ਵਿਧਾਨ ਸਭਾ ’ਚ ਕੈਪਟਨ ਕੋਰੋਨਾ ਨੂੰ ਲੈ ਕੇ ਗੰਭੀਰ, ਬੱਸ ਅੱਡੇ ’ਚ ਨਿਯਮਾਂ ਦੀਆਂ ਉੱਡ ਰਹੀਆਂ ਧੱਜੀਆਂ

03/06/2021 10:37:45 AM

ਜਲੰਧਰ (ਪੁਨੀਤ)– ਕੋਰੋਨਾ ਤੇਜ਼ੀ ਨਾਲ ਆਪਣੇ ਪੈਰ ਪਸਾਰਦਾ ਜਾ ਰਿਹਾ ਹੈ ਅਤੇ ਰੋਜ਼ਾਨਾ ਇਨਸਾਨੀ ਜ਼ਿੰਦਗੀਆਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ, ਜਿਸ ਨੂੰ ਲੈ ਕੇ ਸੂਬਾ ਸਰਕਾਰ ਚਿੰਤਤ ਵਿਖਾਈ ਦੇ ਰਹੀ ਹੈ। ਬੀਤੇ ਦਿਨ ਵਿਧਾਨ ਸਭਾ ਸੈਸ਼ਨ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਨੂੰ ਲੈ ਕੇ ਗੰਭੀਰਤਾ ਵਿਖਾਈ ਗਈ ਅਤੇ ਦੱਸਿਆ ਗਿਆ ਕਿ ਸਰਕਾਰ ਵੱਲੋਂ ਰੋਜ਼ਾਨਾ ਵੱਡੇ ਪੱਧਰ ’ਤੇ ਕੋਰੋਨਾ ਦੇ ਟੈਸਟ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਦੂਜੇ ਪਾਸੇ ਬੱਸ ਅੱਡੇ ਦੀ ਸੱਚਾਈ ਇਹ ਹੈ ਕਿ ਸਰਕਾਰ ਦੇ ਨਿਯਮਾਂ ਦੀਆਂ ਰੋਜ਼ਾਨਾ ਧੱਜੀਆਂ ਉੱਡ ਰਹੀਆਂ ਹਨ, ਜੋ ਇਸ ਪਾਸੇ ਇਸ਼ਾਰਾ ਕਰਦਾ ਹੈ ਕਿ ਕੋਰੋਨਾ ਨੂੰ ਲੈ ਕੇ ਕਿਸੇ ਨੂੰ ਕੋਈ ਪ੍ਰਵਾਹ ਨਹੀਂ।

ਬੱਸ ਅੱਡੇ ਵਿਚ ਮਾਸਕ ਦੇ ਨਿਯਮਾਂ ਨੂੰ ਲਾਗੂ ਕਰਵਾਉਣ ਲਈ ਰੋਡਵੇਜ਼ ਅਧਿਕਾਰੀਆਂ ਵੱਲੋਂ ਗੰਭੀਰਤਾ ਨਹੀਂ ਵਿਖਾਈ ਜਾ ਰਹੀ। ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਇਸ ਪਾਸੇ ਧਿਆਨ ਨਹੀਂ ਜਾ ਰਿਹਾ, ਜੋ ਕਿ ਜਲੰਧਰ ਅਤੇ ਪੰਜਾਬ ਦੇ ਦੂਜੇ ਸ਼ਹਿਰਾਂ ਲਈ ਵੀ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਹੈ। ਮਾਹਿਰ ਦੱਸਦੇ ਹਨ ਕਿ ਕੋਰੋਨਾ ਇਕ ਵਿਅਕਤੀ ਤੋਂ ਦੂਜੇ ਵਿਚ ਫੈਲਦਾ ਹੈ, ਜਿਸ ਤੋਂ ਬਚਾਅ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਬੱਸ ਅੱਡੇ ਵਿਚ ਰੋਜ਼ਾਨਾ ਦੂਜੇ ਸ਼ਹਿਰਾਂ ਅਤੇ ਸੂਬਿਆਂ ਤੋਂ ਲੋਕ ਆਉਂਦੇ ਹਨ ਅਤੇ ਇਨ੍ਹਾਂ ਵਿਚੋਂ ਕਈ ਕੋਰੋਨਾ ਪੀੜਤ ਵੀ ਹੋ ਸਕਦੇ ਹਨ। ਬਿਨਾਂ ਮਾਸਕ ਦੇ ਸਫਰ ਕਰਨ ਵਾਲੇ ਆਸਾਨੀ ਨਾਲ ਕੋਰੋਨਾ ਦੀ ਲਪੇਟ ਵਿਚ ਆ ਸਕਦੇ ਹਨ। ਅਜਿਹੇ ਹਾਲਾਤ ਵਿਚ ਜਨਤਕ ਥਾਂ ’ਤੇ ਕੋਰੋਨਾ ਨੂੰ ਲੈ ਕੇ ਜਾਗਰੂਕ ਹੋਣ ਦੀ ਲੋੜ ਹੈ, ਨਹੀਂ ਤਾਂ ਇਹ ਕੋਰੋਨਾ ਨੂੰ ਬੜ੍ਹਾਵਾ ਦੇਵੇਗਾ।

ਇਹ ਵੀ ਪੜ੍ਹੋ: ਪੰਜਾਬ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਪੰਜਾਬ ਵਿਧਾਨ ਸਭਾ ’ਚ ਫਿਰ ਮਤਾ ਪਾਸ

ਜਾਣਕਾਰ ਕਹਿੰਦੇ ਹਨ ਕਿ ਜਦੋਂ ਕੋਰੋਨਾ ਦਾ ਕਹਿਰ ਸਿਖਰ ’ਤੇ ਸੀ ਤਾਂ ਉਸਨੇ ਪੂਰੀ ਦੁਨੀਆ ਲਈ ਖਤਰਾ ਪੈਦਾ ਕੀਤਾ। ਪੰਜਾਬ ਵਿਚ ਕੋਰੋਨਾ ਨਾਲ ਵਧ ਰਹੀਆਂ ਮੌਤਾਂ ਨੂੰ ਦੇਖਦਿਆਂ ਸਰਕਾਰ ਵੱਲੋਂ ਕਰਫ਼ਿਊ ਲਾਇਆ ਗਿਆ ਸੀ। ਅਜਿਹੇ ਹਾਲਾਤ ਫਿਰ ਤੋਂ ਪੈਦਾ ਨਾ ਹੋਣ, ਇਸ ਦੇ ਲਈ ਸਰਕਾਰ ਵੱਲੋਂ ਗੰਭੀਰਤਾ ਨਾਲ ਨਿਯਮ ਬਣਾਏ ਜਾ ਰਹੇ ਹਨ ਪਰ ਬੱਸ ਅੱਡੇ ਵਿਚ ਨਿਯਮਾਂ ਦੀ ਪਾਲਣਾ ਕਰਵਾਉਣ ਲਈ ਵਿਆਪਕ ਪ੍ਰਬੰਧ ਨਜ਼ਰ ਨਹੀਂ ਆ ਰਹੇ।

ਬੱਸ ਅੱਡੇ ਵਿਚ ਜੇਕਰ ਹਾਲਾਤ ਨੂੰ ਸੁਧਾਰਿਆ ਨਾ ਗਿਆ ਤਾਂ ਕੋਰੋਨਾ ਦੁਬਾਰਾ ਹਮਲਾਵਰ ਸਥਿਤੀ ਵਿਚ ਆ ਜਾਵੇਗਾ, ਜਿਸ ਕਾਰਣ ਸਰਕਾਰ ਨੂੰ ਦੁਬਾਰਾ ਸਖ਼ਤ ਕਦਮ ਚੁੱਕਣੇ ਪੈ ਸਕਦੇ ਹਨ। ਅਜਿਹੇ ਹਾਲਾਤ ਤੋਂ ਬਚਣ ਲਈ ਜਨਤਕ ਥਾਂ ’ਤੇ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣਾ ਸਖ਼ਤੀ ਨਾਲ ਲਾਗੂ ਕਰਵਾਉਣ ਦੀ ਲੋੜ ਹੈ। ਜਾਣਕਾਰ ਕਹਿੰਦੇ ਹਨ ਕਿ ਪੰਜਾਬ ਪਹਿਲਾਂ ਹੀ ਕੋਰੋਨਾ ਦਾ ਸੰਤਾਪ ਝੱਲ ਚੁੱਕਾ ਹੈ, ਜਿਸ ਕਾਰਨ ਵੱਡੇ ਪੱਧਰ ’ਤੇ ਲੋਕ ਬੇਰੋਜ਼ਗਾਰ ਹੋਏ ਅਤੇ ਸਾਰੇ ਵਰਗਾਂ ਨੂੰ ਇਸ ਨਾਲ ਨੁਕਸਾਨ ਝੱਲਣਾ ਪਿਆ।

ਇਹ ਵੀ ਪੜ੍ਹੋ: ਕੋਰੋਨਾ ਵੈਕਸੀਨ ਲਈ ਆਏ ਫਰਾਡ ਫੋਨ ਤਾਂ ਹੋ ਜਾਓ ਸਾਵਧਾਨ, ਖ਼ਾਲੀ ਹੋ ਸਕਦੈ ਤੁਹਾਡਾ ਬੈਂਕ ਖ਼ਾਤਾ

ਆਪਣਾ ਨਾਂ ਨਾ ਛਾਪਣ ਦੀ ਸੂਰਤ ਵਿਚ ਰੋਡਵੇਜ਼ ਦੇ ਇਕ ਕਲਰਕ ਰੈਂਕ ਦੇ ਕਰਮਚਾਰੀ ਨੇ ਕਿਹਾ ਕਿ ਨਿਯਮਾਂ ਨੂੰ ਲਾਗੂ ਕਰਨ ਪ੍ਰਤੀ ਜੇਕਰ ਸੀਨੀਅਰ ਅਧਿਕਾਰੀ ਗੰਭੀਰਤਾ ਨਹੀਂ ਦਿਖਾ ਰਹੇ ਤਾਂ ਸਰਕਾਰ ਨੂੰ ਇਸ ’ਤੇ ਉਚਿਤ ਕਦਮ ਚੁੱਕਦਿਆਂ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਦੂਜੇ ਅਧਿਕਾਰੀਆਂ ਨੂੰ ਵੀ ਇਸ ਤੋਂ ਸਬਕ ਮਿਲ ਸਕੇ। ਸਿਰਫ ਬੱਸ ਅੱਡੇ ਵਿਚ ਹੀ ਨਹੀਂ, ਸਗੋਂ ਰੋਡਵੇਜ਼ ਦੇ ਡਿਪੂਆਂ ਵਿਚ ਵੀ ਮਾਸਕ ਪਹਿਨਣਾ ਸਖ਼ਤੀ ਨਾਲ ਲਾਗੂ ਕਰਵਾਉਣ ਪ੍ਰਤੀ ਗੰਭੀਰਤਾ ਨਹੀਂ ਦਿਖਾਈ ਦੇ ਰਹੀ। ਰੋਡਵੇਜ਼ ਦੇ ਕਈ ਕਰਮਚਾਰੀਆਂ ਨੂੰ ਕੋਰੋਨਾ ਨੇ ਆਪਣਾ ਸ਼ਿਕਾਰ ਬਣਾਇਆ ਸੀ ਅਤੇ ਦੋਬਾਰਾ ਵੀ ਅਜਿਹਾ ਹੋ ਸਕਦਾ ਹੈ। ਰੋਡਵੇਜ਼ ਦੇ ਡਿਪੂਆਂ ਵਿਚ ਵੇਖਣ ਵਿਚ ਆ ਰਿਹਾ ਹੈ ਕਿ ਕੁਝ ਕਰਮਚਾਰੀ ਮਾਸਕ ਪਹਿਨਣ ਪ੍ਰਤੀ ਬਹੁਤ ਗੰਭੀਰ ਹਨ ਅਤੇ ਆਪਣੀ ਡਿਊਟੀ ਸਮੇਂ ਵੀ ਮਾਸਕ ਪਹਿਨਦੇ ਹਨ, ਜਦੋਂ ਕਿ ਕਈ ਕਰਮਚਾਰੀ ਇਸ ਪ੍ਰਤੀ ਬਿਲਕੁਲ ਲਾਪ੍ਰਵਾਹ ਹਨ, ਜਿਹੜਾ ਕਿ ਕੰਮ ਕਰਨ ਵਾਲੇ ਦੂਜੇ ਕਰਮਚਾਰੀਆਂ ਲਈ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੁੱਖ ਕਾਰਣ ਇਹ ਹੈ ਕਿ ਕਿਸੇ ਇਕ ਦੀ ਗਲਤੀ ਨਾਲ ਦੂਜੇ ਲੋਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਹੋਟਲਾਂ ਤੇ ਰੈਸਟੋਰੈਂਟਾਂ ਲਈ ਜਾਰੀ ਕੀਤੇ ਗਏ ਨਵੇਂ ਹੁਕਮ, ਰਾਤ 11 ਵਜੇ ਤੋਂ ਬਾਅਦ ਨਹੀਂ ਹੋਵੇਗੀ ਐਂਟਰੀ

ਡਿਪਟੀ ਡਾਇਰੈਕਟਰ ਦੇ ਹੁਕਮ ਅਣਡਿੱਠ, ਬਿਨਾਂ ਮਾਸਕ ਮਿਲਦੀਆਂ ਹਨ ਟਿਕਟਾਂ
ਪੰਜਾਬ ਰੋਡਵੇਜ਼ ਦੇ ਡਿਪਟੀ ਡਾਇਰੈਕਟਰ ਪਰਨੀਤ ਸਿੰਘ ਮਿਨਹਾਸ ਦਾ ਕਹਿਣਾ ਸੀ ਕਿ ਰੋਡਵੇਜ਼ ਦੇ ਕਰਮਚਾਰੀਆਂ ਸਮੇਤ ਬੱਸਾਂ ਦੇ ਚਾਲਕ ਦਲਾਂ ਨੂੰ ਮਾਸਕ ਪਹਿਨਣ ਦੇ ਹੁਕਮ ਦਿੱਤੇ ਗਏ ਹਨ। ਯਾਤਰੀਆਂ ਵਿਚ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਬਿਨਾਂ ਮਾਸਕ ਆਉਣ ਵਾਲੇ ਵਿਅਕਤੀਆਂ ਨੂੰ ਟਿਕਟ ਨਹੀਂ ਦਿੱਤੀ ਜਾਵੇਗੀ ਤਾਂ ਕਿ ਉਹ ਬੱਸਾਂ ਵਿਚ ਸਫਰ ਨਾ ਕਰਨ ਅਤੇ ਦੂਜੇ ਲੋਕ ਸੁਰੱਖਿਅਤ ਰਹਿਣ। ਬੱਸ ਅੱਡੇ ਦੇ ਹਾਲਾਤ ਅਜਿਹੇ ਹਨ ਕਿ ਕੁਝ ਕੁ ਨੂੰ ਛੱਡ ਕੇ ਵਧੇਰੇ ਬੱਸਾਂ ਦੇ ਚਾਲਕ ਦਲਾਂ ਦੇ ਮੈਂਬਰ ਬਿਨਾਂ ਮਾਸਕ ਨਜ਼ਰ ਆਉਂਦੇ ਹਨ। ਬਿਨਾਂ ਮਾਸਕ ਦੇ ਆਉਣ ਵਾਲਿਆਂ ਨੂੰ ਟਿਕਟ ਨਾ ਦੇਣੀ ਤਾਂ ਦੂਰ ਦੀ ਗੱਲ, ਟਿਕਟ ਕੱਟਣ ਵਾਲਿਆਂ ਵੱਲੋਂ ਵੀ ਕਈ ਵਾਰ ਮਾਸਕ ਨਹੀਂ ਪਹਿਨਿਆ ਜਾਂਦਾ।

ਇਹ ਵੀ ਪੜ੍ਹੋ: ਜਲੰਧਰ ਪੰਜਾਬ ਦੇ ਸਭ ਤੋਂ ਸੁਰੱਖਿਅਤ ਸ਼ਹਿਰ ਵਜੋਂ ਉਭਰਿਆ, ਦੇਸ਼ ’ਚੋਂ 32ਵਾਂ ਸਥਾਨ ਕੀਤਾ ਹਾਸਲ

ਨਿਯਮਾਂ ਦੀ ਪਾਲਣਾ ਕਰਨ ਵਾਲੇ ਯਾਤਰੀ ਚਿੰਤਤ
ਜਾਗਰੂਕ ਯਾਤਰੀਆਂ ਵੱਲੋਂ ਇਸ ਸਬੰਧੀ ‘ਜਗ ਬਾਣੀ’ ਨਾਲ ਸਮੇਂ-ਸਮੇਂ ’ਤੇ ਸੰਪਰਕ ਕਰ ਕੇ ਬੱਸ ਅੱਡੇ ਵਿਚ ਵਰਤੀ ਜਾ ਰਹੀ ਅਣਗਹਿਲੀ ਬਾਰੇ ਦੱਸਿਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਇਸ ਪ੍ਰਤੀ ਧਿਆਨ ਨਹੀਂ ਦਿੱਤਾ ਜਾ ਰਿਹਾ। ਸਰਕਾਰ ਨੂੰ ਇਸ ਸਬੰਧੀ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ, ਨਹੀਂ ਤਾਂ ਨਿਯਮਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ।

ਇਹ ਵੀ ਪੜ੍ਹੋ:  ਹੈਰਾਨੀਜਨਕ ਖ਼ੁਲਾਸਾ: ਪਿਓ ਨੇ ਹੀ ਪ੍ਰੇਮਿਕਾ ਨਾਲ ਮਿਲ ਮੌਤ ਦੇ ਘਾਟ ਉਤਾਰਿਆ ਸੀ ਕੁੜੀ ਦਾ ਪ੍ਰੇਮੀ

shivani attri

This news is Content Editor shivani attri