ਅੱਜ ਚੱਕਾ ਜਾਮ : 12 ਵਜੇ ਤੱਕ ਆਪਣੇ ਨਿਰਧਾਰਿਤ ਸਟੇਸ਼ਨ ਤੱਕ ਪਹੁੰਚਣ ਵਾਲੀਆਂ ਬੱਸਾਂ ਹੀ ਹੋਣਗੀਆਂ ਰਵਾਨਾ

02/06/2021 9:57:13 AM

ਜਲੰਧਰ (ਪੁਨੀਤ)– ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ’ਤੇ ਅੜੇ ਕਿਸਾਨਾਂ ਵੱਲੋਂ ਆਪਣੇ ਸੰਘਰਸ਼ ਦੀ ਅਗਲੀ ਕੜੀ ਵਿਚ 6 ਫਰਵਰੀ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਨੈਸ਼ਨਲ ਹਾਈਵੇਅ ’ਤੇ ਵਾਹਨਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਕਿਸਾਨਾਂ ਦੇ ਚੱਕਾ ਜਾਮ ਦੇ ਸੱਦੇ ਨੂੰ ਮੱਦੇਨਜ਼ਰ ਰੱਖਦਿਆਂ ਮਹਿਕਮੇ ਵੱਲੋਂ ਚੌਕਸੀ ਵਰਤੀ ਜਾ ਰਹੀ ਹੈ ਪਰ ਬੱਸਾਂ ਦੀ ਆਵਾਜਾਈ ਜਾਰੀ ਰਹੇਗੀ। ਜਲੰਧਰ ਬੱਸ ਅੱਡੇ ਤੋਂ ਰੋਜ਼ਾਨਾ ਵਾਂਗ ਸਵੇਰੇ 6 ਵਜੇ ਬੱਸਾਂ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਸਿਰਫ਼ ਉਹੀ ਬੱਸਾਂ ਅੱਡੇ ਤੋਂ ਰਵਾਨਾ ਹੋਣਗੀਆਂ, ਜਿਹੜੀਆਂ ਆਪਣੇ ਨਿਰਧਾਰਿਤ ਸਮੇਂ ’ਤੇ ਦੁਪਹਿਰ 12 ਵਜੇ ਤੱਕ ਪਹੁੰਚ ਸਕਣ। ਇਸ ਤੋਂ ਬਾਅਦ ਬੱਸਾਂ 3 ਵਜੇ ਚਲਾਈਆਂ ਜਾਣਗੀਆਂ।

ਇਹ ਵੀ ਪੜ੍ਹੋ : ਜਲੰਧਰ ’ਚ ਦਿਲ ਦਹਿਲਾਅ ਦੇਣ ਵਾਲੀ ਵਾਰਦਾਤ, ਚਾਈਨਾ ਡੋਰ ਨਾਲ ਝੁਲਸੇ ਮਾਸੂਮ ਬੱਚੇ (ਵੀਡੀਓ)

ਜਲੰਧਰ ਤੋਂ ਦਿੱਲੀ ਲਈ ਸਵੇਰ ਸਮੇਂ ਬੱਸਾਂ ਰਵਾਨਾ ਨਹੀਂ ਕੀਤੀਆਂ ਜਾਣਗੀਆਂ ਪਰ ਅੰਬਾਲਾ ਲਈ ਬੱਸਾਂ ਚਲਾਈਆਂ ਜਾਣਗੀਆਂ, ਜਿਹੜੀਆਂ ਅੱਡੇ ਵਿਚ 12 ਵਜੇ ਤੱਕ ਪਹੁੰਚ ਜਾਣਗੀਆਂ। ਦੁਪਹਿਰੇ ਉਥੇ ਬੱਸਾਂ ਨੂੰ ਠਹਿਰਾਅ ਦਿੱਤਾ ਜਾਵੇਗਾ ਅਤੇ 3 ਵਜੇ ਤੋਂ ਬਾਅਦ ਵਾਪਸੀ ਲਈ ਰਵਾਨਾ ਹੋਣਗੀਆਂ। ਇਸੇ ਤਰ੍ਹਾਂ ਹਰਿਦੁਆਰ, ਜੈਪੁਰ, ਹਲਦਵਾਨੀ (ਨੈਨੀਤਾਲ) ਲਈ ਵੀ ਬੱਸਾਂ ਨੂੰ ਰਵਾਨਾ ਨਹੀਂ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕੱਲ ਜੈਪੁਰ ਅਤੇ ਹਲਦਵਾਨੀ ਦੇ ਰੂਟ ਨੂੰ ਕੈਂਸਲ ਕਰਨਾ ਪੈ ਸਕਦਾ ਹੈ ਕਿਉਂਕਿ ਦੁਪਹਿਰ 3 ਵਜੇ ਤੋਂ ਬਾਅਦ ਬੱਸਾਂ ਵਿਚ ਯਾਤਰੀਆਂ ਦਾ ਹੁੰਗਾਰਾ ਜੇਕਰ ਘੱਟ ਰਿਹਾ ਤਾਂ ਬੱਸਾਂ ਚਲਾਉਣ ਨਾਲ ਨੁਕਸਾਨ ਹੋਵੇਗਾ। ਇਸੇ ਕਾਰਣ ਜਿਹੜੇ ਲੋਕਾਂ ਨੇ ਦੂਜੇ ਸ਼ਹਿਰਾਂ ਵਿਚ ਜਾਣਾ ਸੀ, ਉਨ੍ਹਾਂ ਅੱਜ ਸਫਰ ਕਰਨ ਨੂੰ ਤਰਜੀਹ ਦਿੱਤੀ, ਇਸ ਕਾਰਨ ਦਿੱਲੀ ਰੂਟ ਦੀਆਂ ਬੱਸਾਂ ਵੀ ਭਰ ਕੇ ਰਵਾਨਾ ਹੋਈਆਂ। ਸ਼ੁੱਕਰਵਾਰ ਹਰਿਦੁਆਰ ਲਈ ਯਾਤਰੀਆਂ ਦੀ ਗਿਣਤੀ ਘੱਟ ਰਹੀ, ਜਦੋਂ ਕਿ ਜੈਪੁਰ ਦੀ ਬੱਸ ਨੂੰ ਵਧੀਆ ਹੁੰਗਾਰਾ ਮਿਲਿਆ। ਯੂ. ਪੀ. ਤੋਂ ਵਾਪਸ ਆਉਣ ਵਾਲੀਆਂ ਬੱਸਾਂ ਵਿਚ ਵੀ ਸਵਾਰੀਆਂ ਪਿਛਲੇ ਦਿਨਾਂ ਦੇ ਮੁਕਾਬਲੇ ਜ਼ਿਆਦਾ ਵੇਖੀਆਂ ਜਾ ਰਹੀਆਂ ਹਨ।

ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਨੂੰ ਦੁਪਹਿਰ 12 ਤੋਂ 3 ਵਜੇ ਤੱਕ ਬੱਸਾਂ ਚਲਾਉਣ ਦਾ ਸਿਲਸਿਲਾ ਬੰਦ ਰਹੇਗਾ। ਜੇਕਰ ਸਟੇਟ ਹਾਈਵੇ ’ਤੇ ਰਸਤੇ ਖੁੱਲ੍ਹੇ ਹੋਣ ਬਾਰੇ ਜਾਣਕਾਰੀ ਮਿਲੇਗੀ ਤਾਂ ਹੀ ਬੱਸਾਂ ਨੂੰ ਰਵਾਨਾ ਕਰਨ ਬਾਰੇ ਫੈਸਲਾ ਲਿਆ ਜਾਵੇਗਾ।

ਇਹ ਵੀ ਪੜ੍ਹੋ :ਟਾਂਡਾ ’ਚ ਸੈਰ ਕਰ ਰਹੇ ਜੋੜੇ ਨੂੰ ਲੁਟੇਰਿਆਂ ਨੇ ਪਾਇਆ ਘੇਰਾ, ਗੋਲੀ ਚਲਾ ਕੀਤੀ ਲੁੱਟਖੋਹ

ਚਿੰਤਪੂਰਨੀ-ਜਵਾਲਾ ਜੀ ਲਈ ਸਵੇਰੇ ਚੱਲਣਗੀਆਂ ਬੱਸਾਂ
ਮਾਤਾ ਚਿੰਤਪੂਰਨੀ ਅਤੇ ਜਵਾਲਾ ਜੀ ਲਈ ਸਵੇਰੇ ਚੱਲਣ ਵਾਲੀਆਂ ਬੱਸਾਂ ਨੂੰ ਨਿਰਧਾਰਿਤ ਸਮੇਂ ’ਤੇ 7.05 ਵਜੇ ਅਤੇ 8.26 ਵਜੇ ਰਵਾਨਾ ਕੀਤਾ ਜਾਵੇਗਾ। ਇਸ ਤੋਂ ਬਾਅਦ ਵਾਲੀਆਂ ਬੱਸਾਂ ਰਵਾਨਾ ਨਹੀਂ ਹੋਣਗੀਆਂ। ਅਧਿਕਾਰੀਆਂ ਨੇ ਕਿਹਾ ਕਿ ਸ਼ਨੀਵਾਰ ਨੂੰ ਸ਼ਿਮਲਾ ਜਾਣ ਵਾਲੀਆਂ ਬੱਸਾਂ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ।

ਪੰਜਾਬ ਰੋਡਵੇਜ਼/ਪਨਬੱਸ ਕਰਮਚਾਰੀਆਂ ਨੇ ਵੀ ਦਿੱਤਾ ਸਮਰਥਨ
ਦੇਸ਼ ਭਰ ਵਿਚ ਵਾਹਨਾਂ ਦੇ ਚੱਕਾ ਜਾਮ ਨੂੰ ਪੰਜਾਬ ਰੋਡਵੇਜ਼/ਪਨਬੱਸ ਯੂਨੀਅਨ ਵੱਲੋਂ ਸਮਰਥਨ ਦਿੱਤਾ ਗਿਆ ਹੈ। ਇਸ ਸਬੰਧੀ ਅੱਜ ਕਰਮਚਾਰੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਗੇਟ ਰੈਲੀ ਕਰ ਕੇ ਆਪਣਾ ਰੋਸ ਜ਼ਾਹਰ ਕੀਤਾ। ਪਨਬੱਸ ਯੂਨੀਅਨ ਦੇ ਚੇਅਰਮੈਨ ਜਸਬੀਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਰਵੱਈਏ ਕਾਰਨ ਕਿਸਾਨ ਮਹੀਨਿਆਂ ਤੋਂ ਸੜਕਾਂ ’ਤੇ ਬੈਠੇ ਹਨ ਪਰ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਹੀਂ ਨਿਕਲ ਪਾ ਰਿਹਾ। ਕਿਸਾਨਾਂ ਵੱਲੋਂ ਜਿਥੇ-ਜਿਥੇ ਵੀ ਰੋਸ ਪ੍ਰਦਰਸ਼ਨ ਕੀਤੇ ਜਾਣਗੇ, ਉਥੇ-ਉਥੇ ਰੋਡਵੇਜ਼/ਪਨਬੱਸ ਯੂਨੀਅਨਾਂ ਦੇ ਕਰਮਚਾਰੀਆਂ ਵੱਲੋਂ ਹਮਾਇਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣੀਆਂ ਚਾਹੀਦੀਆਂ ਹਨ, ਨਹੀਂ ਤਾਂ ਪ੍ਰਦਰਸ਼ਨ ਤੇਜ਼ ਹੋਣਗੇ ਅਤੇ ਸਰਕਾਰ ਨੂੰ ਇਸ ਦਾ ਨੁਕਸਾਨ ਉਠਾਉਣਾ ਪਵੇਗਾ।


shivani attri

Content Editor

Related News