ਨੈਸ਼ਨਲ ਕਮਿਸ਼ਨ ਵੱਲੋਂ ਇੰਪਰੂਵਮੈਂਟ ਟਰੱਸਟ ਨੂੰ ਜ਼ੋਰਦਾਰ ਝਟਕਾ

09/02/2020 10:28:25 AM

ਜਲੰਧਰ (ਚੋਪੜਾ)— ਨੈਸ਼ਨਲ ਕਮਿਸ਼ਨ ਨੇ ਇੰਪਰੂਵਮੈਂਟ ਟਰੱਸਟ ਨੂੰ ਜ਼ੋਰਦਾਰ ਝਟਕਾ ਦਿੰਦਿਆਂ ਉਸਦੀਆਂ 25 ਅਪੀਲਾਂ ਨੂੰ ਖਾਰਿਜ ਕਰ ਦਿੱਤਾ ਹੈ। ਟਰੱਸਟ ਨੂੰ ਹੁਣ ਅਲਾਟੀਆਂ ਨੂੰ ਲਗਭਗ 15 ਕਰੋੜ ਰੁਪਏ ਦੀ ਅਦਾਇਗੀ ਕਰਨੀ ਪਵੇਗੀ। ਬੈਂਕ ਦੇ ਕਰੋੜਾਂ ਰੁਪਏ ਦੇ ਕਰਜ਼ਾਈ ਅਤੇ ਬਦਹਾਲ ਟਰੱਸਟ ਲਈ ਹੁਣ ਆਪਣੀ ਇੱਜ਼ਤ ਨੂੰ ਬਚਾਉਣਾ ਵੀ ਮੁਸ਼ਕਲਾਂ ਭਰਿਆ ਦਿਖਾਈ ਦੇ ਰਿਹਾ ਹੈ। ਟਰੱਸਟ ਦੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਵੱਲੋਂ ਅਹੁਦਾ ਸੰਭਾਲਿਆਂ ਸਵਾ ਸਾਲ ਹੋ ਚੁੱਕਾ ਹੈ ਪਰ ਉਨ੍ਹਾਂ ਦੇ ਲੱਖ ਦਾਅਵਿਆਂ ਦੇ ਬਾਵਜੂਦ ਟਰੱਸਟ ਦੇ ਹਾਲਾਤ 'ਚ ਕੋਈ ਸੁਧਾਰ ਨਹੀਂ ਹੋਇਆ, ਸਗੋਂ ਟਰੱਸਟ ਲਗਾਤਾਰ ਦੇਣਦਾਰੀਆਂ ਅਤੇ ਕਰਜ਼ੇ ਦੀ ਦਲਦਲ ਵਿਚ ਧਸਦਾ ਜਾ ਰਿਹਾ ਹੈ। ਉਪਰੋਂ ਚੇਅਰਮੈਨ ਆਹਲੂਵਾਲੀਆ ਅਤੇ ਈ. ਓ. ਜਤਿੰਦਰ ਸਿੰਘ ਖ਼ਿਲਾਫ਼ ਵੱਖ-ਵੱਖ ਅਦਾਲਤਾਂ ਵੱਲੋਂ ਆਏ ਦਿਨ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰਨ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ। ਟਰੱਸਟ ਦੀਆਂ ਧੋਖਾਧੜੀਆਂ ਖ਼ਿਲਾਫ ਅਲਾਟੀਆਂ ਵੱਲੋਂ ਕੀਤੇ ਕੇਸਾਂ ਵਿਚ ਪਿਛਲੇ ਸਾਲਾਂ ਦੌਰਾਨ ਚੇਅਰਮੈਨ ਅਤੇ ਈ. ਓ. ਖ਼ਿਲਾਫ਼ 120 ਦੇ ਲਗਭਗ ਜ਼ਮਾਨਤੀ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਹੋ ਚੁੱਕੇ ਹਨ।


ਹੁਣ ਨੈਸ਼ਨਲ ਕਮਿਸ਼ਨ ਵੱਲੋਂ ਟਰੱਸਟ ਦੀਆਂ ਜਿਹੜੀਆਂ 25 ਅਪੀਲਾਂ ਨੂੰ ਖਾਰਿਜ ਕੀਤਾ ਗਿਆ, ਉਹ ਸਾਰੇ ਕੇਸ 94.97 ਏਕੜ ਸੂਰਿਆ ਐਨਕਲੇਵ ਐਕਸਟੈਨਸ਼ਨ ਸਕੀਮ ਦੇ ਉਨ੍ਹਾਂ ਅਲਾਟੀਆਂ ਨਾਲ ਸਬੰਧਤ ਹਨ, ਜਿਨ੍ਹਾਂ ਨੇ ਆਪਣੀ ਜੀਵਨ ਭਰ ਦੀ ਜਮ੍ਹਾ ਪੂੰਜੀ ਲਾ ਕੇ ਸਕੀਮ 'ਚ ਪਲਾਟ ਖਰੀਦੇ ਸਨ ਪਰ ਟਰੱਸਟ ਨੇ ਅਲਾਟੀਆਂ ਕੋਲੋਂ ਪੈਸਾ ਲੈਣ ਤੋਂ ਬਾਅਦ ਨਾ ਤਾਂ ਉਨ੍ਹਾਂ ਨੂੰ ਪਲਾਟਾਂ ਦਾ ਕਬਜ਼ਾ ਦਿੱਤਾ ਅਤੇ ਨਾ ਹੀ ਸਕੀਮ ਵਿਚ ਮੁੱਢਲੀਆਂ ਸਹੂਲਤਾਂ ਉਪਲੱਬਧ ਕਰਵਾਈਆਂ। ਇਸ ਸਕੀਮ ਵਿਚ ਅਨੇਕ ਪਲਾਟ ਅਜਿਹੇ ਹਨ, ਜਿਨ੍ਹਾਂ 'ਤੇ ਲੋਕਾਂ ਨੇ ਕਬਜ਼ੇ ਕੀਤੇ ਹੋਏ ਹਨ। ਸਾਲਾਂ ਤੋਂ ਪਲਾਟਾਂ ਦਾ ਕਬਜ਼ਾ ਲੈਣ ਲਈ ਟਰੱਸਟ ਦੇ ਦਫਤਰ ਦੇ ਧੱਕੇ ਖਾਉਣ ਨੂੰ ਮਜਬੂਰ ਉਕਤ 25 ਅਲਾਟੀਆਂ ਨੇ ਵੱਖ-ਵੱਖ ਸਮੇਂ ਟਰੱਸਟ ਖਿਲਾਫ ਸਟੇਟ ਕਮਿਸ਼ਨ ਚੰਡੀਗੜ੍ਹ ਵਿਚ ਕੇਸ ਦਾਇਰ ਕੀਤੇ ਸਨ, ਜਿਸ ਨੇ ਉਕਤ ਸਾਰੇ ਕੇਸਾਂ ਦਾ ਫੈਸਲਾ ਅਲਾਟੀਆਂ ਦੇ ਹੱਕ ਵਿਚ ਕਰਦਿਆਂ ਉਨ੍ਹਾਂ ਵੱਲੋਂ ਜਮ੍ਹਾ ਕਰਵਾਈ ਗਈ ਪ੍ਰਿੰਸੀਪਲ ਅਮਾਊਂਟ ਅਤੇ ਉਸ 'ਤੇ ਬਣਦੇ ਵਿਆਜ ਤੋਂ ਇਲਾਵਾ ਕਾਨੂੰਨੀ ਖਰਚ ਵਾਪਸ ਮੋੜਨ ਦੇ ਹੁਕਮ ਦਿੱਤੇ ਸਨ।PunjabKesari
ਟਰੱਸਟ ਨੇ ਉਕਤ 25 ਕੇਸਾਂ ਦੀਆਂ ਅਪੀਲਾਂ ਨੈਸ਼ਨਲ ਕਮਿਸ਼ਨ 'ਚ ਦਾਇਰ ਕੀਤੀਆਂ ਸਨ ਪਰ ਨੈਸ਼ਨਲ ਕਮਿਸ਼ਨ ਤੋਂ ਵੀ ਟਰੱਸਟ ਨੂੰ ਕੋਈ ਰਾਹਤ ਨਹੀਂ ਮਿਲ ਸਕੀ। ਕਮਿਸ਼ਨ ਨੇ ਅਗਸਤ ਮਹੀਨੇ ਉਕਤ ਸਾਰੇ ਕੇਸਾਂ ਸਬੰਧੀ ਅਪੀਲਾਂ ਨੂੰ ਖਾਰਿਜ ਕਰਦਿਆਂ ਸਟੇਟ ਕਮਿਸ਼ਨ ਦੇ ਫੈਸਲੇ ਅਨੁਸਾਰ ਅਲਾਟੀਆਂ ਨੂੰ ਪ੍ਰਿੰਸੀਪਲ ਅਮਾਊਂਟ, 9 ਫੀਸਦੀ ਵਿਆਜ ਅਤੇ ਕਾਨੂੰਨੀ ਖਰਚ , ਜੋ ਕਿ 10 ਤੋਂ ਲੈ ਕੇ 20 ਹਜ਼ਾਰ ਦੇਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਹੁਣ ਟਰੱਸਟ ਨੂੰ ਅਲਾਟੀਆਂ ਵੱਲੋਂ ਜਮ੍ਹਾ ਕਰਵਾਈ ਪ੍ਰਿੰਸੀਪਲ ਅਮਾਊਂਟ ਜੋ ਕਿ 94177668 ਰੁਪਏ ਬਣਦੀ ਹੈ, ਦੇਣ ਤੋਂ ਇਲਾਵਾ ਇਸ 'ਤੇ ਬਣਦਾ ਵਿਆਜ ਜੋ ਕਿ ਲਗਭਗ 55000000 ਰੁਪਏ ਦੇ ਨਾਲ 5 ਲੱਖ ਰੁਪਏ ਕਾਨੂੰਨੀ ਖਰਚ ਵੀ ਅਦਾ ਕਰਨਾ ਪਵੇਗਾ, ਜੋ ਕਿ ਲਗਭਗ 15 ਕਰੋੜ ਰੁਪਏ ਬਣਦਾ ਹੈ। ਟਰੱਸਟ ਖ਼ਿਲਾਫ਼ ਕੇਸ ਦਾਇਰ ਕਰਨ ਵਾਲੇ ਅਲਾਟੀ, ਜਿਨ੍ਹਾਂ ਨੂੰ ਵੱਖ-ਵੱਖ ਸਾਈਜ਼ ਦੇ ਪਲਾਟ ਅਲਾਟ ਹੋਏ ਸਨ ਅਤੇ ਉਨ੍ਹਾਂ ਪਲਾਟਾਂ ਦੀ ਰਕਮ ਵੀ ਟਰੱਸਟ ਕੋਲ ਜਮ੍ਹਾ ਕਰਵਾ ਦਿੱਤੀ ਸੀ, ਦੇ ਬਾਵਜੂਦ ਉਨ੍ਹਾਂ ਨੂੰ ਕਬਜ਼ੇ ਨਹੀਂ ਮਿਲ ਸਕੇ ਸਨ।

1. ਜਸਵਿੰਦਰ ਸਿੰਘ ਵਿਰਦੀ ਨਿਵਾਸੀ ਜਲੰਧਰ ਜਿਨ੍ਹਾਂ ਨੂੰ 182-ਡੀ, 200 ਗਜ਼ ਦਾ ਪਲਾਟ ਅਲਾਟ ਹੋਇਆ ਸੀ ਅਤੇ ਉਨ੍ਹਾਂ ਟਰੱਸਟ ਕੋਲ 3411315 ਰੁਪਏ ਜਮ੍ਹਾ ਕਰਵਾਏ ਸਨ।
2. ਭੀਮ ਸਿੰਘ ਕੁੰਦੂ ਿਨਵਾਸੀ ਹਿਸਾਰ ਜਿਨ੍ਹਾਂ ਨੂੰ ਟਰੱਸਟ ਨੇ 57-ਡੀ, 356 ਗਜ਼ ਦਾ ਪਲਾਟ ਅਲਾਟ ਕੀਤਾ ਸੀ, ਜਿਸ ਬਦਲੇ ਉਨ੍ਹਾਂ ਟਰੱਸਟ ਕੋਲ 3390780 ਟਰੱਸਟ ਕੋਲ ਜਮ੍ਹਾ ਕਰਵਾਏ ਸਨ।
3. ਰਾਜਿੰਦਰ ਸਿੰਘ ਗੋਦਾਰਾ ਨਿਵਾਸੀ ਹਿਸਾਰ ਨੂੰ ਟਰੱਸਟ ਨੇ 146-ਡੀ, 250 ਗਜ਼ ਦਾ ਪਲਾਟ ਅਲਾਟ ਕੀਤਾ ਸੀ। ਅਲਾਟੀ ਨੇ ਪਲਾਟ ਬਦਲੇ ਟਰੱਸਟ ਨੂੰ 3562705 ਰੁਪਏ ਭੁਗਤਾਨ ਕੀਤਾ ਸੀ।
4. ਸੁਰਿੰਦਰ ਲਾਲ ਯਾਦਵ ਜਿਨ੍ਹਾਂ ਨੂੰ ਸਕੀਮ ਵਿਚ 150-ਡੀ, 250 ਗਜ਼ ਦਾ ਪਲਾਟ ਅਲਾਟ ਹੋਏ ਸੀ ਅਤੇ ਅਲਾਟੀ ਨੇ ਟਰੱਸਟ ਕੋਲ 3560650 ਰੁਪਏ ਜਮ੍ਹਾ ਕਰਵਾਏ।
5. ਰਾਜ ਕੁਮਾਰ ਸੇਤੀਆ ਨਿਵਾਸੀ ਅਬੋਹਰ ਜਿਨ੍ਹਾਂ ਨੂੰ ਸਕੀਮ ਵਿਚ 142-ਡੀ, 250 ਗਜ਼ ਦਾ ਪਲਾਟ ਅਲਾਟ ਕੀਤਾ ਗਿਆ ਸੀ। ਅਲਾਟੀ ਨੇ ਟਰੱਸਟ ਨੂੰ 4899075 ਰੁਪਏ ਦਾ ਭੁਗਤਾਨ ਕੀਤਾ ਸੀ।
6. ਨਵਨੀਤ ਗੋਇਲ ਨਿਵਾਸੀ ਸੰਗਰੂਰ ਨੇ ਸਕੀਮ ਵਿਚ ਟਰੱਸਟ ਕੋਲੋਂ 280-ਡੀ, 200 ਗਜ਼ ਦਾ ਪਲਾਟ ਖਰੀਦਿਆ ਸੀ ਅਤੇ ਅਲਾਟੀ ਨੇ ਪਲਾਟ ਬਦਲੇ 3919450 ਰੁਪਏ ਟਰੱਸਟ ਕੋਲ ਜਮ੍ਹਾ ਕਰਵਾਏ।
7. ਅਲਕਾ ਜਿੰਦਲ ਨਿਵਾਸੀ ਪਟਿਆਲਾ ਜਿਸ ਨੂੰ ਟਰੱਸਟ ਨੇ ਸਕੀਮ ਵਿਚ 74-ਡੀ, 356 ਗਜ਼ ਦਾ ਪਲਾਟ ਅਲਾਟ ਕੀਤਾ ਹੈ। ਅਲਾਟੀ ਨੇ ਪਲਾਟ ਦੇ ਬਦਲੇ ਟਰੱਸਟ ਨੂੰ 7069593 ਰੁਪਏ ਦਾ ਭੁਗਤਾਨ ਕੀਤਾ ਹੈ।
8. ਕੁਸੁਮ ਕੁਮਾਰ ਨਿਵਾਸੀ ਫਾਜ਼ਿਲਕਾ ਜਿਸ ਨੂੰ 15-ਡੀ, 356 ਗਜ਼ ਦਾ ਪਲਾਟ ਟਰੱਸਟ ਨੇ ਅਲਾਟ ਕੀਤਾ ਸੀ, ਜਿਸ ਬਦਲੇ ਉਸ ਨੇ ਟਰੱਸਟ ਨੂੰ 7952663 ਰੁਪਏ ਦਾ ਭੁਗਤਾਨ ਕੀਤਾ ਸੀ।
9. ਹਰਪਾਲ ਸਿੰਘ ਅਰੋੜਾ ਨੂੰ ਇੰਪਰੂਵਮੈਂਟ ਟਰੱਸਟ ਨੇ 278-ਡੀ, 200 ਗਜ਼ ਦਾ ਪਲਾਟ ਅਲਾਟ ਕੀਤਾ ਸੀ। ਅਲਾਟੀ ਕੋਲੋਂ 3919450 ਰੁਪਏ ਲੈਣ ਦੇ ਬਾਵਜੂਦ ਟਰੱਸਟ ਨੇ ਉਸ ਨੂੰ ਕਬਜ਼ਾ ਨਹੀਂ ਦਿੱਤਾ।
10. ਪਰਮਪਾਲ ਸਿੰਘ ਨਿਵਾਸੀ ਜਲੰਧਰ ਜਿਸ ਨੂੰ ਸਕੀਮ ਵਿਚ ਪਲਾਟ ਨੰਬਰ 181-ਡੀ, 200 ਗਜ਼ ਦਾ ਪਲਾਟ ਅਲਾਟ ਕੀਤਾ ਗਿਆ ਸੀ। ਅਲਾਟੀ ਕੋਲੋਂ 3933950 ਰੁਪਏ ਲੈਣ ਦੇ ਬਾਵਜੂਦ ਉਸਨੂੰ ਕਬਜ਼ਾ ਨਾ ਦੇ ਕੇ ਟਰੱਸਟ ਨੇ ਧੋਖਾ ਕੀਤਾ ਹੈ।
11. ਜਤਿੰਦਰ ਸਿੰਘ ਨਿਵਾਸੀ ਫਰੀਦਕੋਟ ਨੂੰ ਸਕੀਮ ਵਿਚ ਪਲਾਟ ਨੰਬਰ 344-ਡੀ, 250 ਗਜ਼ ਦਾ ਪਲਾਟ ਅਲਾਟ ਹੋਇਆ ਸੀ ਪਰ ਟਰੱਸਟ ਨੇ ਅਲਾਟੀ ਕੋਲੋਂ 4930325 ਰੁਪਏ ਵਸੂਲਣ ਦੇ ਬਾਵਜੂਦ ਉਸਨੂੰ ਕਬਜ਼ਾ ਨਹੀਂ ਦਿੱਤਾ।
12. ਦਰਸ਼ਨ ਲਾਲ ਨਿਵਾਸੀ ਅੰਮ੍ਰਿਤਸਰ ਨੂੰ 193-ਸੀ, 100 ਗਜ਼ ਦਾ ਪਲਾਟ ਅਲਾਟ ਹੋਇਆ ਸੀ। ਅਲਾਟੀ ਨੇ ਟਰੱਸਟ ਕੋਲ 1969200 ਰੁਪਏ ਜਮ੍ਹਾ ਕਰਵਾਏ ਪਰ ਕਬਜ਼ਾ ਨਹੀਂ ਮਿਲ ਸਕਿਆ।
13. ਰਾਜੇਸ਼ ਵਰਮਾ ਨਿਵਾਸੀ ਲੁਧਿਆਣਾ ਨੂੰ ਟਰੱਸਟ ਨੇ ਸਕੀਮ ਵਿਚ 152-ਡੀ, 250 ਗਜ਼ ਦਾ ਪਲਾਟ ਅਲਾਟ ਕੀਤਾ ਪਰ ਅਲਾਟੀ ਵੱਲੋਂ 1233450 ਰੁਪਏ ਜਮ੍ਹਾ ਕਰਵਾਉਣ ਦੇ ਬਾਵਜੂਦ ਉਸ ਨੂੰ ਠੋਕਰਾਂ ਹੀ ਖਾਣੀਆਂ ਪਈਆਂ।
14. ਸੁਦੇਸ਼ ਰਾਣੀ ਨਿਵਾਸੀ ਗੁਰਦਾਸਪੁਰ ਦੇ ਮਾਮਲੇ ਵਿਚ ਵੀ ਟਰੱਸਟ ਨੇ ਅਲਾਟੀ ਨੂੰ 109-ਡੀ, 250 ਗਜ਼ ਦਾ ਪਲਾਟ ਅਲਾਟ ਕੀਤਾ ਤੇ ਉਸ ਬਦਲੇ 4229700 ਰੁਪਏ ਵਸੂਲਣ ਦੇ ਬਾਅਦ ਵੀ ਉਸਨੂੰ ਕਬਜ਼ਾ ਨਹੀਂ ਦਿੱਤਾ।
15. ਨੀਲਮ ਨਿਵਾਸੀ ਅੰਮ੍ਰਿਤਸਰ ਜਿਸ ਨੂੰ ਉਸ ਦੇ ਪਲਾਟ ਨੰਬਰ 165-ਡੀ, 200 ਗਜ਼ ਦਾ ਕਬਜ਼ਾ ਨਹੀਂ ਦਿੱਤਾ ਗਿਆ, ਜਦੋਂ ਕਿ ਅਲਾਟੀ ਨੇ ਪਲਾਟ ਬਦਲੇ ਟਰੱਸਟ ਨੂੰ 3579450 ਰੁਪਏ ਦਾ ਭੁਗਤਾਨ ਵੀ ਕਰ ਦਿੱਤਾ ਸੀ।
16. ਨਵੀਨ ਕੁਮਾਰ ਨਿਵਾਸੀ ਹਿਸਾਰ ਦੇ ਕੇਸ ਵਿਚ ਟਰੱਸਟ ਨੇ ਅਲਾਟੀ ਨੂੰ 25-ਸੀ, 500 ਗਜ਼ ਦਾ ਪਲਾਟ ਅਲਾਟ ਕੀਤਾ, ਜਿਸ ਬਦਲੇ ਉਸ ਕੋਲੋਂ 2712450 ਰੁਪਏ ਵਸੂਲ ਲਏ ਪਰ ਪਲਾਟ ਦਾ ਕਬਜ਼ਾ ਦੇਣਾ ਭੁੱਲ ਗਿਆ।
17. ਗੌਰਵ ਅਰੋੜਾ ਨਿਵਾਸੀ ਜਲੰਧਰ ਨੂੰ ਟਰੱਸਟ ਨੇ ਸਕੀਮ ਵਿਚ 382-ਡੀ, 200 ਗਜ਼ ਦਾ ਪਲਾਟ ਅਲਾਟ ਕਰ ਕੇ ਉਸ ਕੋਲੋਂ 2236450 ਰੁਪਏ ਵਸੂਲ ਲਏ ਪਰ ਉਸ ਨੂੰ ਪਲਾਟ ਦਾ ਕਬਜ਼ਾ ਨਹੀਂ ਦਿੱਤਾ।
18. ਦਰਸ਼ਨ ਸਿੰਘ ਨਿਵਾਸੀ ਸੰਗਰੂਰ ਨਾਲ ਸਬੰਧਤ ਕੇਸ ਵਿਚ ਟਰੱਸਟ ਨੇ ਅਲਾਟੀ ਨੂੰ 194-ਡੀ, 200 ਗਜ਼ ਦੇ ਪਲਾਟ ਦੇ ਭੁਗਤਾਨ ਵਜੋਂ 3918950 ਵਸੂਲ ਕਰ ਕੇ ਉਸ ਨੂੰ ਠੇਂਗਾ ਦਿਖਾ ਦਿੱਤਾ।
19. ਧਰਮਪਾਲ ਜਿੰਦਲ ਨੂੰ ਟਰੱਸਟ ਨੇ ਸਕੀਮ ਵਿਚ 160-ਡੀ, 200 ਗਜ਼ ਦਾ ਪਲਾਟ ਅਲਾਟ ਕੀਤਾ ਸੀ, ਜਿਸ ਬਦਲੇ 1834090 ਦਾ ਭੁਗਤਾਨ ਕਰਨ ਦੇ ਬਾਵਜੂਦ ਅਲਾਟੀ ਦੇ ਹੱਥ ਖਾਲੀ ਰਹੇ।
20. ਟੇਕ ਚੰਦ ਨਿਵਾਸੀ ਬਠਿੰਡਾ ਦੇ ਕੇਸ ਵਿਚ ਟਰੱਸਟ ਨੇ ਅਲਾਟੀ ਨੂੰ 28-ਡੀ, 356 ਗਜ਼ ਦਾ ਪਲਾਟ ਅਲਾਟ ਕੀਤਾ ਪਰ ਉਸ ਕੋਲੋਂ 5024910 ਰੁਪਏ ਦਾ ਭੁਗਤਾਨ ਲੈਣ ਦੇ ਬਾਵਜੂਦ ਉਸਨੂੰ ਕਬਜ਼ਾ ਨਹੀਂ ਮਿਲਿਆ।
21. ਹਰਦੇਵ ਸਿੰਘ ਨਿਵਾਸੀ ਜਲੰਧਰ ਨੂੰ ਸਕੀਮ ਵਿਚ 5-ਡੀ, 356 ਗਜ਼ ਦਾ ਪਲਾਟ ਟਰੱਸਟ ਨੇ ਅਲਾਟ ਕੀਤਾ ਅਤੇ ਪਲਾਟ ਬਦਲੇ ਅਲਾਟੀ ਕੋਲੋਂ 6595830 ਰੁਪਏ ਵਸੂਲ ਲਏ ਸੀ।
22. ਪਰਮਜੀਤ ਧੂਰੀ ਨਿਵਾਸੀ ਸੰਗਰੂਰ ਖੁਦ ਨੂੰ ਠੱਗਿਆ ਮਹਿਸੂਸ ਕਰਦਾ ਰਿਹਾ ਕਿਉਂਕਿ ਟਰੱਸਟ ਨੇ ਉਸ ਨੂੰ ਸਕੀਮ ਵਿਚ ਪਲਾਟ ਨੰਬਰ 238-ਡੀ, 200 ਗਜ਼ ਬਦਲੇ 1815382 ਰੁਪਏ ਵਸੂਲਣ ਤੋਂ ਬਾਅਦ ਵੀ ਉਸਨੂੰ ਕਬਜ਼ਾ ਨਹੀਂ ਦਿੱਤਾ।
23. ਗੁਰਦੇਵ ਮੱਲ ਨਿਵਾਸੀ ਪਟਿਆਲਾ ਦੇ ਕੇਸ ਵਿਚ ਟਰੱਸਟ ਨੇ ਅਲਾਟੀ ਕੋਲੋਂ 114-ਡੀ, 250 ਗਜ਼ ਦੇ ਪਲਾਟ ਬਦਲੇ 2798450 ਰੁਪਏ ਤਾਂ ਵਸੂਲ ਲਏ ਪਰ ਉਸ ਨੂੰ ਸਾਲਾਂ ਬਾਅਦ ਵੀ ਕਬਜ਼ਾ ਨਹੀਂ ਿਦੱਤਾ।
24. ਜਗਤਾਰ ਸਿੰਘ ਨਿਵਾਸੀ ਪਟਿਆਲਾ ਦੇ ਕੇਸ ਵਿਚ ਅਲਾਟੀ ਨੂੰ ਮਿਲੇ ਪਲਾਟ ਨੰਬਰ 132-ਡੀ, 200 ਗਜ਼ ਦੇ ਬਦਲੇ 2833450 ਰੁਪਏ ਲੈਣ ਤੋਂ ਬਾਅਦ ਵੀ ਉਸਨੂੰ ਪਲਾਟ ਦਾ ਕਬਜ਼ਾ ਨਹੀਂ ਦਿੱਤਾ।
25. ਸੰਜੀਵ ਸ਼ਰਮਾ ਨਿਵਾਸੀ ਪਟਿਆਲਾ ਨਾਲ ਸਬੰਧਤ ਕੇਸ ਵਿਚ ਟਰੱਸਟ ਨੇ ਉਸਨੂੰ 31-ਸੀ, 500 ਗਜ਼ ਦਾ ਪਲਾਟ ਅਲਾਟ ਕਰ ਕੇ 2445950 ਰੁਪਏ ਵਸੂਲ ਲਏ ਪਰ ਸਾਲਾਂਬੱਧੀ ਕਬਜ਼ਾ ਨਾ ਦੇਣ ਕਾਰਣ ਉਹ ਧੱਕੇ ਖਾਣ ਨੂੰ ਮਜਬੂਰ ਰਿਹਾ।

ਹੁਣ ਨਾ ਤਾਂ ਕਿਸੇ ਇੰਪਰੂਵਮੈਂਟ ਦੀ ਉਮੀਦ ਤੇ ਨਾ ਹੀ ਬਚਿਆ ਕੋਈ ਟਰੱਸਟ : ਦਰਸ਼ਨ ਆਹੂਜਾ
ਟਰੱਸਟ ਨੇ ਅਲਾਟੀਆਂ ਨਾਲ ਪਹਿਲਾਂ ਕੀਤੀ ਧੋਖਾਧੜੀ, ਹੁਣ ਭੁਗਤਾਨ ਕਰਨ ਦੀ ਬਜਾਏ ਕੇਸਾਂ 'ਤੇ ਲੁਟਾ ਰਿਹਾ ਕਰੋੜਾਂ ਰੁਪਏ

ਆਰ. ਟੀ. ਆਈ. ਐਕਟੀਵਿਸਟ ਦਰਸ਼ਨ ਸਿੰਘ ਆਹੂਜਾ ਨੇ ਕਿਹਾ ਕਿ ਹੁਣ ਇੰਪਰੂਵਮੈਂਟ ਟਰੱਸਟ ਤੋਂ ਨਾ ਤਾਂ ਕਿਸੇ ਇੰਪਰੂਵਮੈਂਟ ਦੀ ਉਮੀਦ ਹੈ ਅਤੇ ਨਾ ਹੀ ਲੋਕਾਂ ਦਾ ਇਨ੍ਹਾਂ 'ਤੇ ਕੋਈ ਟਰੱਸਟ ਬਚਿਆ ਹੈ। ਆਹੂਜਾ ਨੇ ਕਿਹਾ ਕਿ ਇੰਪਰੂਵਮੈਂਟ ਟਰੱਸਟ ਨੇ ਪਹਿਲਾਂ ਤਾਂ ਲੋਕਾਂ ਕੋਲੋਂ ਕਰੋੜਾਂ ਰੁਪਏ ਵਸੂਲ ਲਏ, ਫਿਰ ਪਲਾਟਾਂ ਦਾ ਕਬਜ਼ਾ ਨਾ ਦੇਣ ਕਾਰਣ ਅਲਾਟੀ ਕੋਰਟ-ਕਚਹਿਰੀਆਂ ਦੇ ਧੱਕੇ ਖਾਣ ਨੂੰ ਮਜਬੂਰ ਹੋ ਗਏ। ਹੁਣ ਜਦੋਂ ਕੇਸਾਂ ਦੇ ਫੈਸਲੇ ਅਲਾਟੀਆਂ ਦੇ ਹੱਕ ਵਿਚ ਆ ਰਹੇ ਹਨ ਤਾਂ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਅਲਾਟੀਆਂ ਨੂੰ ਰਾਹਤ ਦੇਣ ਦੀ ਬਜਾਏ ਅਪੀਲਾਂ ਦੇ ਨਾਂ 'ਤੇ ਕਰੋੜਾਂ ਰੁਪਏ ਲੁਟਾ ਰਹੇ ਹਨ। ਉਨ੍ਹਾਂ ਕਿਹਾ ਕਿ 2-4 ਕੇਸਾਂ ਨੂੰ ਛੱਡ ਕੇ ਸਾਰਿਆਂ ਦੇ ਫੈਸਲੇ ਅਲਾਟੀਆਂ ਦੇ ਹੱਕ ਵਿਚ ਹੋਏ ਹਨ। ਜਦੋਂ ਸਟੇਟ ਕਮਿਸ਼ਨ, ਨੈਸ਼ਨਲ ਕਮਿਸ਼ਨ ਅਤੇ ਮਾਣਯੋਗ ਸੁਪਰੀਮ ਕੋਰਟ ਤੱਕ ਤੋਂ ਟਰੱਸਟ ਨੂੰ ਕੋਈ ਰਾਹਤ ਨਹੀਂ ਮਿਲ ਰਹੀ ਤਾਂ ਕਿਉਂ ਅਲਾਟੀਆਂ ਨੂੰ ਹੋਰ ਪ੍ਰੇਸ਼ਾਨ ਕਰਨ ਦੇ ਨਾਲ-ਨਾਲ ਵਿਆਜ, ਕਾਨੂੰਨੀ ਖਰਚਿਆਂ ਅਤੇ ਵਕੀਲਾਂ 'ਤੇ ਸਰਕਾਰੀ ਫੰਡ ਲੁਟਾਇਆ ਜਾ ਰਿਹਾ ਹੈ। ਨੈਸ਼ਨਲ ਕਮਿਸ਼ਨ ਨੇ ਹੁਣ ਟਰੱਸਟ ਦੀਆਂ ਜਿਹੜੀਆਂ 25 ਅਪੀਲਾਂ ਨੂੰ ਖਾਰਿਜ ਕੀਤਾ ਹੈ, ਉਨ੍ਹਾਂ 'ਤੇ ਟਰੱਸਟ ਨੂੰ ਲਗਭਗ 5.5 ਕਰੋੜ ਰੁਪਏ ਵਿਆਜ ਅਤੇ 5 ਲੱਖ ਰੁਪਏ ਕਾਨੂੰਨੀ ਖਰਚ ਦੇ ਤੌਰ 'ਤੇ ਵਾਪਸ ਕਰਨੇ ਪੈਣਗੇ। ਜੇਕਰ ਅਜੇ ਵੀ ਟਰੱਸਟ ਅਲਾਟੀਆਂ ਨੂੰ ਰਿਫੰਡ ਕਰਨ ਵਿਚ ਦੇਰ ਕਰਦਾ ਹੈ ਤਾਂ ਵਿਆਜ ਦੀ ਰਕਮ ਹੋਰ ਵੀ ਵਧਦੀ ਜਾਵੇਗੀ।


shivani attri

Content Editor

Related News