ਜਲੰਧਰ ਹਾਈਟਸ ਚੌਕੀ ਦੀ ਪੁਲਸ ਦਾ ਕਾਰਨਾਮਾ, ਸੈਰ ਕਰ ਰਹੇ ਬਜ਼ੁਰਗਾਂ ਨਾਲ ਕੀਤਾ ਮਾੜਾ ਵਿਵਹਾਰ

07/05/2020 1:19:46 PM

ਜਲੰਧਰ (ਸੁਧੀਰ)— ਸਥਾਨਕ 66 ਫੁੱਟੀ ਰੋਡ 'ਤੇ ਸਥਿਤ ਜਲੰਧਰ ਹਾਈਟਸ ਪ੍ਰਾਜੈਕਟ ਵਿਚ ਬੀਤੀ ਸ਼ਾਮ ਜਲੰਧਰ ਹਾਈਟਸ ਪੁਲਸ ਚੌਕੀ ਦੇ ਮੁਲਾਜ਼ਮਾਂ ਨੇ ਪ੍ਰਾਜੈਕਟ ਅੰਦਰ ਸੈਰ ਕਰ ਰਹੇ ਔਰਤਾਂ, ਬੱਚਿਆਂ, ਬਜ਼ੁਰਗਾਂ ਨਾਲ ਮਾੜਾ ਵਿਵਹਾਰ ਕਰਦੇ ਹੋਏ ਉਨ੍ਹਾਂ ਦੇ ਜਬਰਨ ਚਲਾਨ ਕੱਟ ਕੇ 500-500 ਰੁਪਏ ਵਸੂਲੇ। ਜਾਣਕਾਰੀ ਮੁਤਾਬਕ ਜਲੰਧਰ ਹਾਈਟਸ ਪ੍ਰਾਜੈਕਟ ਦੇ ਅੰਦਰ ਸ਼ਾਮ ਵੇਲੇ ਔਰਤਾਂ ਤੇ ਕਈ ਬਜ਼ੁਰਗ ਸੈਰ ਕਰ ਰਹੇ ਸਨ, ਜਿਸ ਦੇ ਨਾਲ ਹੀ ਕਈ ਛੋਟੇ ਬੱਚੇ ਵੀ ਪਾਰਕ 'ਚ ਬਾਸਕਿਟਬਾਲ ਖੇਡ ਰਹੇ ਸਨ। ਇਸੇ ਦੌਰਾਨ ਜਲੰਧਰ ਹਾਈਟਸ ਪੁਲਸ ਚੌਕੀ ਦੇ ਕੁਝ ਮੁਲਾਜ਼ਮ ਪ੍ਰਾਜੈਕਟ ਅੰਦਰ ਆਏ ਅਤੇ ਆਉਂਦੇ ਹੀ ਸੈਰ ਕਰ ਰਹੇ ਔਰਤਾਂ, ਬਜ਼ੁਰਗਾਂ ਨਾਲ ਮਾੜਾ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

ਲੋਕਾਂ ਨੇ ਦੋਸ਼ ਲਾਇਆ ਕਿ ਰੈਜ਼ੀਡੈਸ਼ੀਅਲ ਪ੍ਰਾਜੈਕਟ ਦੇ ਅੰਦਰ ਕੀ ਉਹ ਆਪਣੇ ਘਰ ਦੇ ਹੇਠਾਂ ਖੜ੍ਹੇ ਵੀ ਨਹੀਂ ਹੋ ਸਕਦੇ। ਇਸ ਦੇ ਨਾਲ ਹੀ ਬੱਚਿਆਂ ਨੇ ਦੋਸ਼ ਲਾਇਆ ਕਿ ਆਉਂਦੇ ਹੀ ਪੁਲਸ ਮੁਲਾਜ਼ਮਾਂਂ ਨੇ ਉਨ੍ਹਾਂ ਨਾਲ ਮਾੜਾ ਵਿਵਹਾਰ ਕਰਦੇ ਹੋਏ ਉਨ੍ਹਾਂ ਨੂੰ ਘਰੋਂ 500 ਰੁਪਏ ਜੁਰਮਾਨਾ ਲਿਆਉਣ ਲਈ ਕਿਹਾ।

ਇਸ ਗੱਲ ਨੂੰ ਲੈ ਕੇ ਜਲੰਧਰ ਹਾਈਟਸ ਨਿਵਾਸੀਆਂ ਨੇ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੋਂ ਮੰਗ ਕੀਤੀ ਕਿ ਸੈਰ ਕਰ ਰਹੇ ਲੋਕਾਂ ਅਤੇ ਬੱਚਿਆਂ ਨੂੰ ਬਿਨਾਂ ਕਿਸੇ ਕਾਰਨ ਪਰੇਸ਼ਾਨ ਕਰਨ ਵਾਲੇ ਪੁਲਸ ਮੁਲਾਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸੰਪਰਕ ਕਰਨ 'ਤੇ ਥਾਣਾ ਸਦਰ ਦੇ ਇੰਚਾਰਜ ਕਮਲਜੀਤ ਸਿੰਘ ਨੇ ਦੱਸਿਆ ਕਿ ਬਿਨਾਂ ਮਾਸਕ ਤੋਂ ਘੁੰਮ ਰਹੇ ਲੋਕਾਂ ਨੂੰ ਪੁਲਸ ਮਾਸਕ ਪਾਉਣ ਲਈ ਜਾਗਰੂਕ ਕਰਨ ਲੱਗੀ ਹੋਈ ਹੈ। ਉਨ੍ਹਾਂ ਦੱਸਿਆ ਕਿ ਔਰਤਾਂ ਅਤੇ ਬਜ਼ੁਰਗਾਂ ਨਾਲ ਮਾੜੇ ਵਿਵਹਾਰ ਦਾ ਮਾਮਲਾ ਉਨ੍ਹਾਂ ਦੇ ਨੋਟਿਸ ਵਿਚ ਆਇਆ ਹੈ, ਉਹ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਵਾਉਣਗੇ।

shivani attri

This news is Content Editor shivani attri