ਕੈਪਟਨ ਸਾਹਿਬ ਨੂੰ ਡੇਲੀ ਪੈਸੰਜਰਾਂ ਦਾ ਸਵਾਲ! ਕੀ ਬੱਸਾਂ ’ਚ ਸਫ਼ਰ ਕਰਨ ਵਾਲਿਆਂ ’ਚ ਨਹੀਂ ਫੈਲਦਾ ਕੋਰੋਨਾ?

03/24/2021 10:44:04 AM

ਜਲੰਧਰ (ਪੁਨੀਤ)– ਕੈਪਟਨ ਸਾਹਿਬ! ਕੀ ਬੱਸਾਂ ਵਿਚ ਸਫ਼ਰ ਕਰਨ ਵਾਲਿਆਂ ਵਿਚ ਕੋਰੋਨਾ ਨਹੀਂ ਫੈਲਦਾ। ਇਹ ਸਵਾਲ ਅਸੀਂ ਨਹੀਂ ਪੁੱਛ ਰਹੇ। ਇਹ ਸਵਾਲ ਕੀਤਾ ਹੈ ਬੱਸਾਂ ਵਿਚ ਸਫਰ ਕਰਨ ਵਾਲੇ ਡੇਲੀ ਪੈਸੰਜਰਾਂ ਨੇ। ਇਨ੍ਹਾਂ ਪੈਸੰਜਰਾਂ ਨੂੰ ਡਿਊਟੀ ’ਤੇ ਜਾਣ ਅਤੇ ਵਪਾਰ ਦੇ ਸਿਲਸਿਲੇ ਵਿਚ ਰੋਜ਼ਾਨਾ ਸਫ਼ਰ ਕਰਨਾ ਪੈਂਦਾ ਹੈ। ਕੋਰੋਨਾ ਦੇ ਵਧ ਰਹੇ ਕੇਸਾਂ ਕਾਰਣ ਬੱਸਾਂ ਦਾ ਸਫ਼ਰ ਬਹੁਤ ਖਤਰਨਾਕ ਸਾਬਿਤ ਹੋ ਰਿਹਾ ਹੈ। ਕਈ ਡੇਲੀ ਪੈਸੰਜਰਾਂ ਦਾ ਕਹਿਣਾ ਹੈ ਕਿ ਉਹ ਖੁਦ ਤਾਂ ਮਾਸਕ ਪਹਿਨਦੇ ਹਨ ਪਰ ਜਦੋਂ ਨਾਲ ਵਾਲੇ ਵਿਅਕਤੀ ਨੇ ਮਾਸਕ ਨਹੀਂ ਪਹਿਨਿਆ ਹੁੰਦਾ ਤਾਂ ਉਨ੍ਹਾਂ ਨੂੰ ਖ਼ਤਰਾ ਮਹਿਸੂਸ ਹੁੰਦਾ ਹੈ। ਜੇਕਰ ਉਹ ਨਾਲ ਬੈਠੇ ਵਿਅਕਤੀ ਨੂੰ ਮਾਸਕ ਪਹਿਨਣ ਲਈ ਕਹਿੰਦੇ ਹਨ ਤਾਂ ਝਗੜਾ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।

ਇਹ ਖਤਰਾ ਇਸ ਲਈ ਹੈ ਕਿਉਂਕਿ ਬੱਸਾਂ ਵਿਚ ਮਾਸਕ ਪਹਿਨਣ ਦੇ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਨਹੀਂ ਕਰਵਾਇਆ ਜਾ ਰਿਹਾ। ਬੱਸ ਅੱਡੇ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਲੋਕਾਂ ਨੂੰ ਬਿਨਾਂ ਮਾਸਕ ਦੇ ਦੇਖਿਆ ਜਾ ਸਕਦਾ ਹੈ। ਬੱਸਾਂ ਵਿਚ ਸਫਰ ਕਰਨ ਵਾਲੇ ਲੋਕ ਵੀ ਮਾਸਕ ਪਹਿਨਣ ਦੇ ਨਿਯਮ ਦੀ ਉਲੰਘਣਾ ਕਰਦੇ ਰਹਿੰਦੇ ਹਨ। ਯਾਤਰੀਆਂ ਹੀ ਨਹੀਂ, ਸਗੋਂ ਬੱਸਾਂ ਦੇ ਚਾਲਕ ਦਲਾਂ ਦੇ ਮੈਂਬਰਾਂ ਨੂੰ ਵੀ ਬਿਨਾਂ ਮਾਸਕ ਟਿਕਟਾਂ ਕੱਟਦਿਆਂ ਅਤੇ ਡਰਾਈਵਿੰਗ ਕਰਦਿਆਂ ਵੇਖਿਆ ਗਿਆ।

ਇਹ ਵੀ ਪੜ੍ਹੋ : ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

ਰੋਡਵੇਜ਼ ਦੇ ਅਧਿਕਾਰੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਗਈ ਸਖ਼ਤੀ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਬੱਸਾਂ ਵਿਚ ਨਿਯਮਾਂ ਦੀਆਂ ਰੋਜ਼ਾਨਾ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬੱਸ ਅੱਡਾ ਪੁਲਸ ਚੌਕੀ ਵੱਲੋਂ ਪਿਛਲੇ ਦਿਨਾਂ ਵਿਚ 100 ਤੋਂ ਵੱਧ ਚਲਾਨ ਕੀਤੇ ਗਏ, ਜੋ ਕਿ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ਬੱਸ ਅੱਡੇ ਵਿਚ ਮਾਸਕ ਦੇ ਨਿਯਮ ਟੁੱਟ ਰਹੇ ਹਨ। ਇਸ ਦਾ ਸਾਫ ਅਤੇ ਸਪੱਸ਼ਟ ਕਾਰਣ ਇਹ ਹੈ ਕਿ ਰੋਡਵੇਜ਼ ਦੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਹੋਏ ਹਨ।

ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪ੍ਰਨੀਤ ਸਿੰਘ ਮਿਨਹਾਸ ਵੱਲੋਂ ਹੁਕਮ ਜਾਰੀ ਕੀਤਾ ਗਿਆ ਸੀ ਕਿ ਬੱਸਾਂ ਵਿਚ ਸਫਰ ਕਰਨ ਵਾਲੇ ਵਿਅਕਤੀ ਜੇਕਰ ਬਿਨਾਂ ਮਾਸਕ ਦੇ ਆਉਣਗੇ, ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਅਜੇ ਵੀ ਮਾਸਕ ਨਾ ਪਹਿਨਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਜਾ ਰਹੀਆਂ ਹਨ। ਜਿਹੜੀ ਲਾਪਰਵਾਹੀ ਅਪਣਾਈ ਜਾ ਰਹੀ ਹੈ, ਉਹ ਸਿਰਫ਼ ਯਾਤਰੀਆਂ ਜਾਂ ਬੱਸਾਂ ਦੇ ਚਾਲਕ ਦਲਾਂ ਲਈ ਹੀ ਨਹੀਂ, ਸਗੋਂ ਆਮ ਜਨਤਾ ਅਤੇ ਸਮਾਜ ਲਈ ਵੀ ਖਤਰਾ ਪੈਦਾ ਕਰ ਰਹੀ ਹੈ। ਡੀ. ਸੀ. ਅਤੇ ਪੁਲਸ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ’ਤੇ ਮਾਸਕ ਨਾ ਪਹਿਨਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ। ਪੁਲਸ ਅਤੇ ਪ੍ਰਸ਼ਾਸਨ ਵੱਲੋਂ ਸਖ਼ਤੀ ਕਰਕੇ ਜਿਹੜੀ ਗੰਭੀਰਤਾ ਦਿਖਾਈ ਜਾ ਰਹੀ ਹੈ, ਉਹ ਬੱਸ ਅੱਡੇ ਵਿਚ ਦਿਖਾਈ ਨਹੀਂ ਦੇ ਰਹੀ। ਰੋਡਵੇਜ਼ ਦੇ ਅਧਿਕਾਰੀ ਜੇਕਰ ਚਾਹੁਣ ਤਾਂ ਬੱਸ ਅੱਡੇ ਵਿਚ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾ ਸਕਦੇ ਹਨ ਪਰ ਉਨ੍ਹਾਂ ਵੱਲੋਂ ਸਿਰਫ਼ ਵਿਖਾਵਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਪੰਜਾਬ ਰੋਡਵੇਜ਼ ਦੇ ਅਧਿਕਾਰੀ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸੰਪਰਕ ਨਹੀਂ ਹੋ ਸਕਿਆ।

ਇਹ ਵੀ ਪੜ੍ਹੋ :ਹੁਸ਼ਿਆਰਪੁਰ ਦੇ ਸ਼ਾਮਚੁਰਾਸੀ ’ਚ ਦਹਿਸ਼ਤਗਰਦਾਂ ਨੇ ਚਲਾਈਆਂ ਗੋਲੀਆਂ, ਸਹਿਮੇ ਲੋਕ

ਬੱਸ ਅੱਡੇ ’ਚ ਅਚਾਨਕ ਚੈਕਿੰਗ ਦੀ ਲੋੜ
ਪਿਛਲੀ ਵਾਰ ਜਦੋਂ ਡਿਪਟੀ ਡਾਇਰੈਕਟਰ ਨੇ ਬੱਸ ਅੱਡੇ ਦਾ ਦੌਰਾ ਕਰਨਾ ਸੀ ਤਾਂ ਉਨ੍ਹਾਂ ਦੇ ਆਉਣ ਦੀ ਸੂਚਨਾ ਪਹਿਲਾਂ ਹੀ ਸਾਰਿਆਂ ਨੂੰ ਸੀ, ਜਿਸ ਕਾਰਣ ਸਭ ਕੁਝ ਪਹਿਲਾਂ ਹੀ ਸੈੱਟ ਕਰ ਦਿੱਤਾ ਗਿਆ ਸੀ। ਸੀਨੀਅਰ ਅਧਿਕਾਰੀ ਦੇ ਜਾਣ ਦੇ ਅਗਲੇ ਹੀ ਦਿਨ ਬੱਸ ਅੱਡੇ ਵਿਚ ਦੁਬਾਰਾ ਹਾਲਾਤ ਪਹਿਲਾਂ ਵਰਗੇ ਹੋ ਗਏ ਸਨ। ਲੋੜ ਹੈ ਰੋਡਵੇਜ਼ ਦੇ ਸੀਨੀਅਰ ਅਧਿਕਾਰੀ ਵੱਲੋਂ ਬੱਸ ਅੱਡੇ ਵਿਚ ਅਚਾਨਕ ਚੈਕਿੰਗ ਕਰਨ ਦੀ, ਤਾਂ ਕਿ ਉਨ੍ਹਾਂ ਨੂੰ ਸੱਚਾਈ ਦਾ ਪਤਾ ਲੱਗ ਸਕੇ।

ਪੰਜਾਬ ਸਰਕਾਰ ਨੂੰ ਗੰਭੀਰਤਾ ਵਿਖਾਉਣ ਦੀ ਲੋੜ
ਮਾਹਿਰ ਕਹਿੰਦੇ ਹਨ ਕਿ ਰੋਡਵੇਜ਼ ਦੇ ਅਧਿਕਾਰੀ ਜੇਕਰ ਇਸ ਪ੍ਰਤੀ ਗੰਭਰਤਾ ਨਹੀਂ ਦਿਖਾ ਰਹੇ ਤਾਂ ਪੰਜਾਬ ਸਰਕਾਰ ਨੂੰ ਇਸ ਸਬੰਧੀ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਬੱਸ ਅੱਡੇ ਵਿਚ ਰੋਜ਼ਾਨਾ ਦੂਜੇ ਸੂਬਿਆਂ ਤੋਂ ਵੀ ਲੋਕ ਆਉਂਦੇ ਹਨ। ਇਸ ਲਈ ਇਥੇ ਜ਼ਿਆਦਾ ਸਖ਼ਤੀ ਕਰਨ ਦੀ ਲੋੜ ਹੈ। ਮਾਸਕ ਦੇ ਨਾਲ-ਨਾਲ ਜ਼ਰੂਰੀ ਦੂਰੀ ਬਣਾਉਣ ਦੇ ਨਿਯਮਾਂ ਪ੍ਰਤੀ ਜੇਕਰ ਸਮਾਂ ਰਹਿੰਦਿਆਂ ਧਿਆਨ ਨਾ ਦਿੱਤਾ ਗਿਆ ਤਾਂ ਇਹ ਪੰਜਾਬ ਦੇ ਲੋਕਾਂ ਲਈ ਬੁਰੇ ਨਤੀਜੇ ਲੈ ਕੇ ਆਵੇਗਾ।

ਰੋਡਵੇਜ਼ ਦਾ ਅਧਿਕਾਰੀ ਅੱਡੇ ’ਚ ਪੱਕੇ ਤੌਰ ’ਤੇ ਨਹੀਂ ਦੇ ਰਿਹਾ ਡਿਊਟੀ
ਰੋਡਵੇਜ਼ ਦੇ ਅਧਿਕਾਰੀ ਕਈ ਵਾਰ ਗੰਭੀਰ ਹੋਣ ਦੀਆਂ ਗੱਲਾਂ ਕਰਦੇ ਹਨ ਪਰ ਬੱਸ ਅੱਡੇ ਵਿਚ ਕੋਈ ਵੀ ਅਧਿਕਾਰੀ ਪੱਕੇ ਤੌਰ ’ਤੇ ਡਿਊਟੀ ਦਿੰਦਾ ਦਿਖਾਈ ਨਹੀਂ ਦਿੰਦਾ। ਦੱਸਿਆ ਜਾਂਦਾ ਹੈ ਕਿ ਕਈ ਅਧਿਕਾਰੀ ਰਾਊਂਡ ਕਰ ਕੇ ਚਲੇ ਜਾਂਦੇ ਹਨ, ਜਦੋਂ ਕਿ ਲੋੜ ਹੈ ਇਕ ਸੀਨੀਅਰ ਅਧਿਕਾਰੀ ਹਰ ਸਮੇਂ ਬੱਸ ਅੱਡੇ ਵਿਚ ਮੌਜੂਦ ਰਹੇ ਤਾਂ ਇਥੇ ਆਉਣ ਵਾਲੀਆਂ ਬੱਸਾਂ ਦੇ ਚਾਲਕ ਦਲਾਂ ਨੂੰ ਇਸ ਗੱਲ ਦਾ ਡਰ ਰਹੇ ਅਤੇ ਉਹ ਗੰਭੀਰਤਾ ਵਿਖਾਉਣ।
ਆਲਮ ਇਹ ਹੈ ਕਿ ਬੱਸ ਅੱਡੇ ਵਿਚ ਜਦੋਂ ਫੋਟੋਗ੍ਰਾਫਰ ਜਾਂਦਾ ਹੈ ਤਾਂ ਕੁਝ ਚਾਲਕ ਦਲ ਦੇ ਮੈਂਬਰ ਮਾਸਕ ਪਹਿਨ ਲੈਂਦੇ ਹਨ ਪਰ ਬਾਅਦ ਵਿਚ ਫਿਰ ਪਹਿਲਾਂ ਵਾਲੇ ਹਾਲਾਤ ਬਣ ਜਾਂਦੇ ਹਨ। ਰੋਡਵੇਜ਼ ਦੇ ਕਰਮਚਾਰੀ ਕਹਿੰਦੇ ਹਨ ਕਿ ਸੀਨੀਅਰ ਅਧਿਕਾਰੀਆਂ ਵਿਚੋਂ ਕੋਈ ਵੀ ਇਸ ਪ੍ਰਤੀ ਗੰਭੀਰਤਾ ਨਹੀਂ ਦਿਖਾ ਰਿਹਾ, ਜਿਸ ਕਾਰਨ ਨਿਯਮਾਂ ਦਾ ਸਖ਼ਤੀ ਨਾਲ ਪਾਲਣ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ :ਅੱਜ ਤੋਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਹੋਵੇਗੀ ਸ਼ੁਰੂਆਤ

ਪਿਛਲੇ ਸਾਲ ਬੰਦ ਕਰਨੀ ਪਈ ਸੀ ਟਰਾਂਸਪੋਰਟ ਸਰਵਿਸ
ਕੋਰੋਨਾ ਦੇ ਕਹਿਰ ਕਾਰਣ ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਮਾਰਚ ਮਹੀਨੇ ਬੱਸ ਸਰਵਿਸ ਬੰਦ ਕਰ ਦਿੱਤੀ ਗਈ ਸੀ ਤਾਂ ਕਿ ਕੋਰੋਨਾ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਮੌਜੂਦਾ ਸਮੇਂ ਵੀ ਹਾਲਾਤ ਕਾਬੂ ਤੋਂ ਬਾਹਰ ਹੋ ਰਹੇ ਹਨ। ਹਾਲਾਤ ਜੇਕਰ ਨਾ ਸੰਭਾਲੇ ਗਏ ਤਾਂ ਸਰਕਾਰ ਨੂੰ ਦੋਬਾਰਾ ਬੱਸ ਸਰਵਿਸ ਬੰਦ ਕਰਨੀ ਪੈ ਸਕਦੀ ਹੈ। ਅਜਿਹੇ ਨਾਜ਼ੁਕ ਹਾਲਾਤ ਦੇ ਬਾਵਜੂਦ ਇਸ ਪਾਸੇ ਜ਼ਰੂਰੀ ਧਿਆਨ ਨਹੀਂ ਦਿੱਤਾ ਜਾ ਰਿਹਾ।

ਇਹ ਵੀ ਪੜ੍ਹੋ : ਬਲਾਚੌਰ ਵਿਖੇ ਸਾਬਕਾ ਫ਼ੌਜੀ ਦੀ ਗੋਲ਼ੀ ਚੱਲਣ ਨਾਲ ਹੋਈ ਮੌਤ


shivani attri

Content Editor

Related News