ਡੀ. ਸੀ. ਤੇ ਸੰਸਦ ਮੈਂਬਰ ਦੀ ਵੀ ਪ੍ਰਵਾਹ ਨਹੀਂ ਕਰਦੇ ਸਿਵਲ ਹਸਪਤਾਲ ਦੇ ਅਧਿਕਾਰੀ

01/30/2020 5:59:42 PM

ਜਲੰਧਰ (ਸ਼ੋਰੀ)— ਸਿਵਲ ਹਸਪਤਾਲ ਵਿਚ ਸਖੀ-ਵਨ ਸਟਾਪ ਕੇਂਦਰ ਦਾ ਸ਼ੁੱਭ ਆਰੰਭ ਕਰਨ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਅਤੇ ਡੀ. ਸੀ. ਵਰਿੰਦਰ ਸ਼ਰਮਾ ਪਹੁੰਚੇ। ਹਸਪਤਾਲ 'ਚ ਕੇਂਦਰ ਦੀ ਬਿਲਡਿੰਗ ਨੂੰ ਫੁੱਲਾਂ ਨਾਲ ਸਜਾਇਆ ਗਿਆ ਅਤੇ ਰੰਗੋਲੀ ਵੀ ਬਣਾਈ ਗਈ ਪਰ ਇਸ ਦੇ ਉਲਟ ਕੇਂਦਰ ਦੇ ਬਾਹਰ ਕੂੜੇ ਦਾ ਢੇਰ ਵੇਖਣ ਨੂੰ ਮਿਲ ਰਿਹਾ ਸੀ ਜੋ ਕਿ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਹਸਪਤਾਲ ਦੇ ਅਧਿਕਾਰੀ, ਸੰਸਦ ਮੈਂਬਰ ਅਤੇ ਡੀ. ਸੀ. ਦੇ ਆਉਣ ਦੀ ਵੀ ਪ੍ਰਵਾਹ ਨਹੀਂ ਕਰਦੇ ਅਤੇ ਹਸਪਤਾਲ 'ਚ ਭਾਵੇਂ ਕੋਈ ਵੀ ਵੱਡੀ ਸ਼ਖਸੀਅਤ ਆ ਜਾਵੇ ਉਨ੍ਹਾਂ ਨੂੰ ਰੋਜ਼ਾਨਾ ਵਰਗਾ ਮਾਹੌਲ ਹੀ ਹਸਪਤਾਲ ਵਿਚ ਮਿਲੇਗਾ। ਜ਼ਿਕਰਯੋਗ ਹੈ ਕਿ ਹਸਪਤਾਲ ਿਵਚ ਸਫਾਈ ਵਿਵਸਥਾ ਸਿਰਫ ਨਾਂ ਦੀ ਹੈ ਤੇ ਲੋਕਾਂ ਨੂੰ ਇਥੇ ਰੋਜ਼ਾਨਾ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਧਰ ਅਧਿਕਾਰੀਆਂ ਦੀ ਨਾਲਾਇਕੀ ਕਾਰਣ ਨਿੱਕੂ ਵਾਰਡ ਦੀ ਹਾਲਤ ਖਰਾਬ ਹੋ ਚੁੱਕੀ ਹੈ ਤੇ ਅਧਿਕਾਰੀ ਸ਼ਾਇਦ ਇਥੇ ਹਾਲਾਤ ਸੁਧਾਰਨਾ ਨਹੀਂ ਚਾਹੁੰਦੇ। ਇਸ ਦੀ ਇਕ ਹੋਰ ਮਿਸਾਲ ਅੱਜ ਉਸ ਸਮੇਂ ਵੇਖਣ ਨੂੰ ਮਿਲੀ ਜਦੋਂ ਜੱਚਾ ਬੱਚਾ ਹਸਪਤਾਲ 'ਚ ਬਿਜਲੀ ਸਪਲਾਈ ਦੇਣ ਵਾਲੇ ਪੈਨਰ ਬ੍ਰੇਕਰ ਵਿਚ ਫਾਲਟ ਆ ਿਗਆ ਤੇ ਪੂਰੇ ਹਸਪਤਾਲ 'ਚ ਲਾਈਟਾਂ ਕਦੀ ਬੰਦ ਹੁੰਦੀਆਂ ਅਤੇ ਕਦੀ ਜਗਦੀਆਂ ਰਹੀਆਂ, ਜਿਸ ਕਾਰਣ ਨਿੱਕੂ ਵਾਰਡ ਨੂੰ ਬੰਦ ਕਰਨਾ ਪਿਆ। ਕਿਉਂਕਿ ਬੱਚਿਆਂ ਦੇ ਸਰੀਰ ਦਾ ਤਾਪਮਾਨ ਕੰਟਰੋਲ ਕਰਨ ਵਾਲੀ ਮਸ਼ੀਨ ਨਹੀਂ ਚੱਲ ਸਕੀ। ਹਸਪਤਾਲ ਦੇ ਸੂਤਰਾਂ ਤੋਂ ਪਤਾ ਲੱਗਾ ਕਿ ਪੈਨਰ ਦੀ ਸਰਵਿਸ ਸਾਲ ਵਿਚ ਇਕ ਵਾਰ ਹੋਣੀ ਜ਼ਰੂਰੀ ਹੈ ਤੇ ਪੈਨਰ ਨੂੰ ਰਿਪੇਅਰ ਕਰਨ ਲਈ ਬਿਜਲੀ ਟੈਕਨੀਸ਼ੀਅਨ ਬਾਹਰੋਂ ਬੁਲਾਉਣੇ ਪੈਂਦੇ ਹਨ ਪਰ ਹਸਪਤਾਲ ਦੇ ਅਧਿਕਾਰੀਆਂ ਨੇ ਪਿਛਲੇ 3 ਸਾਲ ਤੋਂ ਪੈਨਰ ਨੂੰ ਰਿਪੇਅਰ ਕਰਵਾਉਣਾ ਜ਼ਰੂਰੀ ਨਹੀਂ ਸਮਝਿਆ। ਜਿਸ ਕਾਰਣ ਪੈਨਰ ਖਰਾਬ ਹੋ ਿਗਆ ਤੇ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।
ਇਸ ਦੇ ਨਾਲ ਹੀ ਨਿੱਕੂ ਵਾਰਡ ਬੰਦ ਹੋਣ ਕਾਰਣ ਨਵ-ਜੰਮੇ ਬੱਚਿਆਂ ਨੂੰ ਬਾਹਰੀ ਹਸਪਤਾਲਾਂ ਵਿਚ ਜਾਣ ਲਈ ਮਜਬੂਰ ਹੋਣਾ ਪਿਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਐਕਸਰੇ ਵਿਭਾਗ ਿਵਚ ਫਾਲਟ ਪੈਣ ਕਾਰਣ ਲਾਈਟ ਚਲੀ ਗਈ ਸੀ। ਇਸ ਦਾ ਕਾਰਣ ਵੀ ਇਹ ਸੀ ਕਿ ਤਾਰਾਂ ਦੀ ਮੁਰੰਮਤ ਨਹੀਂ ਕਰਵਾਈ ਗਈ ਸੀ।

shivani attri

This news is Content Editor shivani attri