਕੇ ਕਿ ਇਨ੍ਹਾਂ ਠੇਕੇਦਾਰਾਂ ਨੇ ਕਿਸ ਬਰਾਂਡ ਦਾ ਕਿੰਨਾ ਸਾਮਾਨ ਪਰਚੇਜ਼ ਕੀਤਾ ਅਤੇ ਕੀ ਪੂਰੇ ਸਾਮਾਨ 'ਤੇ ਜੀ. ਐੱਸ. ਟੀ. ਅਦਾ ਕੀਤਾ। ਇਸ ਮਾਮਲੇ ਵਿਚ ਜੀ. ਐੱਸ. ਟੀ. ਵਿਭਾਗ ਨੂੰ ਵੀ ਸਰਗਰਮ ਹੋਣਾ ਹੋਵੇਗਾ ਕਿਉਂਕਿ ਨਿਗਮ ਦਾ ਕੁਲ ਕੰਟਰੈਕਟ 4 ਕਰੋੜ ਰੁਪਏ ਦਾ ਹੈ, ਜਿਸ ਹਿਸਾਬ ਨਾਲ ਠੇਕੇਦਾਰਾਂ ਨੂੰ ਅੱਧੇ ਭਾਵ 2 ਕਰੋੜ ਦੀ ਪ੍ਰਚੇਜ਼ ਤਾਂ ਕਰਨੀ ਹੀ ਹੋਵੇਗੀ ਅਤੇ ਅਜਿਹੇ ਿਵਚ ਜੇਕਰ 18 ਫੀਸਦੀ ਜੀ. ਐੱਸ. ਟੀ. ਦਰ ਨਾਲ ਸਾਮਾਨ ਖਰੀਦਿਆ ਜਾਵੇ ਤਾਂ ਵਿਭਾਗ ਨੂੰ ਜਲੰਧਰ ਨਿਗਮ ਦੇ ਕੁਝ ਠੇਕੇਦਾਰਾਂ ਕੋਲੋਂ ਹੀ 36 ਲੱਖ ਰੁਪਏ ਦਾ ਜੀ. ਐੱਸ. ਟੀ. ਇਕ ਸਾਲ ਵਿਚ ਆ ਸਕਦਾ ਹੈ।

ਸਟਰੀਟ ਲਾਈਟਾਂ ਨੂੰ ਜਗਾ ਕੇ ਹੈਂਡਓਵਰ ਕਰਨਾ ਮੰਨੇ ਠੇਕੇਦਾਰ
ਨਿਗਮ ਨੇ ਜਿੱਥੇ ਸਟਰੀਟ ਲਾਈਟ ਠੇਕੇਦਾਰਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 7 ਦਿਨਾਂ 'ਚ ਸ਼ਹਿਰ ਦੀਆਂ ਸਾਰੀਆਂ ਸਟਰੀਟ ਲਾਈਟਾਂ ਨੂੰ ਜਗਦੀ ਹਾਲਤ 'ਚ ਲਿਆ ਕੇ ਿਨਗਮ ਦੇ ਹੈਂਡਓਵਰ ਕਰਨ, ਉਥੇ ਠੇਕੇਦਾਰਾਂ ਨੇ ਵੀ ਨਿਗਮ ਦੀ ਇਸ ਗੱਲ ਨੂੰ ਲਗਭਗ ਮੰਨ ਲਿਆ ਹੈ। ਇਸ ਹੁਕਮ ਸਬੰਧੀ ਜਦੋਂ ਸਟਰੀਟ ਲਾਈਟ ਠੇਕੇਦਾਰ ਰਾਜ ਕੁਮਾਰ ਲੂਥਰਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਸਟਰੀਟ ਲਾਈਟਾਂ ਜਗਾ ਕੇ ਦੇਣ 'ਚ ਕੋਈ ਹਰਜ਼ ਨਹੀਂ ਹੈ। ਹੁਣ ਦੇਖਣਾ ਹੈ ਕਿ ਸ਼ਹਿਰ 'ਚ ਖਰਾਬ ਪਈਆਂ ਸਟਰੀਟ ਲਾਈਟਾਂ ਨੂੰ ਿਕੰਨੇ ਸਮੇਂ 'ਚ ਠੀਕ ਕੀਤਾ ਜਾਂਦਾ ਹੈ। ਨਿਗਮ ਅਧਿਕਾਰੀਆਂ ਨੇ ਸ਼ਹਿਰੀਆਂ ਨੂੰ ਅਪੀਲ ਕੀਤੀ ਹੈ ਕਿ ਜਿਸ ਖੇਤਰ 'ਚ ਸਟਰੀਟ ਲਾਈਟਾਂ ਬੰਦ ਜਾਂ ਖਰਾਬ ਪਈਆਂ ਹਨ। ਉਨ੍ਹਾਂ ਦੀ ਸ਼ਿਕਾਇਤ ਨਿਗਮ ਦੇ ਸ਼ਿਕਾਇਤ ਸੈੱਲ ਦੇ ਟੈਲੀਫੋਨ 'ਤੇ ਜ਼ਰੂਰ ਲਿਖਵਾਈ ਜਾਵੇ ਤਾਂ ਜੋ ਉਹ ਲਾਈਟਾਂ ਠੇਕੇਦਾਰਾਂ ਤੋਂ ਠੀਕ ਕਰਵਾਈਆਂ ਜਾ ਸਕਣ।

ਸਟਰੀਟ ਲਾਈਟਾਂ ਲਈ ਸਾਨੂੰ ਨਹੀਂ, ਮੇਅਰ ਨੂੰ ਕਹੋ, ਠੇਕੇਦਾਰ ਨੇ ਕੌਂਸਲਰ ਪੁੱਤਰ ਕਰਨ ਪਾਠਕ ਨੂੰ ਦਿੱਤਾ ਸਪੱਸ਼ਟ ਜਵਾਬ
ਇਨ੍ਹੀਂ ਦਿਨੀਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਕੰਮ ਕਈ ਥਾਵਾਂ 'ਤੇ ਨਿਗਮ ਸਟਾਫ ਵੱਲੋਂ ਅਤੇ ਕੁਝ ਥਾਵਾਂ 'ਤੇ ਆਮ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ। ਅੱਜ ਸਥਾਨਕ ਪੱਕਾ ਬਾਗ ਮੁਹੱਲੇ 'ਚ ਸਟਰੀਟ ਲਾਈਟਾਂ ਸਾਰਾ ਦਿਨ ਜਗਦੀਆਂ ਰਹੀਆਂ ਅਤੇ ਇਨ੍ਹਾਂ ਨੂੰ ਿਕਸੇ ਨੇ ਬੁਝਾਇਆ ਨਹੀਂ। ਇਨ੍ਹਾਂ ਜਗਦੀਆਂ ਸਟਰੀਟ ਲਾਈਟਾਂ ਨੂੰ ਬੁਝਾਉਣ ਬਾਰੇ ਜਦੋਂ ਕੌਂਸਲਰ ਰਾਧਿਕਾ ਪਾਠਕ ਦੇ ਸਪੁੱਤਰ ਕਰਨ ਪਾਠਕ ਨੇ ਠੇਕੇਦਾਰ ਪਾਲੀ ਸਰੀਨ ਨੂੰ ਫੋਨ ਕੀਤਾ ਤਾਂ ਉਨ੍ਹਾਂ ਦਾ ਸਪੱਸ਼ਟ ਜਵਾਬ ਸੀ ਕਿ ਹੁਣ ਅੱਗੇ ਤੋਂ ਸਟਰੀਟ ਲਾਈਟਾਂ ਬਾਰੇ ਮੈਨੂੰ ਨਹੀਂ, ਸਗੋਂ ਮੇਅਰ ਨੂੰ ਫੋਨ ਕਰਿਆ ਕਰੋ, ਜਿਨ੍ਹਾਂ ਨੇ ਟੈਂਡਰ ਕੈਂਸਲ ਕਰ ਦਿੱਤੇ ਹਨ। ਕਰਨ ਪਾਠਕ ਨੇ ਕਿਹਾ ਕਿ ਜਦੋਂ ਲਾਈਟਾਂ ਬੁਝਾਉਣ ਬਾਰੇ ਜੇ. ਈ. ਚੱਢਾ ਨੂੰ ਫੋਨ ਕੀਤੇ ਗਏ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

shivani attri

This news is Content Editor shivani attri