ਵਿਜੀਲੈਂਸ ਦੀ ਜਲੰਧਰ ਬੱਸ ਅੱਡੇ ’ਚ ਰੇਡ: ਟਾਈਮ-ਟੇਬਲਾਂ ਦੀ ਜਾਂਚ ਦੌਰਾਨ ਕਾਗਜ਼ ਪੂਰੇ ਨਾ ਹੋਣ ’ਤੇ 1 ਬੱਸ ਜ਼ਬਤ

10/14/2021 2:24:19 PM

ਜਲੰਧਰ (ਪੁਨੀਤ)- ਨਿਯਮਾਂ ਦੇ ਉਲਟ ਚੱਲਣ ਵਾਲੀਆਂ ਪ੍ਰਾਈਵੇਟ ਬੱਸਾਂ ’ਤੇ ਟਰਾਂਸਪੋਰਟ ਮਹਿਕਮਾ ਬੇਹੱਦ ਸਖ਼ਤੀ ਵਿਖਾ ਰਿਹਾ ਹੈ ਅਤੇ ਟੈਕਸ ਆਦਿ ਅਦਾ ਨਾ ਕਰਨ ਵਾਲੇ ਟਰਾਂਸਪੋਰਟਰਜ਼ ’ਤੇ ਵੱਡੀ ਗਿਣਤੀ ਵਿਚ ਚਲਾਨ ਕੀਤੇ ਜਾ ਰਹੇ ਹਨ। ਇਸ ਸੰਦਰਭ ਵਿਚ ਬੁੱਧਵਾਰ ਵਿਜੀਲੈਂਸ ਵੱਲੋਂ ਬੱਸ ਅੱਡੇ ਵਿਚ ਛਾਪੇਮਾਰੀ ਕਰਕੇ ਬੱਸਾਂ ਦੇ ਟਾਈਮ-ਟੇਬਲਾਂ ਦਾ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ ਗਿਆ ਅਤੇ ਕਾਊਂਟਰਾਂ ’ਤੇ ਲੱਗੇ ਹੋਏ ਬੱਸਾਂ ਦੇ ਟਾਈਮ-ਟੇਬਲ ਨੂੰ ਰਜਿਸਟਰ ਨਾਲ ਚੈੱਕ ਕੀਤਾ ਗਿਆ।

ਟਰਾਂਸਪੋਰਟ ਮਹਿਕਮੇ ਕੋਲ ਕਈ ਸ਼ਿਕਾਇਤਾਂ ਪਹੁੰਚੀਆਂ ਹਨ ਕਿ ਪ੍ਰਾਈਵੇਟ ਬੱਸਾਂ ਨੂੰ ਅੱਡੇ ਦੇ ਅੰਦਰ ਕਾਂਉਂਟਰਾਂ ’ਤੇ ਸਵਾਰੀਆਂ ਚੁੱਕਣ ਲਈ ਜ਼ਿਆਦਾ ਸਮਾਂ ਦਿੱਤਾ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਇਸ ਆਧਾਰ ’ਤੇ ਉਕਤ ਛਾਪੇਮਾਰੀ ਹੋਈ ਹੈ। ਐੱਸ. ਪੀ. ਅਤੇ ਡੀ. ਐੱਸ. ਪੀ. ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਬੁੱਧਵਾਰ ਸਵੇਰੇ ਸਾਢੇ 9 ਵਜੇ ਦੇ ਲਗਭਗ ਬੱਸ ਅੱਡੇ ਪਹੁੰਚੀ ਵਿਜੀਲੈਂਸ ਦੀ ਉਕਤ ਟੀਮ ਨੇ 2 ਘੰਟੇ ਤੱਕ ਆਪਣੀ ਮੁਹਿੰਮ ਚਲਾਈ ਰੱਖੀ। 

ਇਹ ਵੀ ਪੜ੍ਹੋ: ਅਹਿਮ ਖ਼ਬਰ: ਬੱਸਾਂ 'ਚ ਆ ਰਹੀ ਹੈ ਕੋਈ ਸਮੱਸਿਆ ਤਾਂ ਮੰਤਰੀ ਰਾਜਾ ਵੜਿੰਗ ਨੂੰ ਇਸ ਨੰਬਰ 'ਤੇ ਕਰੋ ਵਟਸਐੱਪ

ਟੀਮ ਦੇ ਪਹੁੰਚਣ ਦੀ ਸੂਚਨਾ ਦੇ ਨਾਲ ਹੀ ਬੱਸ ਅੱਡੇ ਵਿਚ ਖਲਬਲੀ ਮੱਚ ਗਈ। ਟੀਮ ਦੀ ਚੈਕਿੰਗ ਦੌਰਾਨ ਕਈ ਬੱਸਾਂ ਨੇ ਕਾਊਂਟਰ ਛੱਡਣੇ ਚਾਹੇ ਪਰ ਉਨ੍ਹਾਂ ਨੂੰ ਰੋਕ ਕੇ ਜਾਂਚ ਕੀਤੀ ਗਈ। ਜਿਹੜੀਆਂ ਵੀ ਬੱਸਾਂ ਅੱਡੇ ਅੰਦਰ ਦਾਖ਼ਲ ਹੋ ਰਹੀਆਂ ਸਨ ਉਨ੍ਹਾਂ ਦੇ ਵੀ ਕਾਗ਼ਜ਼ਾਤਾਂ ਦੀ ਜਾਂਚ ਕੀਤੀ ਜਾ ਰਹੀ ਸੀ। ਇਸ ਦੌਰਾਨ ਟੈਕਸ ਸਬੰਧੀ ਕਾਗਜ਼ਾਤ ਨਾ ਹੋਣ ਕਾਰਨ ਮਹਿਕਮੇ ਵੱਲੋਂ ਦੋਆਬਾ ਟਰਾਂਸਪੋਰਟਰ ਨਾਲ ਸੰਬੰਧਤ ਇਕ ਬੱਸ ਨੂੰ ਜ਼ਬਤ ਕਰ ਲਿਆ ਗਿਆ। ਅਧਿਕਾਰੀਆਂ ਵੱਲੋਂ ਇਸ ਸਬੰਧੀ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸਾਦਗੀ ਮੁੜ ਬਣੀ ਚਰਚਾ ਦਾ ਵਿਸ਼ਾ, ਜਿੱਤਿਆ ਲੋਕਾਂ ਦਾ ਦਿਲ

ਸੂਤਰ ਦੱਸਦੇ ਹਨ ਕਿ ਆਪਣੇ ਟਾਈਮ ’ਤੇ ਕਾਊਂਟਰ ’ਤੇ ਬੱਸਾਂ ਨਾ ਲਾਉਣ ਵਾਲੇ ਚਾਲਕਾਂ ਅਤੇ ਅੱਡਾ ਅਧਿਕਾਰੀਆਂ ’ਤੇ ਵੀ ਇਸ ਦੀ ਗਾਜ ਡਿੱਗ ਸਕਦੀ ਹੈ। ਮਹਿਕਮੇ ਵੱਲੋਂ ਪਹਿਲਾਂ ਬੱਸ ਅੱਡੇ ਦੇ ਬਾਹਰ ਸੜਕਾਂ ’ਤੇ ਕਾਗਜ਼ਾਤ ਆਦਿ ਦੀ ਜਾਂਚ ਕਰਕੇ ਉਨ੍ਹਾਂ ਦੇ ਚਲਾਨ ਕੀਤੇ ਜਾ ਰਹੇ ਸਨ। ਇਸੇ ਸੰਦਰਭ ਵਿਚ ਪਿਛਲੇ ਦਿਨੀਂ ਜਲੰਧਰ ਵਿਚ ਬਾਦਲਾਂ ਨਾਲ ਸਬੰਧਿਤ ਇਕ ਬੱਸ ਦੇ ਕਾਗਜ਼ ਪੂਰੇ ਨਾ ਹੋਣ ’ਤੇ ਚਲਾਨ ਕੀਤਾ ਗਿਆ ਸੀ ਅਤੇ ਤਿੰਨ ਬੱਸਾਂ ਨੂੰ ਜ਼ਬਤ ਕਰਕੇ ਪਰਾਗਪੁਰ ਚੌਕੀ ਵਿਚ ਖੜ੍ਹਾ ਕਰਵਾ ਦਿੱਤਾ ਗਿਆ ਸੀ। ਨਾਮ ਨਾ ਛਾਪਣ ਦੀ ਸ਼ਰਤ ’ਤੇ ਅਧਿਕਾਰੀਆਂ ਨੇ ਦੱਸਿਆ ਕਿ ਸਰਕਾਰੀ ਦੀ ਥਾਂ ਪ੍ਰਾਈਵੇਟ ਬੱਸਾਂ ਨੂੰ ਕਾਊਂਟਰ ’ਤੇ ਜ਼ਿਆਦਾ ਸਮਾਂ ਦੇਣ ਨਾਲ ਮਹਿਕਮੇ ਨੂੰ ਆਰਥਿਕ ਤੌਰ ’ਤੇ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਕਾਰਨ ਸਰਕਾਰੀ ਬੱਸਾਂ ਵਿਚ ਸਵਾਰੀਆਂ ਘੱਟ ਹੁੰਦੀਆਂ ਹਨ ਜਦਕਿ ਪ੍ਰਾਈਵੇਟ ਬੱਸਾਂ ਭਰ ਕੇ ਰਵਾਨਾ ਹੋ ਰਹੀਆਂ ਹਨ। ਇਸ ਸਬੰਧੀ ਆਉਣ ਵਾਲੇ ਦਿਨਾਂ ਵਿਚ ਵੀ ਕਾਊਂਟਰਾਂ ’ਤੇ ਬੱਸਾਂ ਦੇ ਲੱਗਣ ਸਬੰਧੀ ਜਾਂਚ ਹੋਵੇਗੀ। ਇਸ ਮਾਮਲੇ ਨੂੰ ਲੈ ਕੇ ਰੋਡਵੇਜ਼ ਦੇ ਅਧਿਕਾਰੀ ਵੀ ਐਕਟਿਵ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਜਲੰਧਰ ਦੇ ਸਿਵਲ ਹਸਪਤਾਲ ’ਚ ਮਰੀਜ਼ ਕਰਦੇ ਨੇ ਇੰਜੁਆਏ, ਕੈਦੀ ਵਾਰਡ ’ਚ ਲਗਾਉਂਦੇ ਹਨ ਪੈੱਗ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri