ਠੇਕਿਆਂ ਤੋਂ ਹੋਲਸੇਲ ਰੇਟ ''ਤੇ ਸ਼ਰਾਬ ਚੁੱਕ ਕੇ ਗਲੀ ਮੁਹੱਲਿਆਂ ''ਚ ਵੇਚਣ ਵਾਲੇ ਆਟੋ ਚਾਲਕ ਕਾਬੂ

12/26/2019 1:28:48 PM

ਜਲੰਧਰ (ਵਰੁਣ) : ਠੇਕਿਆਂ ਤੋਂ ਹੋਲਸੇਲ ਰੇਟ 'ਤੇ ਸ਼ਰਾਬ ਦੀਆਂ ਪੇਟੀਆਂ ਚੁੱਕ ਕੇ ਗਲੀ ਮੁਹੱਲਿਆਂ ਵਿਚ ਪ੍ਰਤੀ ਬੋਤਲ ਦੇ ਹਿਸਾਬ ਨਾਲ ਵੇਚਣ ਦੇ ਧੰਦੇ ਵਿਚ ਸ਼ਾਮਲ ਦੋ ਆਟੋ ਚਾਲਕਾਂ ਨੂੰ ਸੀ. ਆਈ. ਏ. ਸਟਾਫ-1 ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਆਟੋ ਵਿਚੋਂ ਪੁਲਸ ਨੇ ਤਿੰਨ ਪੇਟੀਆਂ ਸ਼ਰਾਬ ਦੀਆਂ ਬਰਾਮਦ ਕੀਤੀਆਂ ਹਨ। ਮੁਲਜ਼ਮ ਕਾਫੀ ਸਮੇਂ ਤੋਂ ਠੇਕਿਆਂ ਤੋਂ ਸਸਤੇ ਭਾਅ ਵਿਚ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਗਲੀ ਮੁਹੱਲਿਆਂ ਵਿਚ ਮਹਿੰਗੇ ਭਾਅ ਵੇਚ ਰਹੇ ਸਨ।

ਸੀ. ਆਈ. ਏ. ਸਟਾਫ ਦੇ ਇੰਚਾਰਜ ਹਰਮਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਸੀ. ਆਈ. ਏ. ਸਟਾਫ ਦੀ ਟੀਮ ਨੇ ਸ਼ਾਸਤਰੀ ਮਾਰਕੀਟ ਚੌਕ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਸ ਨੂੰ ਦੇਖ ਕੇ ਇਕ ਆਟੋ ਪਿੱਛੇ ਮੁੜ ਗਿਆ। ਸ਼ੱਕ ਪੈਣ 'ਤੇ ਪਿੱਛਾ ਕਰ ਕੇ ਆਟੋ ਨੂੰ ਰੁਕਵਾ ਲਿਆ ਗਿਆ। ਪੁਲਸ ਨੇ ਆਟੋ ਦੀ ਤਲਾਸ਼ੀ ਲਈ ਤਾਂ ਉਸ ਵਿਚੋਂ ਵੱਖ-ਵੱਖ ਬਰਾਂਡ ਦੀਆਂ ਪੇਟੀਆਂ ਬਰਾਮਦ ਹੋਈਆਂ। ਆਟੋ ਸਵਾਰ ਹਨੀ ਗੋਗਨਾ ਪੁੱਤਰ ਰਾਜੇਸ਼ ਕੁਮਾਰ ਵਾਸੀ ਅਮਨ ਨਗਰ ਤੇ ਅੰਕਿਤ ਪੁੱਤਰ ਚੰਦਰੇਸ਼ ਕੁਮਾਰ ਵਾਸੀ ਸਤਨਾਮ ਨਗਰ ਨੂੰ ਕਾਬੂ ਕਰ ਲਿਆ। ਪੁੱਛਗਿੱਛ ਵਿਚ ਪਤਾ ਲੱਗਾ ਕਿ ਉਹ ਸ਼ਰਾਬ ਦੇ ਠੇਕੇ ਤੋਂ ਹੇਲਸੇਲ ਵਿਚ ਪੇਟੀਆਂ ਲਿਆਏ ਸਨ। ਗਲੀ ਮੁਹੱਲਿਆਂ ਵਿਚ ਪ੍ਰਤੀ ਬੋਤਲ ਵੇਚ ਕੇ ਉਹ ਪ੍ਰਤੀ ਪੇਟੀ 1200 ਰੁਪਏ ਕਮਾਉਂਦੇ ਸਨ। ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕਰ ਲਿਆ ਹੈ।

ਦੱਸਣਯੋਗ ਹੈ ਕਿ ਸੇਲ ਵੱਧ ਕਰਨ ਲਈ ਕੁਝ ਸ਼ਰਾਬ ਦੇ ਠੇਕੇ ਵਾਲਿਆਂ ਨੇ ਸਮੱਗਲਰਾਂ ਨਾਲ ਸੰਪਰਕ ਕਰ ਕੇ ਇਸ ਢੰਗ ਨਾਲ ਆਪਣੀ ਸ਼ਰਾਬ ਵਿਕਵਾਉਣੀ ਸ਼ੁਰੂ ਕਰ ਦਿੱਤੀ ਹੈ। ਕਾਰਣ ਇਹ ਹੈ ਕਿ ਸਮੱਗਲਰਾਂ ਵਲੋਂ ਮੰਗਵਾਈ ਗਈ ਨਾਜਾਇਜ਼ ਸ਼ਰਾਬ ਦੀਆਂ ਗੱਡੀਆਂ ਪੁਲਸ ਦੇ ਹੱਥ ਲੱਗ ਜਾਂਦੀਆਂ ਹਨ ਜਿਸ ਕਾਰਣ ਹੁਣ ਸਮੱਗਲਰ ਸ਼ਰਾਬ ਦੇ ਠੇਕੇਦਾਰਾਂ ਦੀ ਮਦਦ ਨਾਲ ਨਾਜਾਇਜ਼ ਢੰਗ ਨਾਲ ਸ਼ਰਾਬ ਵਿਕਵਾ ਰਹੇ ਹਨ। ਸੀ. ਆਈ. ਏ. ਦੇ ਇੰਚਾਰਜ ਹਰਮਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਢੰਗ ਨਾਲ ਸ਼ਰਾਬ ਵੇਚਣ ਵਾਲੇ ਹੋਰ ਸਮੱਗਲਰਾਂ ਨੂੰ ਵੀ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

cherry

This news is Content Editor cherry