5 ਕਰੋੜ ਦੀ ਲਾਗਤ ਨਾਲ ਰੇਲ ਲਾਈਨਾਂ ਨਾਲ ਬਣਾਈ ਜਾ ਰਹੀ ਕੰਧ, ਲੋਕ ਜਤਾ ਰਹੇ ਵਿਰੋਧ

08/05/2021 5:36:23 PM

ਜਲੰਧਰ (ਗੁਲਸ਼ਨ)– ਨਵੀਂ ਦਿੱਲੀ ਤੋਂ ਅੰਮ੍ਰਿਤਸਰ ਅਤੇ ਜੰਮੂਤਵੀ ਤੱਕ 110 ਕਿਲੋਮੀਟਰ ਤੋਂ ਵਧਾ ਕੇ 130 ਕਿਲੋਮੀਟਰ ਦੀ ਸਪੀਡ ਨਾਲ ਟਰੇਨਾਂ ਚਲਾਉਣ ਲਈ ਟਰੈਕ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਲੁਧਿਆਣਾ ਤੱਕ ਦਾ ਕੰਮ ਕੰਪਲੀਟ ਕੀਤਾ ਜਾ ਚੁੱਕਾ ਹੈ। ਹੁਣ ਲੁਧਿਆਣਾ ਤੋਂ ਜਲੰਧਰ ਅਤੇ ਫਿਰ ਅੰਮ੍ਰਿਤਸਰ ਤੱਕ ਟਰੈਕ ਨੂੰ ਅਪਗ੍ਰੇਡ ਕੀਤਾ ਜਾਵੇਗਾ। ਹਾਈ ਸਪੀਡ ਟਰੇਨ ਚਲਾਉਣ ਤੋਂ ਪਹਿਲਾਂ ਰੇਲਵੇ ਮਹਿਕਮੇ ਵੱਲੋਂ ਰਿਹਾਇਸ਼ੀ ਇਲਾਕਿਆਂ ਵਿਚ ਰੇਲ ਲਾਈਨਾਂ ਦੇ ਨਾਲ ਕੰਧ ਬਣਾਉਣ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਤਹਿਤ ਜਲੰਧਰ ਕੈਂਟ ਇਲਾਕੇ ਵਿਚ ਪੈਂਦੇ ਪਿੰਡ ਧੰਨੋਵਾਲੀ ਤੋਂ ਲੈ ਕੇ ਹੁਸ਼ਿਆਰਪੁਰ ਲਾਈਨ ਦੇ ਨਾਲ ਹੁੰਦੇ ਹੋਏ ਪੀ. ਏ. ਪੀ. ਪੁਲ ਤੱਕ ਕੰਧ ਬਣਾਉਣ ਤੋਂ ਇਲਾਵਾ ਹੁਣ ਗੁਰੂ ਨਾਨਕਪੁਰਾ ਤੋਂ ਬਸ਼ੀਰਪੁਰਾ ਫਾਟਕ ਵੱਲ ਰੇਲ ਲਾਈਨਾਂ ਦੇ ਨਾਲ ਕੰਧ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕੰਮ ਲਈ 5 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ: ਕਪੂਰਥਲਾ ’ਚ ਦੇਹ ਵਪਾਰ ਦੇ ਵੱਡੇ ਨੈੱਟਵਰਕ ਦਾ ਪਰਦਾਫਾਸ਼, ਇਤਰਾਜ਼ਯੋਗ ਸਮੱਗਰੀ ਸਣੇ ਮਿਲੇ ਮੁੰਡੇ-ਕੁੜੀਆਂ

ਰੇਲ ਲਾਈਨਾਂ ਦੇ ਨਾਲ ਕੰਧ ਬਣਾਉਣਾ ਅਧਿਕਾਰੀਆਂ ਅਤੇ ਠੇਕੇਦਾਰ ਲਈ ਟੇਢੀ ਖੀਰ ਸਾਬਿਤ ਹੋ ਰਿਹਾ ਹੈ ਕਿਉਂਕਿ ਆਏ ਦਿਨ ਉਨ੍ਹਾਂ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਉਨ੍ਹਾਂ ਨੂੰ ਮਜਬੂਰਨ ਆਰ. ਪੀ. ਐੱਫ. ਅਤੇ ਜੀ. ਆਰ. ਪੀ. ਦਾ ਸਹਾਰਾ ਲੈਣਾ ਪੈ ਰਿਹਾ ਹੈ। ਦਰਅਸਲ ਲੰਮੇ ਸਮੇਂ ਤੋਂ ਰੇਲ ਲਾਈਨਾਂ ਦੇ ਨਾਲ ਲੱਗਦੇ ਇਲਾਕਿਆਂ ਦੇ ਲੋਕਾਂ ਨੇ ਰੇਲਵੇ ਦੀ ਜ਼ਮੀਨ ’ਤੇ ਕਬਜ਼ਾ ਕਰ ਰੱਖਿਆ ਸੀ। ਕਈ ਲੋਕਾਂ ਨੇ ਕਿਆਰੀਆਂ ਬਣਾਈਆਂ ਹੋਈਆਂ ਸਨ, ਕਈਆਂ ਨੇ ਸਬਜ਼ੀਆਂ ਲਗਾਈਆਂ ਹੋਈਆਂ ਸਨ ਅਤੇ ਕਈਆਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਰੇਲ ਲਾਈਨਾਂ ਵੱਲ ਕੱਢੇ ਹੋਏ ਸਨ। ਹੁਣ ਕੰਧ ਬਣਨ ਨਾਲ ਜ਼ਿਆਦਾਤਰ ਰਸਤੇ ਬੰਦ ਹੋ ਗਏ ਹਨ। ਲੋਕਾਂ ਦਾ ਦੋਸ਼ ਹੈ ਕਿ ਕੰਧ ਬਣਨ ਕਾਰਨ ਦਰੱਖਤਾਂ ਨੂੰ ਕੱਟਿਆ ਜਾ ਰਿਹਾ ਹੈ। ਉਸ ਬਾਰੇ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਧ ਟੇਢੀ-ਮੇਢੀ ਨਹੀਂ ਬਣਾਈ ਜਾ ਸਕਦੀ। ਜੇਕਰ ਕੰਧ ਵਿਚਕਾਰ ਕੋਈ ਰੋਕ ਆਉਂਦੀ ਹੈ ਤਾਂ ਉਸਨੂੰ ਹਟਾਉਣਾ ਉਨ੍ਹਾਂ ਦੀ ਮਜਬੂਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਸੁਰੱਖਿਅਤ ਰੱਖਣਾ ਉਨ੍ਹਾਂ ਦੀ ਪਹਿਲ ਹੈ। ਇੰਜੀਨੀਅਰਿੰਗ ਵਿਭਾਗ ਵੱਲੋਂ ਹਾਲ ਹੀ ਵਿਚ ਕੈਂਟ ਇਲਾਕੇ ਵਿਚ ਬਣਾਈ ਗਈ ਕੰਧ ਦੇ ਨਾਲ 300 ਤੋਂ ਜ਼ਿਆਦਾ ਪੌਦੇ ਲਗਾਏ ਗਏ ਹਨ।

ਇਹ ਵੀ ਪੜ੍ਹੋ: ਬਠਿੰਡਾ ਦੇ ਬਾਲਿਆਂਵਾਲੀ 'ਚ ਰੂਹ ਕੰਬਾਊ ਵਾਰਦਾਤ, ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ

ਲੋਕ ਕੰਧ ਦਾ ਕੰਮ ਰੁਕਵਾਉਣ ਲਈ ਵਿਧਾਇਕ ਨੂੰ ਕਰ ਰਹੇ ਫੋਨ
ਉਥੇ ਹੀ ਸੂਤਰਾਂ ਮੁਤਾਬਕ ਕੰਧ ਦਾ ਕੰਮ ਰੁਕਵਾਉਣ ਅਤੇ ਆਪਣੇ ਘਰ ਦੇ ਅੱਗਿਓਂ ਰਸਤਾ ਛੁਡਵਾਉਣ ਲਈ ਲੋਕ ਇਲਾਕਾ ਵਿਧਾਇਕ ਰਾਜਿੰਦਰ ਬੇਰੀ ਨੂੰ ਵੀ ਫੋਨ ਕਰ ਰਹੇ ਹਨ। ਹਾਲਾਂਕਿ ਕੰਧ ਦਾ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਇਲਾਕੇ ਦੇ ਇਕ ਮੰਦਿਰ ਵਿਚ ਵਿਧਾਇਕ ਰਾਜਿੰਦਰ ਬੇਰੀ, ਰੇਲਵੇ ਅਧਿਕਾਰੀਆਂ ਅਤੇ ਇਲਾਕਾ ਵਾਸੀਆਂ ਵਿਚਕਾਰ ਇਕ ਮੀਟਿੰਗ ਵੀ ਹੋਈ ਸੀ ਪਰ ਫਿਰ ਵੀ ਇਲਾਕੇ ਦੇ ਲੋਕ ਵਾਰ-ਵਾਰ ਵਿਧਾਇਕ ਨੂੰ ਦਖਲ ਦੇਣ ਦੀ ਮੰਗ ਕਰ ਰਹੇ ਹਨ। ਉਥੇ ਹੀ ਰੇਲਵੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਪ੍ਰੇਸ਼ਾਨ ਕਰਨਾ ਉਨ੍ਹਾਂ ਦੀ ਮਨਸ਼ਾ ਨਹੀਂ ਹੈ। ਉਹ ਰੇਲ ਨਿਯਮਾਂ ਅਨੁਸਾਰ ਹੀ ਕੰਮ ਕਰ ਰਹੇ ਹਨ।

ਇਹ ਵੀ ਪੜ੍ਹੋ: ਫਗਵਾੜਾ 'ਚ ਪੰਜਾਬ ਪੁਲਸ ਦੇ ਥਾਣੇਦਾਰ ਦੀ ਸ਼ਰੇਆਮ ਕੁੱਟਮਾਰ, ਪਾੜੀ ਵਰਦੀ, ਕੱਢੀਆਂ ਗੰਦੀਆਂ ਗਾਲਾਂ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

shivani attri

This news is Content Editor shivani attri