ਮਿਸ਼ਨ ਕੰਪਾਊਂਡ ’ਚ ਨਾਜਾਇਜ਼ ਬਣੀਆਂ ਦੁਕਾਨਾਂ ਨੂੰ ਨਿਗਮ ਨੇ 2 ਸਾਲ ਬਾਅਦ ਕੀਤਾ ਸੀਲ

03/03/2021 4:17:02 PM

ਜਲੰਧਰ (ਖੁਰਾਣਾ)–ਨਗਰ ਨਿਗਮ ਦੇ ਬਿਲਡਿੰਗ ਵਿਭਾਗ ਦੇ ਅਧਿਕਾਰੀਆਂ ’ਤੇ ਨਾਜਾਇਜ਼ ਨਿਰਮਾਣਾਂ ਸਬੰਧੀ ਕਾਰਵਾਈ ਨਾ ਕਰਨ ਦੇ ਦੋਸ਼ ਅਕਸਰ ਲੱਗਦੇ ਰਹਿੰਦੇ ਹਨ। ਨਿਗਮ ਦੀ ਅਜਿਹੀ ਹੀ ਇਕ ਕਾਰਵਾਈ ਮੰਗਲਵਾਰ ਉਸ ਸਮੇਂ ਨਜ਼ਰ ਆਈ, ਜਦੋਂ ਨਿਗਮ ਦੇ ਬਿਲਡਿੰਗ ਵਿਭਾਗ ਨੇ ਠੀਕ 2 ਸਾਲ ਬਾਅਦ ਮਿਸ਼ਨ ਕੰਪਾਊਂਡ ਵਿਚ ਨਾਜਾਇਜ਼ ਬਣੀਆਂ 6 ਦੁਕਾਨਾਂ ਨੂੰ ਸੀਲ ਕਰ ਦਿੱਤਾ। ਸੀਲਿੰਗ ਦੀ ਇਹ ਕਾਰਵਾਈ ਸਵੇਰੇ ਕਰੀਬ 5 ਵਜੇ ਕੀਤੀ ਗਈ। ਬਿਲਡਿੰਗ ਇੰਸਪੈਕਟਰ ਅਜੀਤ ਸ਼ਰਮਾ ਨੇ ਇਸ ਕਾਰਵਾਈ ਦੀ ਅਗਵਾਈ ਕੀਤੀ। ਮੌਕੇ ’ਤੇ ਨਿਗਮ ਟੀਮ ਨੂੰ ਕਿਸੇ ਵੀ ਵਿਰੋਧ ਦਾ ਸਾਹਮਣਾ ਨਹੀਂ ਕਰਨਾ ਪਿਆ।

ਜ਼ਿਕਰਯੋਗ ਹੈ ਕਿ ਅੱਜ ਤੋਂ ਠੀਕ 2 ਸਾਲ ਪਹਿਲਾਂ ਫਰਵਰੀ 2019 ਵਿਚ ‘ਜਗ ਬਾਣੀ’ ਨੇ ਮਿਸ਼ਨ ਕੰਪਾਊਂਡ ਦੇ ਚਰਚ ਤੋਂ ਮਹਾਲਕਸ਼ਮੀ ਮੰਦਰ ਵੱਲ ਜਾਂਦੀ ਸੜਕ ਦੇ ਸੱਜੇ ਹੱਥ ਬਣ ਰਹੀਆਂ ਇਨ੍ਹਾਂ 6 ਦੁਕਾਨਾਂ ਬਾਰੇ ਖ਼ਬਰ ਪ੍ਰਕਾਸ਼ਿਤ ਕੀਤੀ ਗਈ, ਉਦੋਂ ਇਕ ਰਿਹਾਇਸ਼ੀ ਕੋਠੀ ਨੂੰ ਡੇਗ ਕੇ ਉਥੇ ਹਰੇ ਪਰਦੇ ਦੀ ਆੜ ਵਿਚ ਵੱਡੇ-ਵੱਡੇ ਸ਼ੋਅਰੂਮ ਤਿਆਰ ਕਰਵਾਏ ਜਾ ਰਹੇ ਸਨ, ਉਦੋਂ ਇਸ ਮਾਮਲੇ ਦੀ ਸ਼ਿਕਾਇਤ ਆਰ. ਟੀ. ਆਈ. ਐਕਟੀਵਿਸਟ ਸਿਮਰਨਜੀਤ ਸਿੰਘ ਨੇ ਵੀ ਕੀਤੀ ਸੀ। ਉਨ੍ਹਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿਚ ਪਾਈ ਗਈ ਆਪਣੀ ਪਟੀਸ਼ਨ ਵਿਚ ਵੀ ਇਸ ਨਾਜਾਇਜ਼ ਨਿਰਮਾਣ ਦਾ ਜ਼ਿਕਰ ਕੀਤਾ ਸੀ, ਉਦੋਂ ਨਿਗਮ ਨੇ ਸਿਰਫ਼ ਨੋਟਿਸ ਆਦਿ ਦੇ ਕੇ ਖਾਨਾਪੂਰਤੀ ਕਰ ਲਈ ਸੀ ਪਰ ਸੀਲਿੰਗ ਦੀ ਇਹ ਕਾਰਵਾਈ ਠੀਕ 2 ਸਾਲ ਬਾਅਦ ਕੀਤੀ ਗਈ।

ਇਹ ਵੀ ਪੜ੍ਹੋ: ਪ੍ਰਧਾਨਗੀ ਦੀ ਲੜਾਈ ‘ਚ ਸੋਸਾਇਟੀ ਦੇ ਸੈਕਟਰੀ ਨੇ ਕੀਤੀ ਖ਼ੁਦਕੁਸ਼ੀ, ਸਦਮੇ ‘ਚ ਡੁੱਬਾ ਪਰਿਵਾਰ

ਹੁਣ ਜਿਊਲਰ ਨੂੰ ਭੁਗਤਣਾ ਪੈ ਸਕਦੈ ਖਮਿਆਜ਼ਾ
ਜ਼ਿਕਰਯੋਗ ਹੈ ਕਿ ਉਸ ਸਮੇਂ ਇਨ੍ਹਾਂ ਦੁਕਾਨਾਂ ਦਾ ਨਿਰਮਾਣ ਇਕ ਪ੍ਰਾਪਰਟੀ ਡੀਲਰ ਨੇ ਕੀਤਾ ਸੀ, ਜਿਸ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਨ੍ਹਾਂ ਨਾਜਾਇਜ਼ ਨਿਰਮਾਣਾਂ ਸਬੰਧੀ ਜਿਥੇ ਨਿਗਮ ਨੇ ਨੋਟਿਸ ਕੱਢੇ ਹਨ, ਉਥੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਵੀ ਇਨ੍ਹਾਂ ਦੁਕਾਨਾਂ ਦੀ ਸ਼ਿਕਾਇਤ ਹੋ ਚੁੱਕੀ ਹੈ। ਹਾਈ ਕੋਰਟ ਨੇ ਵੀ ਨਾਜਾਇਜ਼ ਨਿਰਮਾਣਾਂ ’ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਨਿਗਮ ਨੂੰ ਦਿੱਤੇ ਸਨ, ਜਿਸ ਤੋਂ ਬਾਅਦ ਨਿਗਮ ਨੇ ਵੱਖ-ਵੱਖ ਥਾਵਾਂ ’ਤੇ 100 ਦੇ ਕਰੀਬ ਦੁਕਾਨਾਂ ਨੂੰ ਸੀਲ ਵੀ ਕਰ ਦਿੱਤਾ ਸੀ ਅਤੇ ਕਈ ਥਾਵਾਂ ’ਤੇ ਡਿੱਚ ਮਸ਼ੀਨ ਨਾਲ ਬਿਲਡਿੰਗਾਂ ਨੂੰ ਡੇਗਣ ਦੀ ਕਾਰਵਾਈ ਤਾਂ ਕੀਤੀ ਗਈ।
ਪਤਾ ਲੱਗਾ ਹੈ ਕਿ ਪ੍ਰਾਪਰਟੀ ਡੀਲਰ ਨੇ ਇਨ੍ਹਾਂ ਦੁਕਾਨਾਂ ਨੂੰ ਅੱਗੇ ਇਕ ਜਿਊਲਰ ਕੋਲ ਵੇਚ ਦਿੱਤਾ, ਜਿਸ ਦਾ ਕਾਰੋਬਾਰ ਓਲਡ ਜੀ. ਟੀ. ਰੋਡ ’ਤੇ ਸਿਵਲ ਹਸਪਤਾਲ ਨੇੜੇ ਸਥਿਤ ਹੈ। ਹੁਣ ਸੀਲਿੰਗ ਦਾ ਖਮਿਆਜ਼ਾ ਉਕਤ ਜਿਊਲਰ ਨੂੰ ਭੁਗਤਣਾ ਪੈ ਸਕਦਾ ਹੈ, ਜਿਸ ਨੇ ਬਹੁਤ ਹੀ ਮਹਿੰਗੇ ਰੇਟਾਂ ’ਤੇ ਇਨ੍ਹਾਂ ਦੁਕਾਨਾਂ ਨੂੰ ਖਰੀਦਿਆ ਹੈ। ਫਿਲਹਾਲ ਇਨ੍ਹਾਂ ਦੁਕਾਨਾਂ ’ਤੇ ਗਾਰਮੈਂਟਸ ਆਦਿ ਦੇ ਕਾਰੋਬਾਰ ਕੀਤੇ ਜਾ ਰਹੇ ਸਨ, ਜਿਨ੍ਹਾਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਜਲੰਧਰ ਕਮਿਸ਼ਨਰੇਟ ਪੁਲਸ ਅਧੀਨ ਆਉਂਦੇ ਪਿੰਡਾਂ ’ਚ ਰਾਤ 8 ਤੋਂ ਸਵੇਰੇ 5 ਵਜੇ ਤੱਕ ਇਹ ਹੁਕਮ ਜਾਰੀ

ਹਾਈ ਕੋਰਟ ਦੀਆਂ ਹਦਾਇਤਾਂ ’ਤੇ ਬਿਲਡਿੰਗਾਂ ’ਤੇ ਐਕਸ਼ਨ ਸ਼ੁਰੂ
ਇਸ ਦੌਰਾਨ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਵਿਚ ਬੀਤੇ ਦਿਨਾਂ ਵਿਚ ਜੋ ਵੀ ਨਾਜਾਇਜ਼ ਨਿਰਮਾਣ ਹੋਏ, ਉਨ੍ਹਾਂ ’ਤੇ ਕਾਰਵਾਈ ਜ਼ਰੂਰ ਕੀਤੀ ਜਾਵੇਗੀ। ਇਨ੍ਹਾਂ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਪਟੀਸ਼ਨ ਵਿਚ ਜਿਨ੍ਹਾਂ ਬਿਲਡਿੰਗਾਂ ਦਾ ਜ਼ਿਕਰ ਹੈ, ਉਨ੍ਹਾਂ ’ਤੇ ਵੀ ਕਾਰਵਾਈ ਕਰਨ ਦੇ ਹੁਕਮ ਜਾਰੀ ਹੋ ਚੁੱਕੇ ਹਨ ਅਤੇ ਬਣ ਰਹੀਆਂ ਬਿਲਡਿੰਗਾਂ ਨੂੰ ਵੀ ਸੀਲ ਜਾਂ ਡਿਮੋਲਿਸ਼ ਕੀਤਾ ਜਾਣਾ ਹੈ। ਜ਼ਿਕਰਯੋਗ ਹੈ ਕਿ ਨਿਗਮ ਕੋਲ ਤੇਲ ਵਾਲੀ ਗਲੀ, ਚਰਨਜੀਤਪੁਰਾ ਵਿਚ ਪਾਰਕ ਦੇ ਸਾਹਮਣੇ ਗਲੀ ਵਿਚ ਅਤੇ ਹਰਨਾਮਦਾਸਪੁਰਾ ਗੁਰਦੁਆਰੇ ਦੇ ਸਾਹਮਣੇ ਮੋਬਾਇਲ ਸ਼ੋਅਰੂਮ ਦੇ ਉਪਰ ਬਣੀ ਦੁਕਾਨ, ਮਕਸੂਦਾਂ ਫਲਾਈਓਵਰ ਦੇ ਹੇਠਾਂ ਬਣੀਆਂ 2 ਮੰਜ਼ਿਲਾ ਕਮਰਸ਼ੀਅਲ ਬਿਲਡਿੰਗਾਂ ਬਾਰੇ ਲਗਾਤਾਰ ਸ਼ਿਕਾਇਤਾਂ ਪਹੁੰਚੀਆਂ ਹਨ। ਇਨ੍ਹਾਂ ਅਧਿਕਾਰੀਆਂ ਨੇ ਕਿਹਾ ਕਿ ਦੇਰ ਨਾਲ ਹੀ ਸਹੀ ਪਰ ਕਾਰਵਾਈ ਜ਼ਰੂਰ ਹੋਵੇਗੀ।

ਇਹ ਵੀ ਪੜ੍ਹੋ:ਕਪੂਰਥਲਾ ’ਚ ਖ਼ੌਫ਼ਨਾਕ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ 20 ਸਾਲਾ ਨੌਜਵਾਨ

275 ਆਦਰਸ਼ ਨਗਰ ਦੇ ਨਿਰਮਾਣ ਦੀ ਵੀ ਟੈਕਨੀਕਲ ਰਿਪੋਰਟ ਮੰਗੀ
ਇਸ ਦੌਰਾਨ ਨਿਗਮ ਦੇ ਅਧਿਕਾਰੀਆਂ ਨੇ ਆਦਰਸ਼ ਨਗਰ ਵਿਚ ਪਲਾਟ ਨੰਬਰ 275 ਜੋ ਬਸੰਤ ਕਾਂਟੀਨੈਂਟਲ ਨੇੜੇ ਹੈ, ਵਿਖੇ ਹੋ ਰਹੇ ਨਿਰਮਾਣ ਦੀ ਰਿਪੋਰਟ ਮੰਗ ਲਈ ਹੈ। ਜ਼ਿਕਰਯੋਗ ਹੈ ਕਿ ਨਿਗਮ ਅਧਿਕਾਰੀਆਂ ਨੇ ਦਾਅਵਾ ਕੀਤਾ ਸੀ ਕਿ ਉਕਤ ਨਿਰਮਾਣ ਨੇੜੇ ਹੋਏ ਨਕਸ਼ੇ ਤਹਿਤ ਹੋ ਰਿਹਾ ਹੈ ਪਰ ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਦੁਕਾਨਾਂ ਦਾ ਨਿਰਮਾਣ ਨਕਸ਼ੇ ਮੁਤਾਬਕ ਨਹੀਂ ਹੈ। ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਦੁਕਾਨਾਂ ਦੇ ਅੱਗੇ ਬਰਾਂਡਾਂ ਕਵਰ ਕੀਤਾ ਜਾ ਰਿਹਾ ਹੈ ਅਤੇ ਗੈਸ ਏਜੰਸੀ ਵੱਲ ਜਾਂਦੀ ਸੜਕ ’ਤੇ ਵੀ ਦੁਕਾਨਾਂ ਨਹੀਂ ਬਣਾਈਆਂ ਜਾ ਸਕਦੀਆਂ। ਹੁਣ ਦੇਖਣਾ ਹੈ ਕਿ ਨਿਗਮ ਅਧਿਕਾਰੀਆਂ ਵੱਲੋਂ ਮੰਗੀ ਗਈ ਟੈਕਨੀਕਲ ਰਿਪੋਰਟ ਵਿਚ ਕੀ ਤੱਥ ਉਭਰ ਕੇ ਸਾਹਮਣੇ ਆਉਂਦੇ ਹਨ। ਨਿਗਮ ਟੀਮ ਜਲਦ ਹੀ ਉਥੇ ਜਾ ਕੇ ਚੱਲ ਰਹੇ ਨਿਰਮਾਣ ਦਾ ਜਾਇਜ਼ਾ ਲਵੇਗੀ। ਜੇਕਰ ਪਾਸ ਕੀਤੇ ਗਏ ਨਕਸ਼ੇ ਖ਼ਿਲਾਫ਼ ਨਿਰਮਾਣ ਹੋਇਆ ਤਾਂ ਉਸਨੂੰ ਡੇਗ ਦਿੱਤਾ ਜਾਵੇਗਾ।
 

shivani attri

This news is Content Editor shivani attri