''ਚੇਅਰਮੈਨ ਅਗੇਨ ਨਾਟ ਮੈੱਟ'' ਪੁਲਸ ਕਮਿਸ਼ਨਰ ਨੇ ਕੀਤੀ ਰਿਪੋਰਟ

12/15/2019 11:45:05 AM

ਜਲੰਧਰ (ਚੋਪੜਾ)— ਕਮਿਸ਼ਨਰੇਟ ਪੁਲਸ ਨੇ ਇਕ ਵਾਰ ਫਿਰ ਤੋਂ ਜ਼ਿਲਾ ਖਪਤਕਾਰ ਫੋਰਮ 'ਚ ਰਿਪੋਰਟ ਪੇਸ਼ ਕੀਤੀ ਹੈ ਕਿ 10 ਦਸੰਬਰ ਨੂੰ ਪੁਲਸ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਨੂੰ ਫੜਨ ਗਈ ਸੀ ਪਰ 'ਚੇਅਰਮੈਨ ਨਾਟ ਮੈੱਟ।' ਦੂਜੀ ਵਾਰ ਚੇਅਰਮੈਨ ਦੇ ਨਾ ਮਿਲਣ ਦੀ ਰਿਪੋਰਟ ਫੋਰਮ 'ਚ ਪੇਸ਼ ਹੋਣ ਤੋਂ ਬਾਅਦ ਫੋਰਮ ਨੇ ਇਕ ਵਾਰ ਫਿਰ ਤੋਂ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਦੇ ਅਰੈਸਟ ਵਾਰੰਟ ਜਾਰੀ ਕੀਤੇ ਹਨ।

ਇਸ ਕੇਸ ਦੇ ਫੈਸਲੇ 'ਚ ਫੋਰਮ ਨੇ ਟਰੱਸਟ ਨੂੰ ਅਲਾਟੀ ਨਰੂਲਾ ਵੱਲੋਂ ਜਮ੍ਹਾ ਕਰਵਾਈ 6,51,482 ਰੁਪਏ ਦੀ ਪ੍ਰਿੰਸੀਪਲ ਅਮਾਊਂਟ ਅਤੇ ਉਕਤ ਰਕਮ 'ਤੇ ਬਣਦਾ 12 ਫੀਸਦੀ ਵਿਆਜ ਸਮੇਤ 80,000 ਰੁਪਏ ਮੁਆਵਜ਼ਾ ਅਤੇ 10,000 ਰੁਪਏ ਕਾਨੂੰਨੀ ਖਰਚ ਦੇਣ ਦੇ ਹੁਕਮ ਦਿੱਤੇ ਪਰ ਟਰੱਸਟ ਨੇ ਅਲਾਟੀ ਨੂੰ ਪੇਮੈਂਟ ਨਹੀਂ ਕੀਤੀ ਅਤੇ ਸਟੇਟ ਕਮਿਸ਼ਨ 'ਚ ਅਪੀਲ ਦਰਜ ਕੀਤੀ ਪਰ ਕਮਿਸ਼ਨ ਨੇ 4 ਸਤੰਬਰ ਨੂੰ ਟਰੱਸਟ ਦੀ ਅਪੀਲ ਨੂੰ ਡਿਸਮਿਸ ਕਰ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਇਕ ਹੀ ਕੇਸ 'ਚ ਫੋਰਮ ਨੇ ਚੇਅਰਮੈਨ ਦੇ 5ਵੀਂ ਵਾਰ ਅਰੈਸਟ ਵਾਰੰਟ ਜਾਰੀ ਕੀਤੇ ਹਨ ਅਤੇ ਇਹ ਵਾਰੰਟ ਬੀਬੀ ਭਾਨੀ ਕੰਪਲੈਕਸ ਦੇ ਫਲੈਟ ਨੰ. 12/ਏ ਫਸਟ ਫਲੋਰ ਦੇ ਅਲਾਟੀ ਅਤੇ ਸੀਨੀਅਰ ਸਿਟੀਜ਼ਨ ਦਰਸ਼ਨ ਲਾਲ ਨਰੂਲਾ ਨਾਲ ਸਬੰਧਤ ਕੇਸ 'ਚ ਜਾਰੀ ਕੀਤੇ ਹਨ। ਫੋਰਮ ਨੇ ਪੁਲਸ ਕਮਿਸ਼ਨਰ ਦੇ ਮਾਰਫ਼ਤ ਹੀ ਚੇਅਰਮੈਨ ਆਹਲੂਵਾਲੀਆ ਖਿਲਾਫ ਨਵੇਂ ਅਰੈਸਟ ਵਾਰੰਟ ਜਾਰੀ ਕਰਦੇ ਹੋਏ ਕੇਸ ਦੀ ਅਗਲੀ ਤਰੀਕ 20 ਜਨਵਰੀ ਰੱਖੀ ਹੈ।

shivani attri

This news is Content Editor shivani attri