ਡਿਪਟੀ ਕਮਿਸ਼ਨਰ ਵੱਲੋਂ ਜਲੰਧਰ ਵਿਚ ਮਹਿਲਾ ਯਾਤਰੀਆਂ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ

04/01/2021 6:18:49 PM

ਜਲੰਧਰ (ਪੁਨੀਤ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਵੀਰਵਾਰ ਨੂੰ ਸਰਕਾਰੀ ਬੱਸਾਂ ਵਿਚ ਮਹਿਲਾ ਯਾਤਰੀਆਂ ਲਈ ਮੁਫ਼ਤ ਬੱਸ ਸੇਵਾ ਦੀ ਸ਼ੁਰੂਆਤ ਦੇ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵੱਲੋਂ ਵੀ ਜਲੰਧਰ ਜ਼ਿਲ੍ਹੇ ਵਿਚ ਮੁਫ਼ਤ ਬੱਸ ਯਾਤਰਾ ਸਹੂਲਤ ਦਾ ਸ਼ੁਭ ਆਰੰਭ ਕੀਤਾ ਗਿਆ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਾਜ ਪੱਧਰੀ ਵਰਚੁਅਲ ਉਦਘਾਟਨ ਸਮਾਰੋਹ ਵਿਚ ਭਾਗ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ 1 ਅਪ੍ਰੈਲ, 2021 ਤੋਂ ਸਾਰੀਆਂ ਔਰਤਾਂ ਸਰਕਾਰੀ ਬੱਸਾਂ ਵਿਚ ਮੁਫ਼ਤ ਯਾਤਰਾ ਕਰਨ ਦੇ ਯੋਗ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਔਰਤਾਂ ਲਈ ਪ੍ਰੇਸ਼ਾਨੀ ਰਹਿਤ, ਸੁਰੱਖਿਅਤ ਅਤੇ ਭਰੋਸੇਮੰਦ ਯਾਤਰਾ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਇਹ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਕਦਮ ਸਾਡੇ ਸਮਾਜ ਉੱਤੇ ਲੰਮੇ ਸਮੇਂ ਲਈ ਪ੍ਰਭਾਵ ਪਾਵੇਗਾ, ਖ਼ਾਸ ਕਰਕੇ ਮਹਿਲਾ ਸਸ਼ਕਤੀਕਰਨ ਦੇ ਪੱਖ ਤੋਂ। 

ਇਹ ਵੀ ਪੜ੍ਹੋ : ਸਾਵਧਾਨ! 10 ਮਿੰਟਾਂ 'ਚ ਦੁੱਗਣੇ ਪੈਸੇ ਹੋਣ ਦੇ ਲਾਲਚ 'ਚ ਤੁਸੀਂ ਵੀ ਨਾ ਇੰਝ ਹੋ ਜਾਓ ਕਿਤੇ ਠੱਗੀ ਦਾ ਸ਼ਿਕਾਰ

ਇਸ ਦੌਰਾਨ ਲਾਭਪਾਤਰੀਆਂ ਵਿਚੋਂ ਸਥਾਨਕ ਵਸਨੀਕ ਸੁਮਨ ਨੇ ਔਰਤਾਂ ਲਈ ਮੁਫ਼ਤ ਅਤੇ ਸੁਰੱਖਿਅਤ ਆਵਾਜਾਈ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਕੈਪਟਨ ਸਰਕਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕਦਮ ਰਾਜ ਭਰ ਦੀਆਂ ਲੱਖਾਂ ਔਰਤਾਂ ਨੂੰ ਸਭ ਤੋਂ ਸੁਰੱਖਿਅਤ ਬੱਸ ਸੇਵਾਵਾਂ ਵਿੱਚ ਨੌਕਰੀ ਲਈ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਜਾਣ ਲਈ ਉਤਸ਼ਾਹਤ ਕਰੇਗਾ ਅਤੇ ਉਹ ਵੀ ਮੁਫ਼ਤ ਵਿੱਚ।

ਇਹ ਵੀ ਪੜ੍ਹੋ : ਦੁਬਈ ’ਚ ਹੁਸ਼ਿਆਰਪੁਰ ਦੇ ਨੌਜਵਾਨ ਨੂੰ ਸੁਣਾਇਆ ਗਿਆ ਗੋਲ਼ੀ ਮਾਰਨ ਦਾ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

ਵਧੇਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਭਪਾਤਰੀ ਮਹਿਲਾਵਾਂ ਨੂੰ ਆਪਣੇ ਪੰਜਾਬ ਨਿਵਾਸ ਸਬੰਧੀ ਆਈ. ਡੀ. ਪਰੂਫ ਨਾਲ ਲੈ ਕੇ ਜਾਣ ਦੀ ਜ਼ਰੂਰਤ ਹੈ ਅਤੇ ਉਨ੍ਹਾਂ ਨੂੰ ਜ਼ੀਰੋ ਕਿਰਾਏ ਦੀ ਟਿਕਟ ਦਿੱਤੀ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਹੁਣ ਬੱਸਾਂ ਵਿੱਚ ਪੈਨਿਕ ਬਟਨ ਵੀ ਲਗਾਇਆ ਗਿਆ ਹੈ, ਜਿਸ ਦੀ ਵਰਤੋਂ ਮਹਿਲਾ ਮੁਸਾਫਰਾਂ ਵੱਲੋਂ ਕਿਸੇ ਮੁਸੀਬਤ ਦੀ ਸਥਿਤੀ ਵਿੱਚ ਕੀਤੀ ਜਾ ਸਕਦੀ ਹੈ। ਪੈਨਿਕ ਬਟਨ ਨੂੰ ਦਬਾਉਣ ਵਾਲੀਆਂ ਔਰਤਾਂ ਨੂੰ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ ਕਿਉਂਕਿ ਕੰਟਰੋਲ ਰੂਮ, ਬੱਸ ਸਟੈਂਡਾਂ 'ਤੇ ਸੀਸੀਟੀਵੀ ਕੈਮਰੇ ਅਤੇ ਬੱਸਾਂ ਵਿਚ ਵਾਹਨ ਟਰੈਕਿੰਗ ਸਿਸਟਮ ਵਰਗੇ ਲੋੜੀਂਦੇ ਪ੍ਰਬੰਧ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ। 

ਇਹ ਵੀ ਪੜ੍ਹੋ : ਜਲੰਧਰ ’ਚ ਨਾਈਟ ਕਰਫ਼ਿਊ ਦੌਰਾਨ ਗੁੰਡਾਗਰਦੀ, ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ ਦਾ ਵੱਢਿਆ ਕੰਨ ਤੇ ਉਂਗਲੀਆਂ

ਥੋਰੀ ਨੇ ਕਿਹਾ ਕਿ ਇਹ ਕਦਮ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਨਤਕ ਟਰਾਂਸਪੋਰਟ ਵਿੱਚ ਮਹੱਤਵਪੂਰਨ ਤਬਦੀਲੀ ਸਾਬਤ ਹੋਣਗੇ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਹਰਦੀਪ ਸਿੰਘ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਜੀ. ਐੱਸ. ਰੰਧਾਵਾ, ਜੀ. ਐੱਮ. ਰੋਡਵੇਜ਼ ਨਵਰਾਜ ਬਾਤਿਸ਼ ਅਤੇ ਹੋਰ ਮੌਜੂਦ ਸਨ।

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri