ਹਨੇਰੇ ''ਚ ਡੁੱਬਿਆ ਜਲੰਧਰ ਸ਼ਹਿਰ, 50 ਹਜ਼ਾਰ ਤੋਂ ਵੱਧ ਸਟਰੀਟ ਲਾਈਟਾਂ ਬੰਦ

02/05/2020 12:33:45 PM

ਜਲੰਧਰ (ਖੁਰਾਣਾ)— ਨਗਰ ਨਿਗਮ 'ਚ ਸਟਰੀਟ ਲਾਈਟਾਂ ਦੇ ਕੁਝ ਠੇਕੇਦਾਰਾਂ ਦੀ ਮੋਨੋਪਲੀ ਅਤੇ ਮਨਮਰਜ਼ੀ ਲਗਾਤਾਰ ਵਧਦੀ ਜਾ ਰਹੀ ਹੈ। ਇਸ ਦੇ ਤਹਿਤ ਬੀਤੇ ਦਿਨ ਇਨ੍ਹਾਂ ਠੇਕੇਦਾਰਾਂ ਨੇ ਨਗਰ ਨਿਗਮ 'ਤੇ ਜ਼ਬਰਦਸਤ ਪ੍ਰੈਸ਼ਰ ਬਣਾਉਂਦਿਆਂ ਸ਼ਹਿਰ ਦੀਆਂ 50 ਹਜ਼ਾਰ ਤੋਂ ਵੱਧ ਸਟਰੀਟ ਲਾਈਟਾਂ ਨੂੰ ਅਚਾਨਕ ਬੰਦ ਕਰ ਦਿੱਤਾ, ਜਿਸ ਕਾਰਨ ਮੰਗਲਵਾਰ ਦੀ ਰਾਤ ਨੂੰ 90 ਫੀਸਦੀ ਸ਼ਹਿਰ ਹਨੇਰੇ 'ਚ ਡੁੱਬਿਆ ਰਿਹਾ। ਸਟਰੀਟ ਲਾਈਟਾਂ ਦੀ ਮੇਨਟੀਨੈਂਸ ਕਰਨ ਵਾਲੇ ਇਨ੍ਹਾਂ ਅੱਧੀ ਦਰਜਨ ਠੇਕੇਦਾਰਾਂ ਨੇ ਮੰਗਲਵਾਰ ਸ਼ਾਮ ਨੂੰ ਸਟਰੀਟ ਲਾਈਟਾਂ ਨੂੰ ਚਾਲੂ ਹੀ ਨਹੀਂ ਕੀਤਾ, ਜਿਸ ਕਾਰਨ ਲੋਕ ਦੇਰ ਰਾਤ ਤੱਕ ਕਾਫੀ ਪ੍ਰੇਸ਼ਾਨ ਰਹੇ ਅਤੇ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।

ਮੇਅਰ ਨਾਲ ਕਰਵਾਈ ਜਾਵੇਗੀ ਮੀਟਿੰਗ
ਸਟਰੀਟ ਲਾਈਟ ਠੇਕੇਦਾਰਾਂ ਨੇ ਬੀਤੇ ਦਿਨ ਨਿਗਮ ਅਧਿਕਾਰੀਆਂ ਨੂੰ ਲਿਖਤੀ 'ਚ ਸੌਂਪ ਦਿੱਤਾ ਕਿ ਹੁਣ ਉਹ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਕੰਮ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਦੇ ਠੇਕੇ 31 ਜਨਵਰੀ ਨੂੰ ਖਤਮ ਹੋ ਚੁੱਕੇ ਹਨ। ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਠੇਕੇਦਾਰਾਂ ਦੀ ਇਕ ਮੀਟਿੰਗ ਬੁੱਧਵਾਰ ਸਵੇਰੇ ਮੇਅਰ ਅਤੇ ਕਮਿਸ਼ਨਰ ਨਾਲ ਕਰਵਾਈ ਜਾਵੇਗੀ ਤਾਂ ਕਿ ਇਨ੍ਹਾਂ ਨੂੰ ਕੁਝ ਦਿਨ ਹੋਰ ਕੰਮ ਕਰਨ ਲਈ ਕਿਹਾ ਜਾ ਸਕੇ। ਹੁਣ ਵੇਖਣਾ ਹੈ ਕਿ ਇਨ੍ਹਾਂ ਠੇਕੇਦਾਰਾਂ ਨੂੰ ਕਿਹੜੀਆਂ ਸ਼ਰਤਾਂ 'ਤੇ ਮਨਾਇਆ ਜਾਂਦਾ ਹੈ।

ਨਿਗਮ ਦੇ ਪੈਟਰੋਲਰਾਂ ਅਤੇ ਆਮ ਲੋਕਾਂ ਨੇ ਜਗਾਈਆਂ ਕੁਝ ਲਾਈਟਾਂ
ਅਸਲ 'ਚ ਸਟਰੀਟ ਲਾਈਟਾਂ ਨੂੰ ਜਗਾਉਣ-ਬੁਝਾਉਣ ਦਾ ਸਿਸਟਮ ਬੇਹੱਦ ਦੇਸੀ ਹੈ, ਜਿਸ ਨੂੰ ਮੁਹੱਲਿਆਂ ਦੇ ਆਮ ਲੋਕ ਵੀ ਆਪ੍ਰੇਟ ਕਰ ਲੈਂਦੇ ਹਨ। ਜਦੋਂ ਨਿਗਮ ਅਧਿਕਾਰੀਆਂ ਨੂੰ ਸ਼ਿਕਾਇਤਾਂ ਆਉਣੀਆਂ ਸ਼ੁਰੂ ਹੋਈਆਂ ਕਿ ਕਿਤੇ ਵੀ ਸਟਰੀਟ ਲਾਈਟ ਨਹੀਂ ਜਗ ਰਹੀ ਤਾਂ ਨਿਗਮ ਦੇ ਪੈਟਰੋਲਰਾਂ ਨੂੰ ਭਜਾਇਆ ਗਿਆ, ਜਿਨ੍ਹਾਂ ਨੇ ਕਈ ਥਾਵਾਂ 'ਤੇ ਜਾ ਕੇ ਸਵਿੱਚ ਲਾਏ। ਕਈ ਮੁਹੱਲਿਆਂ 'ਚ ਆਮ ਲੋਕਾਂ ਨੇ ਖੁਦ ਆਪਣੀਆਂ ਸਟਰੀਟ ਲਾਈਟਾਂ ਚਾਲੂ ਕਰ ਲਈਆਂ।

ਨਿਗਮ ਨੂੰ 1.15 ਕਰੋੜ ਦਾ ਚੂਨਾ ਲਾਉਣ ਲਈ ਬਣਾਇਆ ਪ੍ਰੈਸ਼ਰ
ਅਸਲ 'ਚ ਇਨ੍ਹਾਂ ਅੱਧੀ ਦਰਜਨ ਸਟਰੀਟ ਲਾਈਟ ਠੇਕੇਦਾਰਾਂ ਨੇ ਨਗਰ ਨਿਗਮ ਨੂੰ 1.15 ਕਰੋੜ ਰੁਪਏ ਦਾ ਚੂਨਾ ਲਾਉਣ ਲਈ ਅੱਜ ਅਜਿਹਾ ਪ੍ਰੈਸ਼ਰ ਬਣਾਇਆ ਕਿ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਅਤੇ ਗਲੀਆਂ ਨੂੰ ਹਨੇਰੇ 'ਚ ਡੋਬ ਦਿੱਤਾ। ਜ਼ਿਕਰਯੋਗ ਹੈ ਕਿ ਨਿਗਮ ਹਰ ਸਾਲ ਸ਼ਹਿਰ ਦੀਆਂ 65 ਹਜ਼ਾਰ ਸਟਰੀਟ ਲਾਈਟਾਂ ਨੂੰ ਮੇਨਟੇਨ ਕਰਨ ਦੇ ਬਦਲੇ 4 ਕਰੋੜ ਰੁਪਏ ਦੇ ਟੈਂਡਰ ਲਾਉਂਦਾ ਹੈ ਅਤੇ ਹਰ ਵਾਰ ਇਹੀ ਕੁਝ ਠੇਕੇਦਾਰ ਇਹ ਕੰਮ ਲੈਂਦੇ ਹਨ, ਜਿਸ ਵਿਚ ਉਨ੍ਹਾਂ ਨੂੰ ਹਰ ਸਾਲ ਲੱਖਾਂ ਰੁਪਏ ਦੀ ਕਮਾਈ ਵੀ ਹੁੰਦੀ ਹੈ। ਪਿਛਲੇ ਸਾਲ ਇਨ੍ਹਾਂ ਠੇਕੇਦਾਰਾਂ ਨੇ 4 ਕਰੋੜ ਦਾ ਟੈਂਡਰ 33.33 ਫੀਸਦੀ ਭਾਵ 1.33 ਕਰੋੜ ਰੁਪਏ ਡਿਸਕਾਊਂਟ 'ਤੇ ਲਿਆ ਸੀ ਪਰ ਇਸ ਵਾਰ ਇਨ੍ਹਾਂ ਠੇਕੇਦਾਰਾਂ ਨੇ ਆਪਸ ਵਿਚ ਪੂਲ ਕਰ ਲਿਆ ਅਤੇ ਪਲਾਨਿੰਗ ਮੁਤਾਬਕ ਤਿੰਨੇ ਵਾਰ ਪੂਲ ਕਰ ਕੇ ਟੈਂਡਰ ਭਰੇ। ਤੀਜੀ ਵਾਰ ਇਹ ਟੈਂਡਰ ਸਿੰਗਲ-ਸਿੰਗਲ ਭਰੇ ਗਏ ਅਤੇ ਹਰ ਠੇਕੇਦਾਰ ਨੇ ਪੂਲ ਦੌਰਾਨ ਹੋਈ ਪਲਾਨਿੰਗ ਦੌਰਾਨ ਸਿਰਫ 4 ਫੀਸਦੀ ਡਿਸਕਾਊਂਟ ਭਰਿਆ। ਜੇਕਰ ਇਸ ਹਿਸਾਬ ਨਾਲ ਟੈਂਡਰ ਇਨ੍ਹਾਂ ਨੂੰ ਅਲਾਟ ਹੁੰਦੇ ਹਨ ਤਾਂ ਨਿਗਮ ਨੂੰ ਸਿਰਫ 16 ਲੱਖ ਰੁਪਏ ਦੀ ਬਚਤ ਹੋਵੇਗੀ, ਜਦੋਂਕਿ ਪਿਛਲੇ ਸਾਲ ਨਿਗਮ ਨੂੰ ਇਸ ਟੈਂਡਰ ਵਿਚ 1.33 ਕਰੋੜ ਰੁਪਏ ਦੀ ਬੱਚਤ ਹੋਈ ਸੀ। ਇਸ ਤਰ੍ਹਾਂ ਠੇਕੇਦਾਰ ਨਿਗਮ ਨੂੰ ਕਰੀਬ 1.15 ਕਰੋੜ ਰੁਪਏ ਚੂਨਾ ਲਾਉਣਾ ਚਾਹੁੰਦੇ ਹਨ।

ਠੇਕੇਦਾਰ ਸੁਧੀਰ ਨੇ ਪਿਛਲੀ ਵਾਰ ਤੋੜ ਦਿੱਤਾ ਸੀ ਪੂਲ
ਅਸਲ ਵਿਚ ਸਟਰੀਟ ਲਾਈਟ ਠੇਕੇਦਾਰ ਆਪਸ ਵਿਚ ਪੂਲ ਕਰ ਕੇ ਠੇਕੇ ਲੈਂਦੇ ਆਏ ਹਨ। ਪਿਛਲੀ ਵਾਰ ਵੀ ਉਹ 2-4 ਫੀਸਦੀ ਡਿਸਕਾਊਂਟ 'ਤੇ ਟੈਂਡਰ ਲੈਣ ਜਾ ਰਹੇ ਸਨ ਕਿ ਅਚਾਨਕ ਇਕ ਠੇਕੇਦਾਰ ਸੁਧੀਰ ਕੁਮਾਰ ਵਿਚ ਆ ਗਿਆ, ਜਿਸ ਨੇ ਵੀ ਟੈਂਡਰ ਭਰ ਦਿੱਤੇ ਅਤੇ ਇਹ ਗੱਲ ਲੀਕ ਕਰ ਦਿੱਤੀ ਕਿ ਉਸ ਨੇ 31 ਫੀਸਦੀ ਡਿਸਕਾਊਂਟ ਭਰ ਦਿੱਤਾ ਹੈ। ਉਸ ਦੀ ਗੱਲ ਸੁਣ ਕੇ ਬਾਕੀ ਠੇਕੇਦਾਰਾਂ ਨੂੰ ਵੀ ਉਸ ਤੋਂ ਜ਼ਿਆਦਾ ਡਿਸਕਾਊਂਟ ਭਰਨਾ ਪਿਆ ਅਤੇ ਨਿਗਮ ਨੇ ਸਟਾਰ ਰੇਟਿੰਗ ਲਾਉਂਦਿਆਂ ਸਭ ਤੋਂ ਜ਼ਿਆਦਾ ਡਿਸਕਾਊਂਟ ਭਾਵ 33.33 ਫੀਸਦੀ 'ਤੇ ਟੈਂਡਰ ਅਲਾਟ ਕੀਤੇ। ਇਸ ਵਾਰ ਸਟਰੀਟ ਲਾਈਟ ਠੇਕੇਦਾਰਾਂ ਨੇ ਆਪਸ ਵਿਚ ਪੂਲ ਕਰਦੇ ਹੋਏ ਠੇਕੇਦਾਰ ਸੁਧੀਰ ਨੂੰ ਵੀ ਆਪਣੇ ਨਾਲ ਹੀ ਮਿਲਾ ਲਿਆ, ਜਿਸ ਕਾਰਣ ਉਸ ਨੇ ਵੀ ਇਸ ਵਾਰ 4 ਫੀਸਦੀ ਤੋਂ ਘੱਟ ਡਿਸਕਾਊਂਟ ਭਰਿਆ।

ਪੂਲ ਵਾਲੇ ਟੈਂਡਰ ਮਨਜ਼ੂਰ ਕੀਤੇ ਤਾਂ ਅਫਸਰ ਫਸਣਗੇ
ਨਗਰ ਨਿਗਮ ਵਿਚ ਇਨ੍ਹੀਂ ਦਿਨੀਂ ਸਟਰੀਟ ਲਾਈਟ ਠੇਕੇਦਾਰਾਂ ਵੱਲੋਂ ਆਪਸ 'ਚ ਪੂਲ ਕਰਕੇ ਨਿਗਮ ਨੂੰ 1.15 ਕਰੋੜ ਰੁਪਏ ਦਾ ਚੂਨਾ ਲਾਏ ਜਾਣ ਦੀ ਚਰਚਾ ਜ਼ੋਰਾਂ 'ਤੇ ਹੈ ਅਤੇ ਆਮ ਕਿਹਾ ਜਾ ਰਿਹਾ ਹੈ ਕਿ ਜੇਕਰ ਨਿਗਮ ਅਧਿਕਾਰੀਆਂ ਨੇ ਇਨ੍ਹਾਂ ਟੈਂਡਰਾਂ ਨੂੰ ਮਨਜ਼ੂਰ ਕੀਤਾ ਤਾਂ ਮਾਮਲਾ ਹਾਈ ਕੋਰਟ ਜਾਂ ਵਿਜੀਲੈਂਸ ਤੱਕ ਪਹੁੰਚਾ ਦਿੱਤਾ ਜਾਵੇਗਾ। ਇਸ ਲਈ ਹੁਣ ਨਿਗਮ ਦੇ ਅਧਿਕਾਰੀ ਇਨ੍ਹਾਂ ਟੈਂਡਰਾਂ ਨੂੰ ਰੱਦ ਕਰਨ ਦੀ ਤਾਕ 'ਚ ਹਨ। ਫਿਲਹਾਲ ਇਨ੍ਹਾਂ ਟੈਂਡਰਾਂ ਨੂੰ ਐੱਫ. ਐਂਡ ਸੀ. ਸੀ. ਕਮੇਟੀ ਦੇ ਹਵਾਲੇ ਕਰ ਦਿੱਤਾ ਗਿਆ ਹੈ, ਜਿਸ ਦੀ ਕੁਝ ਦਿਨਾਂ ਬਾਅਦ ਮੀਟਿੰਗ ਹੋਣ ਜਾ ਰਹੀ ਹੈ। ਉਸ ਮੀਟਿੰਗ 'ਚ ਟੈਂਡਰਾਂ ਬਾਰੇ ਅੰਤਿਮ ਫੈਸਲਾ ਲਿਆ ਜਾਵੇਗਾ ਕਿਉਂਕਿ ਇਹ ਟੈਂਡਰ 50 ਲੱਖ ਰੁਪਏ ਤੋਂ ਵੱਧ ਰਕਮ ਦੇ ਹਨ। ਇਸ ਲਈ ਇਨ੍ਹਾਂ ਨੂੰ ਨਿਯਮ ਅਨੁਸਾਰ ਐੱਫ. ਐਂਡ ਸੀ. ਸੀ. ਤੋਂ ਪਾਸ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਕੋਲ ਭੇਜਿਆ ਜਾਵੇਗਾ। ਉਥੇ ਵੀ ਇਨ੍ਹਾਂ ਨੂੰ ਰੱਦ ਕੀਤਾ ਜਾ ਸਕਦਾ ਹੈ।


shivani attri

Content Editor

Related News