ਇੰਪਰੂਵਮੈਂਟ ਟਰੱਸਟ ’ਚ ਗੁੰਮ ਹੋਈਆਂ 120 ਫਾਈਲਾਂ ਦੀ FIR ਦੇ ਮਾਮਲੇ ’ਚ ਪੁਲਸ ਵੱਲੋਂ ਰਿਕਾਰਡ ਇੰਚਾਰਜ ਤਲਬ

05/20/2022 5:06:48 PM

ਜਲੰਧਰ (ਚੋਪੜਾ)–ਇੰਪਰੂਵਮੈਂਟ ਟਰੱਸਟ ਜਲੰਧਰ ਵਿਚ ਐੱਲ. ਡੀ. ਪੀ. ਪਲਾਟਾਂ ਦੀ ਨਿਯਮਾਂ ਦੇ ਉਲਟ ਹੋਈ ਅਲਾਟਮੈਂਟ ਅਤੇ ਕਰੋੜਾਂ ਰੁਪਏ ਦੇ ਕਥਿਤ ਘਪਲਿਆਂ ਨੂੰ ਲੈ ਕੇ ਜਿਨ੍ਹਾਂ 120 ਫਾਈਲਾਂ ਦੇ ਗੁੰਮ ਹੋਣ ਜਾਂ ਖੁਰਦ-ਬੁਰਦ ਕੀਤੇ ਜਾਣ ਨੂੰ ਲੈ ਕੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦੀ ਸਿਫ਼ਾਰਸ਼ ’ਤੇ ਕਮਿਸ਼ਨਰੇਟ ਪੁਲਸ ਨੇ ਉਸ ਸਮੇਂ ਦੇ ਚੇਅਰਮੈਨ ਅਤੇ ਸੀਨੀਅਰ ਸਹਾਇਕ ਅਜੇ ਮਲਹੋਤਰਾ ਖ਼ਿਲਾਫ਼ ਐੱਫ਼. ਆਈ. ਆਰ. ਦਰਜ ਕੀਤੀ ਸੀ, ਉਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ 4 ਦੀ ਪੁਲਸ ਨੇ ਟਰੱਸਟ ਦੇ ਰਿਕਾਰਡਰੂਮ ਦੇ ਇੰਚਾਰਜ ਕਪਿਲ ਨੂੰ ਤਲਬ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਹੈ।

ਉਥੇ ਹੀ, ਦੂਜੇ ਪਾਸੇ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ ’ਤੇ ਏ. ਡੀ. ਸੀ. ਆਸ਼ਿਕਾ ਜੈਨ ਦੀ ਨਿਗਰਾਨੀ ਵਿਚ ਬਣੀ 5 ਮੈਂਬਰੀ ਕਮੇਟੀ ਵੀ 120 ਫਾਈਲਾਂ ਦੇ ਸੰਦਰਭ ਵਿਚ ਆਪਣੀ ਰਿਪੋਰਟ ਬਣਾਉਣ ਵਿਚ ਜੁਟੀ ਹੋਈ ਹੈ। ਇਸ ਜਾਂਚ ਕਮੇਟੀ ਵਿਚ ਸ਼ਾਮਲ ਕੈਸ਼ੀਅਰ ਨੂੰ ਇਕ ਕੇਸ ਵਿਚ ਸਸਪੈਂਡ ਕੀਤਾ ਜਾ ਚੁੱਕਾ ਹੈ। ਉਥੇ ਹੀ, ਮੁਲਜ਼ਮ ਮੰਨੇ ਜਾਂਦੇ ਸੀਨੀਅਰ ਸਹਾਇਕ ਅਜੇ ਮਲਹੋਤਰਾ ਅਤੇ ਜੂਨੀਅਰ ਸਹਾਇਕ ਅਨੁਜ ਰਾਏ ਨੂੰ ਲੋਕਲ ਬਾਡੀਜ਼ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ ਅਤੇ ਉਨ੍ਹਾਂ ਦਾ ਕਾਰਜਭਾਰ ਚੰਡੀਗੜ੍ਹ ਹੈੱਡਕੁਆਰਟਰ ਨਾਲ ਅਟੈਚ ਕਰ ਦਿੱਤਾ ਹੈ।

ਇਹ ਵੀ ਪੜ੍ਹੋ: ਹੁਣ ਤਸਕਰਾਂ ਤੋਂ ਬਰਾਮਦ ਸ਼ਰਾਬ ਤੋਂ ਵੀ ਕਮਾਈ ਕਰੇਗੀ ਪੰਜਾਬ ਸਰਕਾਰ, ਆਬਕਾਰੀ ਮਹਿਕਮੇ ਨੇ ਲਿਆ ਵੱਡਾ ਫ਼ੈਸਲਾ

ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 9 ਮਈ ਨੂੰ ਜਾਰੀ ਹੁਕਮਾਂ ਤਹਿਤ ਲੋਕਲ ਬਾਡੀਜ਼ ਵਿਭਾਗ ਦੇ ਮੁੱਖ ਸਕੱਤਰ ਵਿਜੇ ਪ੍ਰਤਾਪ ਸਿੰਘ ਨੇ ਟਰੱਸਟ ਦੇ ਸਾਬਕਾ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨੂੰ 11 ਮਈ ਨੂੰ ਸ਼ੋਅਕਾਜ਼ ਨੋਟਿਸ ਜਾਰੀ ਕਰਕੇ ਸੂਰਿਆ ਐਨਕਲੇਵ ਅਤੇ ਸੂਰਿਆ ਐਨਕਲੇਵ ਐਕਸਟੈਨਸ਼ਨ ਨਾਲ ਸਬੰਧਤ ਐੱਲ. ਡੀ. ਪੀ. ਕੋਟੇ ਦੇ 5 ਪਲਾਟਾਂ ਦੇ ਮਾਮਲੇ ਵਿਚ ਸਰਕਾਰ ਦੀਆਂ ਹਦਾਇਤਾਂ ਦੀ ਅਣਦੇਖੀ ਕਰਨ ਅਤੇ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ 26 ਦੇ ਲਗਭਗ ਸਵਾਲਾਂ ਦੇ ਜਵਾਬ ਮੰਗੇ ਹਨ। ਚੇਅਰਮੈਨ ਆਹਲੂਵਾਲੀਆ ਨੇ ਅਜੇ ਤੱਕ ਵਿਭਾਗ ਨੂੰ ਸ਼ੋਅਕਾਜ਼ ਨੋਟਿਸ ਦਾ ਜਵਾਬ ਨਹੀਂ ਦਿੱਤਾ।

ਇਹ ਵੀ ਪੜ੍ਹੋ: ਨਵਜੋਤ ਸਿੱਧੂ ਦੀ ਸਜ਼ਾ ’ਤੇ ਰਾਜਾ ਵੜਿੰਗ ਨੂੰ ‘ਅਫ਼ਸੋਸ’, ਕਿਹਾ-ਅਜਿਹਾ ਨਹੀਂ ਹੋਣਾ ਚਾਹੀਦਾ ਸੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri