ਲਗਾਤਾਰ ਵਧ ਰਹੀ ਐ ਕਸ਼ਮਕਸ਼, ਸ਼ਹਿਰ ਨੂੰ ਸਾਫ਼ ਤੌਰ ’ਤੇ 2 ਹਿੱਸਿਆਂ ’ਚ ਵੰਡ ਰਹੀਆਂ ਜਿਮਖਾਨਾ ਕਲੱਬ ਦੀਆਂ ਚੋਣਾਂ

12/03/2021 5:20:18 PM

ਜਲੰਧਰ (ਖੁਰਾਣਾ)– ਜਿਮਖਾਨਾ ਕਲੱਬ ਦੀਆਂ 19 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਕਸ਼ਮਕਸ਼ ਲਗਾਤਾਰ ਵਧਦੀ ਜਾ ਰਹੀ ਹੈ। ਇਨ੍ਹਾਂ ਕਲੱਬ ਚੋਣਾਂ ਨੇ ਜਲੰਧਰ ਸ਼ਹਿਰ ਨੂੰ ਸਾਫ ਤੌਰ ’ਤੇ 2 ਹਿੱਸਿਆਂ ਵਿਚ ਵੰਡ ਕੇ ਰੱਖ ਦਿੱਤਾ ਹੈ। ਸ਼ਹਿਰ ਦੇ ਹਜ਼ਾਰਾਂ ਸਨਮਾਨਤ ਪਰਿਵਾਰ ਸਪੱਸ਼ਟ ਰੂਪ ਵਿਚ ਕਲੱਬ ਦੀਆਂ ਚੋਣਾਂ ਲਈ ਬਣਾਏ ਗਰੁੱਪਾਂ ਦੇ ਸਮਰਥਨ ਵਿਚ ਆਉਣ ਲੱਗੇ ਹਨ ਅਤੇ ਦੋਵਾਂ ਗਰੁੱਪਾਂ ਵਿਚ ਹੀ ਟੁੱਟ-ਭੱਜ ਦਾ ਸਿਲਸਿਲਾ ਵੀ ਸ਼ੁਰੂ ਹੋ ਗਿਆ ਹੈ ਅਤੇ ਦੋਵੇਂ ਗਰੁੱਪ ਨਵੇਂ ਸਿਰੇ ਤੋਂ ਬਣ ਰਹੇ ਹਨ। ਪਿਛਲੀ ਵਾਰ ਕਲੱਬ ਦੀ ਸੱਤਾ ’ਤੇ ਕਬਜ਼ਾ ਕਰਨ ਵਾਲੇ ਅਚੀਵਰਸ ਗਰੁੱਪ ਨੂੰ ਇਸ ਵਾਰ ਜ਼ਬਰਦਸਤ ਬਗਾਵਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਧੀਰਜ ਸੇਠ ਨੂੰ ਟਿਕਟ ਦੇਣ ਤੋਂ ਨਾਂਹ ਕਰਨ ’ਤੇ ਗੋਰਾ ਠਾਕੁਰ, ਕੁੱਕੀ ਬਹਿਲ ਅਤੇ ਧੀਰਜ ਤੋਂ ਇਲਾਵਾ ਕਈ ਹੋਰ ਮੋਹਤਬਰ ਅਚੀਵਰਸ ਗਰੁੱਪ ਦਾ ਸਾਥ ਛੱਡ ਚੁੱਕੇ ਹਨ ਅਤੇ ਉਨ੍ਹਾਂ ਪ੍ਰੋਗਰੈਸਿਵ ਗਰੁੱਪ ਦੇ ਕੋਕੀ ਸ਼ਰਮਾ, ਗੁਲਸ਼ਨ ਸ਼ਰਮਾ ਆਦਿ ਨਾਲ ਹੱਥ ਮਿਲਾ ਲਿਆ ਹੈ। ਉਥੇ ਹੀ, ਦੂਜੇ ਪਾਸੇ ਪਿਛਲੀ ਟੀਮ ਵਿਚ ਪ੍ਰੋਗਰੈਸਿਵ ਦੇ ਇਕਲੌਤੇ ਪ੍ਰਤੀਨਿਧੀ ਸੌਰਭ ਖੁੱਲਰ ਨੇ ਵੀ ਪ੍ਰੋਗਰੈਸਿਵ ਦਾ ਸਾਥ ਛੱਡ ਕੇ ਅਚੀਵਰਸ ਗਰੁੱਪ ਨਾਲ ਪਿਆਰ ਦੀਆਂ ਪੀਂਘਾਂ ਵਧਾ ਲਈਆਂ ਹਨ। ਇਸ ਵਾਰ ਉਨ੍ਹਾਂ ਦਾ ਇਰਾਦਾ ਅਚੀਵਰਸ ਗਰੁੱਪ ਵੱਲੋਂ ਲੜਨ ਦਾ ਹੈ। ਪ੍ਰੋਗਰੈਸਿਵ ਗਰੁੱਪ ਦੇ ਸ਼ਾਲੀਨ ਜੋਸ਼ੀ ਵੀ ਬੀਤੇ ਦਿਨੀਂ ਅਚੀਵਰਸ ਗਰੁੱਪ ਦੀ ਇਕ ਮੀਟਿੰਗ ਵਿਚ ਸ਼ਾਮਲ ਹੋਏ ਸਨ ਪਰ ਅਜੇ ਉਨ੍ਹਾਂ ਆਪਣੇ ਪੱਤੇ ਨਹੀਂ ਖੋਲ੍ਹੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਆਦਮਪੁਰ ਤੋਂ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਭਾਜਪਾ ’ਚ ਹੋਏ ਸ਼ਾਮਲ

ਪ੍ਰੋਗਰੈਸਿਵ ਗਰੁੱਪ ਦੀ ਮੈਰਾਥਨ ਮੀਟਿੰਗ ’ਚ ਸ਼ਾਮਲ ਹੋਏ ਕਈ ਕਿੰਗਮੇਕਰ
ਕਲੱਬ ਚੋਣਾਂ ਨੂੰ ਲੈ ਕੇ ਅਚੀਵਰਸ ਗਰੁੱਪ ਦੇ ਤਰੁਣ ਸਿੱਕਾ, ਅਮਿਤ ਕੁਕਰੇਜਾ, ਸੌਰਭ ਖੁੱਲਰ, ਐੱਮ. ਬੀ. ਬਾਲੀ, ਨਿਤਿਨ ਬਹਿਲ ਆਦਿ ਨੇ ਅੱਜ ਜਿਥੇ ਸ਼ਾਮੀਂ ਕਲੱਬ ਆ ਕੇ ਤੂਫਾਨੀ ਚੋਣ ਪ੍ਰਚਾਰ ਕੀਤਾ, ਉਥੇ ਹੀ ਪ੍ਰੋਗਰੈਸਿਵ ਗਰੁੱਪ ਦੇ ਸਮਰਥਨ ਵਿਚ ਦੇਰ ਸ਼ਾਮ ਇਕ ਮੈਰਾਥਨ ਮੀਟਿੰਗ ਐਡਵੋਕੇਟ ਦਲਜੀਤ ਸਿੰਘ ਛਾਬੜਾ ਦੇ ਦਫਤਰ ਵਿਚ ਹੋਈ। ਇਸ ਦੌਰਾਨ ਕਈ ਕਿੰਗਮੇਕਰ ਵੀ ਹਾਜ਼ਰ ਰਹੇ। ਮੀਟਿੰਗ ਦਾ ਆਯੋਜਨ ਪ੍ਰੋਗਰੈਸਿਵ ਗਰੁੱਪ ਦੇ ਕੋਕੀ ਸ਼ਰਮਾ ਵੱਲੋਂ ਕੀਤਾ ਗਿਆ ਸੀ, ਜਿਸ ਦੌਰਾਨ ਐਡਵੋਕੇਟ ਦਲਜੀਤ ਛਾਬੜਾ, ਸਤੀਸ਼ ਠਾਕੁਰ ਗੋਰਾ, ਰਾਜੂ ਡਿਪਸ, ਗੁਲਸ਼ਨ ਸ਼ਰਮਾ, ਗਗਨ ਧਵਨ, ਪੱਪੂ ਖੋਸਲਾ ਦੇ ਨਾਲ-ਨਾਲ ਮੇਜਰ ਕੋਛੜ ਵੀ ਹਾਜ਼ਰ ਰਹੇ। ਵਿੱਕੀ ਪੁਰੀ, ਨਰੇਸ਼ ਤਿਵਾੜੀ ਆਦਿ ਨੇ ਦੱਸਿਆ ਕਿ ਕਈ ਲੋਕ ਦਿੱਲੀ ਵਿਚ ਹੋਣ ਕਾਰਨ ਇਸ ਮੀਟਿੰਗ ਵਿਚ ਸ਼ਾਮਲ ਨਹੀਂ ਹੋ ਸਕੇ।
ਚੋਣਾਂ ਲਈ ਲੰਮੀ ਚਰਚਾ ਕਰਨ ਤੋਂ ਬਾਅਦ ਇਸ ਗਰੁੱਪ ਨੇ ਹੁਣ 4 ਦਸੰਬਰ ਨੂੰ ਦੁਬਾਰਾ ਮੀਟਿੰਗ ਕਰ ਕੇ ਸਾਰੇ ਉਮੀਦਵਾਰ ਫਾਈਨਲ ਕਰਨ ਦਾ ਫੈਸਲਾ ਲਿਆ ਹੈ ਪਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਗਰੁੱਪ ਵੱਲੋਂ ਸੈਕਟਰੀ ਅਹੁਦੇ ਦੀ ਚੋਣ ਕੁੱਕੀ ਬਹਿਲ ਹੀ ਲੜਨਗੇ ਅਤੇ ਬਾਕੀ ਅਹੁਦਿਆਂ ’ਤੇ ਵੀ ਸਰਬਸੰਮਤੀ ਹੋਣ ਦੇ ਆਸਾਰ ਹਨ। ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਲਈ ਜਿਥੇ ਕੋਕੀ ਸ਼ਰਮਾ ਅਤੇ ਗੁਲਸ਼ਨ ਸ਼ਰਮਾ ਦੇ ਨਾਂ ਗਿਣਾਏ ਜਾ ਰਹੇ ਹਨ, ਉਥੇ ਹੀ ਖਜ਼ਾਨਚੀ ਅਹੁਦੇ ’ਤੇ ਮੇਜਰ ਕੋਛੜ ਨੂੰ ਖੜ੍ਹਾ ਕਰਨ ਦੀ ਯੋਜਨਾ ਵੀ ਬਣਾਈ ਜਾ ਰਹੀ ਹੈ ਤਾਂ ਕਿ ਅਚੀਵਰਸ ਗਰੁੱਪ ਦੇ ਸਾਰੇ ਅਹੁਦੇਦਾਰਾਂ ਦਾ ਡਟ ਕੇ ਮੁਕਾਬਲਾ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਵਿਦੇਸ਼ ਜਾਣ ਵਾਲੇ ਥੋੜ੍ਹਾ ਸਾਵਧਾਨ, ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਸ਼ਾਤਰ ਠੱਗ ਕਰ ਰਹੇ ਜਾਅਲਸਾਜ਼ੀਆਂ

ਖੁੱਲਰ ਦੇ ਮੁਕਾਬਲੇ ਅਨੂ ਮਾਟਾ ਨੂੰ ਉਤਾਰਨ ਦੀ ਯੋਜਨਾ
ਪ੍ਰੋਗਰੈਸਿਵ ਗਰੁੱਪ ਨੇ ਸੌਰਭ ਖੁੱਲਰ ਦੇ ਮੁਕਾਬਲੇ ਜੁਆਇੰਟ ਸੈਕਟਰੀ ਅਹੁਦੇ ’ਤੇ ਇਸ ਵਾਰ ਅਨੂ ਮਾਟਾ ਨੂੰ ਉਤਾਰਨ ਦੀ ਯੋਜਨਾ ਬਣਾਈ ਹੈ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਜਿਥੇ ਸੌਰਭ ਖੁੱਲਰ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਸੀ, ਉਥੇ ਹੀ ਇਸ ਵਾਰ ਅਨੂ ਮਾਟਾ ਨੇ ਵੀ ਉਪਰਲੀ ਪੋਸਟ ਲਈ ਜ਼ੋਰਦਾਰ ਢੰਗ ਨਾਲ ਪ੍ਰਚਾਰ ਸ਼ੁਰੂ ਕੀਤਾ ਹੋਇਆ ਹੈ। ਉਹ ਸੈਕਟਰੀ ਅਹੁਦੇ ਦੀ ਦਾਅਵੇਦਾਰ ਸਨ ਪਰ ਹੁਣ ਪ੍ਰੋਗਰੈਸਿਵ ਗਰੁੱਪ ਲਈ ਜੁਆਇੰਟ ਸੈਕਟਰੀ ਅਹੁਦੇ ’ਤੇ ਵੀ ਉਨ੍ਹਾਂ ਨੂੰ ਮਨਾਇਆ ਜਾ ਰਿਹਾ ਹੈ। ਜੇਕਰ ਖੁੱਲਰ ਅਤੇ ਅਨੂ ਮਾਟਾ ਵਿਚਕਾਰ ਸਿੱਧਾ ਮੁਕਾਬਲਾ ਹੁੰਦਾ ਹੈ ਤਾਂ ਅਣਕਿਆਸੇ ਨਤੀਜੇ ਸਾਹਮਣੇ ਆ ਸਕਦੇ ਹਨ।

ਸ਼ਸ਼ੋਪੰਜ ’ਚ ਹਨ ਕਈ ਐਗਜ਼ੀਕਿਊਟਿਵ ਉਮੀਦਵਾਰ
ਇਸ ਵਾਰ ਕਲੱਬ ਚੋਣਾਂ ਵਿਚ 15 ਤੋਂ ਵੱਧ ਐਗਜ਼ੀਕਿਊਟਿਵ ਉਮੀਦਵਾਰ ਮਜ਼ਬੂਤ ਦਾਅਵੇਦਾਰੀ ਵਿਚ ਹਨ। ਜਿਥੇ ਸਾਰੇ ਪੁਰਾਣੇ ਐਗਜ਼ੀਕਿਊਟਿਵ ਚੋਣਾਂ ਵਿਚ ਆਉਣ ਨੂੰ ਤਿਆਰ ਹਨ, ਉਥੇ ਹੀ ਨਵੇਂ ਦਾਅਵੇਦਾਰਾਂ ਵਿਚਕਾਰ ਰਾਜੂ ਸਿੱਧੂ, ਨਿਖਿਲ ਗੁਪਤਾ, ਮਹਿੰਦਰ ਸਿੰਘ, ਅਤੁਲ ਤਲਵਾੜ, ਮੋਨੂੰ ਪੁਰੀ ਅਤੇ 1-2 ਹੋਰ ਵੀ ਆਪਣੀ ਮਜ਼ਬੂਤ ਦਾਅਵੇਦਾਰੀ ਪੇਸ਼ ਕਰ ਸਕਦੇ ਹਨ। ਅਚੀਵਰਸ ਅਤੇ ਪ੍ਰੋਗਰੈਸਿਵ ਵਿਚ ਜਿਸ ਤਰ੍ਹਾਂ ਰੋਜ਼ਾਨਾ ਨਵੇਂ ਸਮੀਕਰਨ ਬਣ ਰਹੇ ਹਨ, ਉਸ ਨਾਲ ਵਧੇਰੇ ਐਗਜ਼ੀਕਿਊਟਿਵ ਉਮੀਦਵਾਰ ਸ਼ਸ਼ੋਪੰਜ ਵਿਚ ਹਨ ਕਿ ਕਿਸ ਪਾਲੇ ਵਿਚ ਜਾਣ ਤਾਂ ਕਿ ਉਨ੍ਹਾਂ ਨੂੰ ਜਿੱਤ ਨਸੀਬ ਹੋਵੇ।

ਇਹ ਵੀ ਪੜ੍ਹੋ:  ਜਲੰਧਰ ਦੇ PAP ਚੌਂਕ ’ਚ ਵਿਦਿਆਰਥੀਆਂ ਨੇ ਕੀਤਾ ਚੱਕਾ ਜਾਮ, ਕਾਂਸਟੇਬਲ ਦੀ ਭਰਤੀ ਨੂੰ ਲੈ ਕੇ ਵੱਡਾ ਖ਼ੁਲਾਸਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

 

shivani attri

This news is Content Editor shivani attri