ਜਲੰਧਰ ਨਗਰ ਨਿਗਮ ਕਮਿਸ਼ਨਰ ਚੰਡੀਗੜ੍ਹ ਤਲਬ, ਕੰਮਕਾਜ ਕਰਨ ਦੇ ਢੰਗ ਨੂੰ ਲੈ ਕੇ ਉੱਠੇ ਸਵਾਲ

10/22/2022 4:30:09 PM

ਜਲੰਧਰ (ਖੁਰਾਣਾ)– ਨਗਰ ਨਿਗਮ ਕਮਿਸ਼ਨਰ ਅਤੇ ਸੀਨੀਅਰ ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਨੂੰ ਵੀਰਵਾਰ ਚੰਡੀਗੜ੍ਹ ਤਲਬ ਕੀਤਾ ਗਿਆ, ਜਿੱਥੇ ਉਨ੍ਹਾਂ ਦੀ ਲੋਕਲ ਬਾਡੀਜ਼ ਮੰਤਰੀ ਡਾ. ਨਿੱਝਰ ਨਾਲ ਮੁਲਾਕਾਤ ਹੋਣ ਦੇ ਸਮਾਚਾਰ ਹਨ। ਜ਼ਿਕਰਯੋਗ ਹੈ ਕਿ ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਬੀਤੇ ਦਿਨੀਂ ਲੋਕਲ ਬਾਡੀਜ਼ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੂੰ ਫੋਨ ਕਰਕੇ ਦੋਸ਼ ਲਾਇਆ ਸੀ ਕਿ ਜਦੋਂ ਤੋਂ ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਨੂੰ ਨਗਰ ਨਿਗਮ ਕਮਿਸ਼ਨਰ ਲਾਇਆ ਗਿਆ ਹੈ, ਉਦੋਂ ਤੋਂ ਨਿਗਮ ਨਾਲ ਸਬੰਧਤ ਸਾਰੇ ਕੰਮ ਠੱਪ ਪਏ ਹਨ।
ਪਰਗਟ ਸਿੰਘ ਦਾ ਸਾਫ਼ ਦੋਸ਼ ਸੀ ਕਿ ਇਨ੍ਹੀਂ ਦਿਨੀਂ ਨਗਰ ਨਿਗਮ ਕੋਲੋਂ ਨਾ ਤਾਂ ਸ਼ਹਿਰ ਦੀ ਸਫਾਈ ਹੋ ਪਾ ਰਹੀ ਹੈ ਅਤੇ ਨਾ ਹੀ ਕੂੜਾ ਉੱਠ ਰਿਹਾ ਹੈ। ਜਗ੍ਹਾ-ਜਗ੍ਹਾ ਸੀਵਰੇਜ ਜਾਮ ਹਨ ਅਤੇ ਗੰਦਾ ਪਾਣੀ ਸਪਲਾਈ ਹੋ ਰਿਹਾ ਹੈ, ਜਿਸ ਸਬੰਧੀ ਸ਼ਿਕਾਇਤਾਂ ਦਾ ਹੱਲ ਨਹੀਂ ਹੋ ਰਿਹਾ।

60 ਕਰੋੜ ਦੀਆਂ ਨਵੀਆਂ ਐੱਲ. ਈ. ਡੀ. ਸਟਰੀਟ ਲਾਈਟਾਂ ਲਾਉਣ ਦੇ ਬਾਵਜੂਦ ਹਜ਼ਾਰਾਂ ਲਾਈਟਾਂ ਜਗ ਨਹੀਂ ਰਹੀਆਂ ਪਰ ਕੋਈ ਨਿਗਮ ਅਧਿਕਾਰੀ ਇਸ ਪਾਸੇ ਧਿਆਨ ਨਹੀਂ ਦੇ ਰਿਹਾ। ਸ਼ਹਿਰ ਦੀਆਂ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਹਨ, ਜਿਨ੍ਹਾਂ ’ਤੇ ਪੈਚਵਰਕ ਤੱਕ ਨਹੀਂ ਲਾਏ ਜਾ ਰਹੇ। ਸਮਾਰਟ ਸਿਟੀ ਦੇ ਵੀ ਸਾਰੇ ਕੰਮ ਠੱਪ ਪਏ ਹਨ। ਸੂਤਰ ਦੱਸ ਰਹੇ ਹਨ ਕਿ ਵਿਧਾਇਕ ਪਰਗਟ ਸਿੰਘ ਦੀ ਸ਼ਿਕਾਇਤ ’ਤੇ ਹੀ ਲੋਕਲ ਬਾਡੀਜ਼ ਮੰਤਰੀ ਡਾ. ਨਿੱਝਰ ਨੇ ਕਮਿਸ਼ਨਰ ਨੂੰ ਅੱਜ ਚੰਡੀਗੜ੍ਹ ਬੁਲਾਇਆ ਅਤੇ ਉਨ੍ਹਾਂ ਦੋਵਾਂ ਵਿਚਕਾਰ ਕੀ ਗੱਲਬਾਤ ਹੋਈ, ਇਸਦਾ ਬਿਓਰਾ ਨਹੀਂ ਮਿਲ ਸਕਿਆ।

ਇਹ ਵੀ ਪੜ੍ਹੋ: ਜਲੰਧਰ-ਜੰਮੂ ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ, ਕਾਰ ਦੇ ਉੱਡੇ ਪਰਖੱਚੇ, ਚਾਲਕ ਦੀ ਮੌਤ

ਵਿਧਾਇਕਾਂ ਅਤੇ ਮੇਅਰ ਨੂੰ ਲੈ ਕੇ ਕੌਂਸਲਰਾਂ ਅਤੇ ਲੋਕਾਂ ਤੱਕ ਵਿਚ ਨਾਰਾਜ਼ਗੀ

ਨਗਰ ਨਿਗਮ ਕਮਿਸ਼ਨਰ ਦੇ ਰੂਪ ਵਿਚ ਜਦੋਂ ਤੋਂ ਆਈ. ਏ. ਐੱਸ. ਅਧਿਕਾਰੀ ਦਵਿੰਦਰ ਸਿੰਘ ਨੇ ਕਾਰਜਭਾਰ ਸੰਭਾਲਿਆ ਹੈ, ਉਨ੍ਹਾਂ ਦੇ ਕੰਮਕਾਜ ਦੀ ਸ਼ੈਲੀ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੋ ਰਹੇ ਹਨ। ਆਮ ਆਦਮੀ ਪਾਰਟੀ ਦੇ ਦੋਵੇਂ ਵਿਧਾਇਕ ਰਮਨ ਅਰੋੜਾ ਅਤੇ ਸ਼ੀਤਲ ਅੰਗੁਰਾਲ ਕਈ ਵਾਰ ਨਿਗਮ ਕਮਿਸ਼ਨਰ ਦੀ ਕਾਰਜਸ਼ੈਲੀ ’ਤੇ ਸਵਾਲ ਖੜ੍ਹੇ ਕਰ ਚੁੱਕੇ ਹਨ। ਮੇਅਰ ਜਗਦੀਸ਼ ਰਾਜਾ ਨੇ ਵੀ ਕਮਿਸ਼ਨਰ ਦੇ ਵਤੀਰੇ ਨੂੰ ਲੈ ਕੇ ਮੁੱਖ ਮੰਤਰੀ ਅਤੇ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਸੀ। ਕਾਂਗਰਸ ਦੇ ਦਰਜਨ ਦੇ ਲਗਭਗ ਕੌਂਸਲਰਾਂ ਨੇ ਵੀ ਬੀਤੇ ਦਿਨੀਂ ਕਮਿਸ਼ਨਰ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਸੀ। ਇਸ ਤੋਂ ਇਲਾਵਾ ਕਾਂਗਰਸੀ ਕੌਂਸਲਰ ਜਗਦੀਸ਼ ਸਮਰਾਏ ਨੇ ਤਾਂ ਕਮਿਸ਼ਨਰ ਨੂੰ ‘ਪੈੱਨ’ ਗਿਫਟ ਕਰ ਕੇ ਤਕੜਾ ਵਿਅੰਗ ਕੀਤਾ ਸੀ ਤਾਂ ਕਿ ਉਹ ਉਸ ਪੈੱਨ ਨਾਲ ਫਾਈਲਾਂ ’ਤੇ ਸਾਈਨ ਕਰ ਸਕਣ। ਨਵੇਂ ਕਮਿਸ਼ਨਰ ਦੇ ਆਉਣ ਤੋਂ ਬਾਅਦ ਨਿਗਮ ਯੂਨੀਅਨਾਂ ਵਿਚ ਵੀ ਕਾਫ਼ੀ ਨਾਰਾਜ਼ਗੀ ਚੱਲ ਰਹੀ ਹੈ ਅਤੇ ਲਗਭਗ ਰੋਜ਼ਾਨਾ ਨਿਗਮ ਵਿਚ ਧਰਨਾ ਲੱਗ ਰਿਹਾ ਹੈ। ਪੇਮੈਂਟ ਨਾ ਮਿਲਣ ਕਾਰਨ ਨਗਰ ਨਿਗਮ ਦੇ ਦਰਜਨ ਦੇ ਲਗਭਗ ਠੇਕੇਦਾਰ ਹਾਈ ਕੋਰਟ ਦੀ ਸ਼ਰਨ ਵਿਚ ਚਲੇ ਗਏ ਹਨ, ਜਿੱਥੇ ‘ਕੰਟੈਂਪਟ ਆਫ਼ ਕੋਰਟ’ ਦੇ ਨੋਟਿਸ ਤੱਕ ਜਾਰੀ ਹੋ ਚੁੱਕੇ ਹਨ। ਸਮਾਰਟ ਸਿਟੀ ਦੇ ਸਾਰੇ ਠੇਕੇਦਾਰਾਂ ਨੇ ਕੰਮ ਬੰਦ ਕਰ ਦਿੱਤੇ ਹਨ। ਕਪੂਰਥਲਾ ਰੋਡ ਦੀ ਖਸਤਾ ਹਾਲਤ ਅਤੇ ਮਾਡਲ ਟਾਊਨ ਡੰਪ ਨੂੰ ਲੈ ਕੇ ਲੋਕਾਂ ਦੇ ਅੰਦੋਲਨ ਸ਼ੁਰੂ ਹੋ ਚੁੱਕੇ ਹਨ। ਹੁਣ ਵੇਖਣਾ ਹੈ ਕਿ ਸਰਕਾਰ ਨਿਗਮ ਕਮਿਸ਼ਨਰ ਬਾਰੇ ਕੀ ਫ਼ੈਸਲਾ ਲੈਂਦੀ ਹੈ।

ਇਹ ਵੀ ਪੜ੍ਹੋ: ਭੋਗਪੁਰ ਦੇ ਨੌਜਵਾਨ ਦਾ ਇਟਲੀ 'ਚ ਕਤਲ, ਪੰਜਾਬੀਆਂ ਨੇ ਕੀਤਾ ਪਿੱਠ 'ਤੇ ਵਾਰ, ਜਨਵਰੀ 'ਚ ਹੋਣਾ ਸੀ ਵਿਆਹ

ਕਮਿਸ਼ਨਰ ਨੇ 27 ਅਕਤੂਬਰ ਤੱਕ ਸਾਰੇ ਵਿਭਾਗਾਂ ਤੋਂ ਸਟੇਟਸ ਰਿਪੋਰਟ ਮੰਗੀ

ਚੰਡੀਗੜ੍ਹ ਤਲਬ ਹੋਣ ਤੋਂ ਬਾਅਦ ਨਿਗਮ ਕਮਿਸ਼ਨਰ ਦਵਿੰਦਰ ਸਿੰਘ ਨੇ ਜਲੰਧਰ ਨਿਗਮ ਦੇ ਅਧਿਕਾਰੀਆਂ ਦੇ ਵ੍ਹਟਸਐਪ ਗਰੁੱਪ ਵਿਚ ਇਕ ਮੈਸੇਜ ਛੱਡਿਆ, ਜਿਸ ਤਹਿਤ ਉਨ੍ਹਾਂ 27 ਅਕਤੂਬਰ ਤੱਕ ਨਿਗਮ ਦੇ ਸਾਰੇ ਵਿਭਾਗਾਂ ਵਿਚ ਚੱਲ ਰਹੇ, ਅਧੂਰੇ ਪਏ ਅਤੇ ਠੱਪ ਪਏ ਵਿਕਾਸ ਕਾਰਜਾਂ ਤੇ ਪ੍ਰਾਜੈਕਟਾਂ ਬਾਰੇ ਸਟੇਟਸ ਰਿਪੋਰਟ ਮੰਗੀ ਹੈ। ਜ਼ਿਕਰਯੋਗ ਹੈ ਕਿ ਵਿਕਾਸ ਕਾਰਜ ਨਾ ਹੋਣ ਤੋਂ ਖਫ਼ਾ ਪਰਗਟ ਸਿੰਘ ਨੇ 27 ਅਕਤੂਬਰ ਨੂੰ ਨਿਗਮ ਵਿਚ ਮੀਟਿੰਗ ਸੱਦੀ ਹੋਈ ਹੈ। ਮੰਨਿਆ ਜਾ ਰਿਹਾ ਹੈ ਕਿ 27 ਅਕਤੂਬਰ ਨੂੰ ਲੋਕਲ ਬਾਡੀਜ਼ ਮੰਤਰੀ ਜਾਂ ਉੱਚ ਅਧਿਕਾਰੀ ਕਮਿਸ਼ਨਰ ਤੋਂ ਸ਼ਹਿਰ ਦੇ ਵਿਕਾਸ ਬਾਰੇ ਰਿਪੋਰਟ ਮੰਗ ਸਕਦੇ ਹਨ।

ਇਹ ਵੀ ਪੜ੍ਹੋ: ਪਾਕਿ ਆਰਮੀ ਚੀਫ਼ ਬਾਜਵਾ ਹੋਣਗੇ ਸੇਵਾ ਮੁਕਤ, ਸਿਆਸਤ 'ਚ ਫ਼ੌਜ ਦੇ ਦਬਦਬੇ 'ਤੇ ਜਾਣੋ ਕੀ ਕਿਹਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News