ਇਸ ਸਮੇਂ 2 ਕਿਸ਼ਤੀਆਂ ’ਚ ਸਵਾਰ ਹਨ ਕਾਂਗਰਸ ਦੇ ਕਈ ਕੌਂਸਲਰ

07/11/2022 10:14:53 AM

ਜਲੰਧਰ (ਖੁਰਾਣਾ)- ਕਰੀਬ 4 ਮਹੀਨੇ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਵਿਰੋਧੀ ਦਲ ਕਾਂਗਰਸ ’ਚ ਜ਼ਬਰਦਸਤ ਫੁੱਟ ਮਚੀ ਹੋਈ ਸੀ। ਪੰਜਾਬ ਪੱਧਰ ’ਤੇ ਜਿੱਥੇ ਕਾਂਗਰਸ ਕਈ ਗੁੱਟਾਂ ’ਚ ਵੰਡ ਚੁੱਕੀ ਸੀ, ਉਥੇ ਹੀ ਜਲੰਧਰ ਦੀ ਗੱਲ ਕਰੀਏ ਤਾਂ ਨਾ ਸਿਰਫ਼ ਚਾਰਾਂ ਵਿਧਾਇਕਾਂ ਦੇ ਮੂੰਹ ਵੱਖ-ਵੱਖ ਦਿਸ਼ਾ ਵੱਲ ਸਨ, ਸਗੋਂ ਕਾਂਗਰਸ ਦੇ ਜ਼ਿਆਦਾਤਰ ਕੌਂਸਲਰ ਵੀ ਸਿਰਫ਼ ਆਪਣਾ ਹੀ ਫਾਇਦਾ ਵੇਖਣ ’ਚ ਮਸਤ ਸਨ। ਉਦੋਂ ਕਈ ਕਾਂਗਰਸ ਕੌਂਸਲਰਾਂ ਨੇ ਆਪਣੀ ਮਾਂ ਸਮਾਨ ਪਾਰਟੀ ਦੀ ਕੋਈ ਪ੍ਰਵਾਹ ਨਹੀਂ ਕੀਤੀ ਅਤੇ ਕਈਆਂ ਨੇ ਤਾਂ ਅਕਾਲੀ-ਭਾਜਪਾ ਅਤੇ ਕਈਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੀ ਖੁੱਲ੍ਹ ਕੇ ਮਦਦ ਲਈ। ਕਈ ਕੌਂਸਲਰਾਂ ’ਤੇ ਤਾਂ ਦੂਸਰੀ ਪਾਰਟੀ ਦੇ ਉਮੀਦਵਾਰਾਂ ਤੋਂ ਪੈਸੇ ਲੈਣ ਤਕ ਦਾ ਦੋਸ਼ ਲੱਗਿਆ।

ਵਿਧਾਨ ਸਭਾ ਚੋਣਾਂ ਦੌਰਾਨ ਜਲੰਧਰ ਨਿਗਮ ਨਾਲ ਸਬੰਧਤ ਕਾਂਗਰਸੀ ਕੌਂਸਲਰਾਂ ’ਚ ਜਿਸ ਤਰ੍ਹਾਂ ਹੋੜ ਮਚੀ ਹੋਈ ਸੀ, ਉਸ ਦਾ ਨਤੀਜਾ ਇਹ ਨਿਕਲਿਆ ਕਿ ਸਸ਼ਕਤ ਸਮਝੇ ਜਾਂਦੇ 2 ਕਾਂਗਰਸੀ ਵਿਧਾਇਕ ਰਾਜਿੰਦਰ ਬੇਰੀ ਅਤੇ ਸੁਸ਼ੀਲ ਰਿੰਕੂ ਬਹੁਤ ਕਮਜ਼ੋਰ ਸਮਝੇ ਜਾਂਦੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੋਂ ਹਾਰ ਗਏ। ਇਨ੍ਹਾਂ ਦੋਨਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇਹੀ ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਦੇ ਆਪਣੇ ਹਲਕੇ ਦੇ ਕਾਂਗਰਸੀ ਕੌਂਸਲਰਾਂ ਨੇ ਹੀ ਇਨ੍ਹਾਂ ਦਾ ਸਾਥ ਨਹੀਂ ਦਿੱਤਾ ਤੇ ਕਈ ਤਾਂ ਖੁੱਲ੍ਹ ਕੇ ਦੂਸਰੀ ਪਾਰਟੀ ਦੇ ਉਮੀਦਵਾਰਾਂ ਨਾਲ ਚਲੇ ਗਏ।

ਇਹ ਵੀ ਪੜ੍ਹੋ: ਜਲੰਧਰ: ਭਿਖਾਰਨ ਦੀ ਘਿਨਾਉਣੀ ਹਰਕਤ ਨੂੰ ਜਾਣ ਹੋਵੋਗੇ ਹੈਰਾਨ, ਬੱਚੇ ਦੇ ਮੂੰਹ ’ਤੇ ਬਲੇਡ ਨਾਲ ਕੀਤੇ ਜ਼ਖ਼ਮ

ਹੁਣ ਕਿਸ ਮੂੰਹ ਨਾਲ ਮੰਗਣਗੇ ਕਾਂਗਰਸ ਪਾਰਟੀ ਦਾ ਟਿਕਟ?
ਜਲੰਧਰ ’ਚ ਇਸ ਸਮੇਂ 65 ਕਾਂਗਰਸ ਕੌਂਸਲਰ ਹਨ ਪਰ ਉਨ੍ਹਾਂ ’ਚ ਡੇਢ 2 ਦਰਜਨ ਅਜਿਹੇ ਹਨ ਜਿਨ੍ਹਾਂ ਨੇ ਆਪਣੇ-ਆਪਣੇ ਖੇਤਰ ਦੇ ਵਿਧਾਇਕ ਦੀ ਕੋਈ ਮਦਦ ਨਹੀਂ ਕੀਤੀ ਜਦਕਿ ਅੰਦਰ ਖਾਤੇ ਉਨ੍ਹਾਂ ਦੀ ਜੜ੍ਹਾਂ ’ਚ ਤੇਲ ਹੀ ਪਾਇਆ। ਭਾਵੇਂ ਇਨ੍ਹਾਂ ਚੋਣਾਂ ’ਚ ਬਾਵਾ ਹੈਨਰੀ ਤੇ ਪਰਗਟ ਸਿੰਘ ਜਿੱਤ ਗਏ ਪਰ ਉਨ੍ਹਾਂ ਦਾ ਵਿਰੋਧ ਕਾਂਗਰਸ ਦੇ ਕਈ ਕੌਂਸਲਰਾਂ ਨੇ ਕੀਤਾ। ਹੁਣ ਸਵਾਲ ਇਹ ਉਠਦਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਜੋ ਕੌਂਸਲਰ ਕਾਂਗਰਸ ਖ਼ਿਲਾਫ਼ ਚੱਲਦੇ ਰਹੇ ਹੁਣ ਉਹ ਕਿਸ ਮੂੰਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਮੰਗਣਗੇ ਜਾਂ ਪੰਜੇ ਦੇ ਨਿਸ਼ਾਨ ’ਤੇ ਖੜ੍ਹੇ ਹੋਣਗੇ।
ਅਜਿਹਾ ਕਰਨ ਨਾਲ ਉਨ੍ਹਾਂ ਦੇ ਆਪਣੇ ਵਾਰਡਾਂ ’ਚ ਹੀ ਉਨ੍ਹਾਂ ਦੀ ਇੱਜ਼ਤ ਮਿੱਟੀ ’ਚ ਰੁੜ੍ਹ ਜਾਏਗੀ। ਅਜਿਹੇ ਬਗਾਵਤੀ ਤੇਵਰਾਂ ਵਾਲੇ ਕੌਂਸਲਰਾਂ ਦੇ ਰਸਤੇ ਦਾ ਰੋੜਾ ਉਹ ਵਿਧਾਇਕ ਵੀ ਬਣਨਗੇ ਜੋ ਹਾਰ ਚੁੱਕੇ ਹਨ ਜਾਂ ਜਿੱਤ ਕੇ ਸਭ ਜਾਣਦੇ ਹਨ ਕਿ ਉਨ੍ਹਾਂ ਦੀ ਮਦਦ ਕਿਸ-ਕਿਸ ਨੇ ਨਹੀਂ ਕੀਤੀ।

ਹੁਣ ਆਮ ਆਦਮੀ ਪਾਰਟੀ ਵੀ ਮੂੰਹ ਨਹੀਂ ਲਾ ਰਹੀ
ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਵਿਧਾਨ ਸਭਾ ਚੋਣਾਂ ’ਚ ਚੱਲਣ ਵਾਲੇ ਕਰੀਬ 2 ਦਰਜਨ ਕਾਂਗਰਸੀ ਕੌਂਸਲਰਾਂ ’ਚੋਂ ਬਹੁਤੇ ਅਜਿਹੇ ਹਨ ਜਿਨ੍ਹਾਂ ਨੇ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ’ਚ ਜਾਣ ਦੇ ਸੁਫ਼ਨੇ ਪਾਲੇ ਹੋਏ ਸਨ ਤੇ ਕਈਆਂ ਨੇ ਤਾਂ ‘ਆਪ’ ਲੀਡਰਾਂ ਨਾਲ ਬੈਠਕਾਂ ਤੱਕ ਕਰ ਲਈਆਂ ਸਨ ਪਰ ਅੱਜ ਹਾਲਾਤ ਇਹ ਹਨ ਕਿ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੀ ਅਜਿਹੇ ਕਾਂਗਰਸੀਆਂ ਨੂੰ ਮੂੰਹ ਨਹੀਂ ਲਾ ਰਿਹਾ, ਕੌਂਸਲਰ ਚੋਣ ’ਚ ਟਿਕਟ ਦੇਣ ਦਾ ਵਾਅਦਾ ਕਰਨ ਤਾਂ ਬਹੁਤ ਦੂਰ ਦੀ ਗੱਲ ਹੈ।
ਪਤਾ ਲੱਗਾ ਹੈ ਕਿ ਵਿਧਾਨ ਸਭਾ ਚੋਣਾਂ ਦੌਰਾਨ ਜਿਹੜੇ ਕਾਂਗਰਸੀ ਕੌਂਸਲਰਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦਾ ਸਮਰਥਨ ਕੀਤਾ, ਹੁਣ ਉਹ ਵਿਧਾਇਕ ਜਾਂ ਇੰਚਾਰਜ ਵੀ ਕੁਝ ਕਾਂਗਰਸੀ ਕੌਂਸਲਰਾਂ ਨੂੰ ਮੂੰਹ ਤੱਕ ਨਹੀਂ ਲਾ ਰਹੇ ਹਨ ਅਤੇ ਉਨ੍ਹਾਂ ਦੇ ਵਾਰਡਾਂ ’ਚ ‘ਆਪ’ ਉਮੀਦਵਾਰਾਂ ਨੂੰ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੀ ਕੌਂਸਲਰ ਚੋਣ ਕਾਫੀ ਦਿਲਚਸਪ ਹੋਵੇਗੀ, ਕਿਉਂਕਿ ਜ਼ਿਆਦਾਤਰ ਕਾਂਗਰਸੀ ਕੌਂਸਲਰ ਦੋ ਕਿਸ਼ਤੀਆਂ ’ਚ ਸਵਾਰ ਦਿੱਸ ਰਹੇ ਹਨ।

ਇਹ ਵੀ ਪੜ੍ਹੋ: CM ਮਾਨ ਦੀ ਕੇਂਦਰ ਸਰਕਾਰ ਤੋਂ ਕੀਤੀ ਮੰਗ 'ਤੇ ਰਾਜਾ ਵੜਿੰਗ ਨੇ ਲਈ ਚੁਟਕੀ, ਟਵੀਟ ਕਰਕੇ ਆਖੀ ਵੱਡੀ ਗੱਲ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 


shivani attri

Content Editor

Related News