ਜਲੰਧਰ ਧਮਾਕੇ ਦਾ ਮੁੱਖ ਮੁਲਜ਼ਮ 1 ਦਿਨ ਦੇ ਰਿਮਾਂਡ ''ਤੇ, ਦੂਜੇ ਦੀ ਭਾਲ ਜਾਰੀ

10/30/2019 11:27:10 AM

ਜਲੰਧਰ (ਵਰੁਣ)— ਬਾਬਾ ਮੋਹਨ ਦਾਸ ਨਗਰ 'ਚ ਹੋਏ ਭਿਆਨਕ ਧਮਾਕੇ ਤੋਂ ਬਾਅਦ ਵੀ ਪੁਲਸ ਇਹ ਪਤਾ ਨਹੀਂ ਲਗਾ ਸਕੀ ਹੈ, ਕਿਸ ਪਟਾਕਾ ਵਪਾਰੀ ਨੇ 50 ਬੋਰੇ ਪੋਟਾਸ਼ੀਅਮ (ਪੋਟਾਸ਼ੀਅਮ ਨਾਲ ਭਰੀਆਂ ਨਕਲੀ ਗੋਲੀਆਂ) ਗੁਰਦੀਪ ਉਰਫ ਗੋਰੇ ਨੂੰ ਵੇਚੇ ਸਨ। ਗੋਰੇ ਨੇ ਪੁੱਛਗਿੱਛ 'ਚ ਇਹ ਤਾਂ ਕਬੂਲ ਕੀਤਾ ਹੈ ਕਿ ਉਸ ਨੇ ਲੁਧਿਆਣਾ ਦੇ ਵਪਾਰੀ ਕੋਲੋਂ ਉਕਤ ਚਾਈਨੀਜ਼ ਪਟਾਕੇ ਖਰੀਦੇ ਸਨ ਪਰ ਉਸ ਨੇ ਉਸ ਵਿਅਕਤੀ ਦਾ ਨਾਂ ਤੇ ਐਡਰੈੱਸ ਪਤਾ ਹੋਣ ਤੋਂ ਇਨਕਾਰ ਕਰ ਦਿੱਤਾ।

ਦੱਸਣਯੋਗ ਹੈ ਕਿ ਚਾਈਨੀਜ਼ ਪਟਾਕੇ ਇਸ ਲਈ ਬੈਨ ਕੀਤੇ ਗਏ ਸਨ ਕਿਉਂਕਿ ਉਨ੍ਹਾਂ 'ਚ ਵਰਤਿਆ ਜਾਣ ਵਾਲਾ ਬਾਰੂਦ ਕਾਫੀ ਖਤਰਨਾਕ ਹੁੰਦਾ ਹੈ ਅਤੇ ਉਸ ਨਾਲ ਪ੍ਰਦੂਸ਼ਣ ਵੀ ਹੋਰ ਪਟਾਕਿਆਂ ਨਾਲੋਂ ਕਿਤੇ ਵੱਧ ਹੁੰਦਾ ਹੈ। ਚਾਈਨੀਜ਼ ਪਟਾਕੇ ਹਰ ਦੀਵਾਲੀ ਵਾਂਗ ਇਸ ਦੀਵਾਲੀ ਵੀ ਵਿਕੇ ਪਰ ਜੇਕਰ ਇਹ ਧਮਾਕਾ ਨਾ ਹੁੰਦਾ ਤਾਂ ਚਾਈਨੀਜ਼ ਪਟਾਕਿਆਂ ਦਾ ਇੰਨਾ ਵੱਡਾ ਜ਼ਖੀਰਾ ਰਿਹਾਇਸ਼ੀ ਇਲਾਕੇ 'ਚ ਡੰਪ ਹੋਣ ਬਾਰੇ ਪਤਾ ਵੀ ਨਾ ਲੱਗਦਾ। ਪੋਟਾਸ਼ੀਅਮ ਦੀ ਵਰਤੋਂ ਸੋਚੀ-ਸਮਝੀ ਵਾਰਦਾਤ 'ਚ ਵੀ ਕੀਤੀ ਜਾ ਸਕਦੀ ਹੈ। ਭਾਵੇਂ ਇਸ ਕੇਸ 'ਚ ਅਜਿਹਾ ਕੁਝ ਸਾਹਮਣੇ ਨਹੀਂ ਆਇਆ ਪਰ ਪੋਟਾਸ਼ੀਅਮ ਦੇ 50 ਬੋਰੇ ਲੁਧਿਆਣਾ ਤੋਂ ਜਲੰਧਰ ਦਾਖਲ ਹੋਏ ਅਤੇ ਦੋ ਵਾਰ ਜਲੰਧਰ 'ਚ ਉਨ੍ਹਾਂ ਦੀ ਥਾਂ ਬਦਲੀ ਗਈ, ਇਸ ਦੇ ਬਾਵਜੂਦ ਪੁਲਸ ਉਕਤ ਪਟਾਕੇ ਨਹੀਂ ਫੜ ਸਕੀ। ਸਪੱਸ਼ਟ ਹੈ ਕਿ ਪੁਲਸ ਦੀ ਚੈਕਿੰਗ ਅਤੇ ਸਰਚ ਮੁਹਿੰਮ ਸਿਰਫ ਫੋਟੋ ਸੈਸ਼ਨ ਤੱਕ ਹੀ ਸੀਮਤ ਸੀ। ਖੁਸ਼ਕਿਸਮਤੀ ਨਾਲ ਇਸ ਹਾਦਸੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜੇਕਰ ਐੱਨ. ਆਰ. ਆਈ. ਦੇ ਇਸ ਖਾਲੀ ਪਲਾਟ ਦੇ ਕੋਲ ਧਮਾਕੇ ਦੇ ਸਮੇਂ ਸਥਾਨਕ ਲੋਕ ਖੜ੍ਹੇ ਹੁੰਦੇ ਤਾਂ ਤਸਵੀਰ ਹੋਰ ਦਰਦਨਾਕ ਹੁੰਦੀ।

ਉਧਰ ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਚਾਈਨੀਜ਼ ਪਟਾਕਿਆਂ ਨੂੰ ਬੈਨ ਕੀਤਾ ਹੋਇਆ ਹੈ ਪਰ ਇਸ ਨੂੰ ਵੇਚਣ ਵਾਲੇ ਕੌਣ ਹਨ, ਇਸ ਦਾ ਪਤਾ ਲਗਾਇਆ ਜਾ ਰਿਹਾ ਹੈ। ਥਾਣਾ-1 ਦੇ ਇੰਚਾਰਜ ਸੁਖਬੀਰ ਸਿੰਘ ਨੇ ਕਿਹਾ ਹੈ ਕਿ ਇਸ ਕੇਸ 'ਚ ਗ੍ਰਿਫਤਾਰ ਕੀਤੇ ਗੁਰਦੀਪ ਸਿੰਘ ਉਰਫ ਗੋਰਾ ਨੂੰ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ। ਫਿਲਹਾਲ ਗੋਰਾ ਇਹ ਹੀ ਕਹਿ ਰਿਹਾ ਹੈ ਕਿ ਉਸ ਨੇ ਲੁਧਿਆਣਾ ਦੇ ਜਿਸ ਕਾਰੋਬਾਰੀ ਕੋਲੋਂ ਚਾਈਨੀਜ਼ ਪਟਾਕੇ ਖਰੀਦੇ ਉਸ ਬਾਰੇ ਉਹ ਕੁਝ ਨਹੀਂ ਜਾਣਦਾ। ਉਥੇ ਗੁਰਦੀਪ ਉਰਫ ਗੋਰਾ ਦੇ ਨਾਲ ਨਾਮਜ਼ਦ ਕੀਤੇ ਗਏ ਖਾਲੀ ਪਲਾਟ ਦੇ ਕੇਅਰ ਟੇਕਰ ਹਰਜਿੰਦਰ ਸਿੰਘ ਜਿੰਦੀ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਲਗਾਤਾਰ ਰੇਡ ਕਰ ਰਹੀ ਹੈ।


ਅਜੇ ਤੱਕ ਲੋਕਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦਾ ਨਹੀਂ ਹੋਇਆ ਕੋਈ ਐਲਾਨ
ਧਮਾਕੇ ਦੌਰਾਨ ਲੋਕਾਂ ਦੇ ਘਰਾਂ, ਦੁਕਾਨਾਂ ਅਤੇ ਗੱਡੀਆਂ ਦੇ ਹੋਏ ਭਾਰੀ ਨੁਕਸਾਨ ਦੇ ਮੁਆਵਜ਼ੇ ਲਈ ਫਿਲਹਾਲ ਕਿਸੇ ਤਰ੍ਹਾਂ ਦਾ ਕੋਈ ਐਲਾਨ ਨਹੀਂ ਕੀਤਾ ਗਿਆ। ਲੋਕਾਂ ਦਾ ਇਸ ਧਮਾਕੇ 'ਚ ਲੱਖਾਂ ਰੁਪਏ ਦੇ ਹਿਸਾਬ ਨਾਲ ਨੁਕਸਾਨ ਹੋਇਆ। ਭਾਵੇਂਕਿ ਸੀ. ਪੀ. ਗੁਰਪ੍ਰੀਤ ਸਿਘ ਭੁੱਲਰ ਨੇ ਸੋਮਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ 'ਚ ਭਰੋਸਾ ਦਿੱਤਾ ਸੀ ਕਿ ਉਹ ਲੋਕਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਲਈ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨਾਲ ਗੱਲ ਕਰਨਗੇ, ਜਦੋਂਕਿ ਮੁਲਜ਼ਮਾਂ ਖਿਲਾਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਅਧੀਨ ਵੀ ਕੇਸ ਦਰਜ ਕੀਤਾ ਜਾਵੇਗਾ।

ਗੋਰੇ ਨੂੰ ਗੋਦਾਮ ਕਿਰਾਏ 'ਤੇ ਦੇਣ ਵਾਲੇ ਕੁਝ ਲੋਕ ਹਿਰਾਸਤ 'ਚ
ਬਾਬਾ ਮੋਹਨ ਦਾਸ ਨਗਰ 'ਚ ਸਥਿਤ ਖਾਲੀ ਪਲਾਟ 'ਚ ਚਾਈਨੀਜ਼ ਪਟਾਕੇ ਰੱਖਣ ਤੋਂ ਪਹਿਲਾਂ ਗੋਰੇ ਨੇ ਜਿਨ੍ਹਾਂ ਲੋਕਾਂ ਦੇ ਗੋਦਾਮ ਕਿਰਾਏ 'ਤੇ ਲਏ ਸਨ, ਉਨ੍ਹਾਂ ਨੂੰ ਵੀ ਪੁਲਸ ਨੇ ਹਿਰਾਸਤ 'ਚ ਲੈ ਲਿਆ ਹੈ। ਫਿਲਹਾਲ ਉਨ੍ਹਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਨੇ ਚਾਈਨੀਜ਼ ਪਟਾਕਿਆਂ ਦਾ ਵਪਾਰ ਕਰਨ ਵਾਲੇ ਲੋਕਾਂ ਨੂੰ ਵੀ ਥਾਣੇ 'ਚ ਤਲਬ ਕੀਤਾ ਹੈ। ਡੀ. ਸੀ. ਪੀ. ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਕੇਸ ਦੀ ਜਾਂਚ ਵਿਚ ਕਾਫੀ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਜਾਣੀ ਹੈ।

shivani attri

This news is Content Editor shivani attri