ਜਲੰਧਰ ਨਗਰ ਨਿਗਮ ਨੇ 19,500 ਰੁਪਏ ''ਚ ਨੀਲਾਮ ਕੀਤਾ ਹਰਿਆ-ਭਰਿਆ ਰੁੱਖ

12/05/2019 1:40:42 PM

ਜਲੰਧਰ (ਖੁਰਾਣਾ)— ਸ਼ਹਿਰ ਦੇ ਸਭ ਤੋਂ ਪਾਸ਼ ਇਲਾਕੇ ਮਾਡਲ ਟਾਊਨ ਦੀ ਮਾਰਕੀਟ ਨੂੰ ਜਾਣ ਵਾਲੇ ਮੁੱਖ ਰਸਤੇ ਭਾਵ ਕਿ ਨਿੱਕੂ ਪਾਰਕ ਰੋਡ 'ਤੇ ਬੀਤੇ ਦਿਨਸਫੈਦੇ ਦੇ ਇਕ ਹਰੇ-ਭਰੇ ਰੁੱਖ ਨੂੰ ਬੇਦਰਦੀ ਨਾਲ ਵੱਢ ਦਿੱਤਾ ਗਿਆ। ਸੂਤਰਾਂ ਮੁਤਾਬਕ ਇਸ ਰੁੱਖ ਨੂੰ ਨਗਰ ਨਿਗਮ ਅਤੇ ਜੰਗਲਾਤ ਵਿਭਾਗ ਦੀ ਪ੍ਰਵਾਨਗੀ ਲੈ ਕੇ ਵੱਢਿਆ ਗਿਆ ਹੈ ਕਿਉਂਕਿ ਇਹ ਰੁੱਖ ਉਥੇ ਸਥਿਤ ਆਈ. ਸੀ. ਆਈ. ਸੀ. ਆਈ. ਬੈਂਕ ਦੇ ਨਾਲ ਵਾਲੀ ਬਿਲਡਿੰਗ ਲਈ ਖਤਰਾ ਬਣ ਰਿਹਾ ਸੀ ਅਤੇ ਰੁਖ ਬਿਲਡਿੰਗ ਵਲ ਝੁਕ ਰਿਹਾ ਸੀ, ਜਿਸ ਕਾਰਨ ਬਿਲਡਿੰਗ ਮਾਲਕਾਂ ਨੇ ਨਿਗਮ ਨੂੰ ਰੁੱਖ ਕਟਵਾਉਣ ਲਈ ਅਰਜ਼ੀ ਦਿੱਤੀ ਹੋਈ ਸੀ।

ਨਿਗਮ ਨੇ ਪ੍ਰਕਿਰਿਆ ਦੀ ਪਾਲਣਾ ਕਰਦੇ ਜੰਗਲਾਤ ਵਿਭਾਗ ਕੋਲੋਂ ਇਸ ਰੁੱਖ ਦੀ ਕੀਮਤ ਲਗਵਾਈ ਅਤੇ ਇਸ ਦੀ ਬੋਲੀ ਲਗਵਾਉਣ ਤੋਂ ਬਾਅਦ 19,500 ਰੁਪਏ 'ਚ ਇਸ ਨੂੰ ਨੀਲਾਮ ਕਰਵਾ ਦਿੱਤਾ। ਕੰਮ ਲੈਣ ਵਾਲੇ ਠੇਕੇਦਾਰ ਨੇ ਤੁਰੰਤ ਆਰੇ ਚਲਾ ਕੇ ਸਫੈਦੇ ਦੇ ਵੱਡੇ ਰੁੱਖ ਨੂੰ ਜੜ੍ਹ ਤੋਂ ਵੱਢ ਦਿੱਤਾ। ਆਮ ਲੋਕਾਂ ਅਤੇ ਰਾਹਗੀਰਾਂ ਨੂੰ ਪੂਰੀ ਘਟਨਾ ਦਾ ਵੇਰਵਾ ਪਤਾ ਨਹੀਂ ਸੀ, ਇਸ ਲਈ ਫੇਸਬੁੱਕ ਦੇ ਨੋਟਿਸ ਬੋਰਡ ਪੇਜ 'ਤੇ ਅਤੇ ਸੋਸ਼ਲ ਮੀਡੀਆ ਦੇ ਹੋਰ ਮਾਧਿਅਮਾਂ ਰਾਹੀਂ ਸਾਰਾ ਦਿਨ ਇਸ ਰੁੱਖ ਨੂੰ ਵੱਢੇ ਜਾਣ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਰਹੇ, ਜਿਸ 'ਚ ਨਿਗਮ, ਜੰਗਲਾਤ ਵਿਭਾਗ ਅਤੇ ਹਰਿਆ-ਭਰਿਆ ਰੁੱਖ ਵੱਢਣ ਵਾਲਿਆਂ ਨੂੰ ਕਈ ਨੈਗੇਟਿਵ ਕੁਮੈਂਟਸ ਕੀਤੇ ਗਏ।

ਸੁਭਾਨਾ ਰੋਡ 'ਤੇ ਵੀ ਵੱਢੇ ਗਏ 2 ਵੱਡੇ ਰੁੱਖ
ਅਜਿਹੀ ਹੀ ਇਕ ਦੂਜੀ ਘਟਨਾ ਜਲੰਧਰ ਛਾਉਣੀ ਇਲਾਕੇ 'ਚ ਭੀਮ ਰੋਡ 'ਤੇ ਸੁਭਾਨਾ ਸ਼ਮਸ਼ਾਨਘਾਟ ਕੋਲ ਹੋਈ ਜਿੱਥੇ ਸਫੈਦੇ ਦੇ 2 ਵੱਡੇ ਰੁੱਖਾਂ ਨੂੰ ਵੱਢ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਆਰਮੀ ਖੇਤਰ ਦੇ ਕਿਸੇ ਵਿਭਾਗ ਨੇ ਦੋਵਾਂ ਰੁੱਖਾਂ ਨੂੰ ਵੱਢਿਆ ਹੈ ਪਰ ਇਸਦੇ ਪਿੱਛੇ ਕੀ ਮਕਸਦ ਹੈ, ਇਹ ਸਮਝ ਤੋਂ ਬਾਹਰ ਹੈ ਕਿਉਂਕਿ ਇਨ੍ਹਾਂ ਰੁੱਖਾਂ ਦੇ ਆਲੇ-ਦੁਆਲੇ ਕਈ ਹੋਰ ਵੱਡੇ-ਵੱਡੇ ਰੁੱਖ ਵੀ ਲੱਗੇ ਹੋਏ ਹਨ। ਛਾਉਣੀ ਹਲਕੇ 'ਚ ਨੂਰਮਹਿਲ ਰੋਡ 'ਤੇ ਵੀ ਕੁਝ ਸਮਾਂ ਪਹਿਲਾਂ ਕਾਫੀ ਹਰੇ-ਭਰੇ ਰੁੱਖ ਵੱਢ ਦਿੱਤੇ ਗਏ ਸਨ। ਅਜਿਹੀਆਂ ਘਟਨਾਵਾਂ 'ਤੇ ਵਾਤਾਵਰਣ ਅਧਿਕਾਰੀਆਂ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਰਹੀ ਹੈ।

ਜਦੋਂ ਵੱਡੇ ਰੁੱਖਾਂ ਨੂੰ ਦੂਜੀ ਥਾਂ ਸ਼ਿਫਟ ਕਰਨ ਦੀ ਤਕਨੀਕ ਹੈ ਤਾਂ ਕਿਉਂ ਵੱਢੇ ਜਾਂਦੇ ਹਨ ਹਰੇ ਭਰੇ ਰੁੱਖ?
ਸ਼ਹਿਰ 'ਚ ਇਕ ਹੀ ਦਿਨ 'ਚ 3 ਵੱਡੇ-ਵੱਡੇ ਹਰੇ ਭਰੇ ਰੁੱਖਾਂ ਨੂੰ ਵੱਢਣ ਦੀਆਂ ਘਟਨਾਵਾਂ ਨੇ ਚਰਚਾ ਛੇੜ ਦਿੱਤੀ ਹੈ ਕਿ ਜਦੋਂ ਵੱਡੇ-ਵੱਡੇ ਰੁੱਖਾਂ ਨੂੰ ਸ਼ਿਫਟ ਕਰਨ ਦੀ ਤਕਨੀਕ ਆਸਾਨੀ ਨਾਲ ਉਪਲਬਧ ਹੈ ਤਾਂ ਫਿਰ ਪੰਜਾਬ ਜਿਹੇ ਤਰੱਕੀਸ਼ੀਲ ਸੂਬੇ ਵਿਚ ਰੁੱਖਾਂ ਨੂੰ ਵੱਢਿਆ ਕਿਉਂ ਜਾਂਦਾ ਹੈ? ਪਹਿਲਾਂ-ਪਹਿਲਾਂ ਵਿਦੇਸ਼ਾਂ 'ਚ ਇਹ ਤਕਨੀਕ ਇਸਤੇਮਾਲ ਹੁੰਦੀ ਸੀ ਪਰ ਹੁਣ ਤਾਂ ਭਾਰਤ ਵਿਚ ਕਈ ਸੂਬੇ ਵੱਡੇ-ਵੱਡੇ ਰੁੱਖਾਂ ਨੂੰ ਦੂਜੀ ਥਾਂ ਟਰਾਂਸਫਰ ਕਰਨ ਲੱਗ ਪਏ ਹਨ ਅਤੇ ਇਸ ਕੰਮ ਲਈ ਪ੍ਰਾਈਵੇਟ ਕੰਪਨੀਆਂ ਤੱਕ ਦੀਆਂ ਸੇਵਾਵਾਂ ਉਪਲਬਧ ਹਨ। ਇਸ ਤਕਨੀਕ ਦੇ ਤਹਿਤ ਵੱਡੇ ਰੁੱਖ ਦੀਆਂ ਟਾਹਣੀਆਂ ਦੀ ਪਰੂਨਿੰਗ ਕੀਤੀ ਜਾਂਦੀ ਹੈ ਅਤੇ ਜੜ੍ਹ ਦੇ ਨਾਲ ਜੰਮੀ ਮਿੱਟੀ ਸਣੇ ਉਸ ਨੂੰ ਵੱਡੀਆਂ ਮਸ਼ੀਨਾਂ ਨਾਲ ਪੁੱਟ ਲਿਆ ਜਾਂਦਾ ਹੈ ਅਤੇ ਦੂਜੀ ਥਾਂ ਲਾ ਦਿੱਤਾ ਜਾਂਦਾ ਹੈ। ਜਿੱਥੇ ਰੁੱਖ ਦੋਬਾਰਾ ਹਰਿਆ-ਭਰਿਆ ਹੋ ਜਾਂਦਾ ਹੈ।

ਗ੍ਰੀਨ ਕਵਰ ਵਧਾਉਣ ਲਈ ਜ਼ਰੂਰੀ ਹੈ ਇਹ ਤਕਨੀਕ
ਕੇਂਦਰ ਸਰਕਾਰ ਨੇ ਸਮਾਰਟ ਸਿਟੀ ਅਤੇ ਹੋਰ ਯੋਜਨਾਵਾਂ ਲਈ ਪੈਸੇ ਦੇਣ ਲਈ ਸ਼ਰਤ ਰੱਖੀ ਹੈ ਕਿ ਸੂਬਿਆਂ ਅਤੇ ਸ਼ਹਿਰਾਂ ਕੋਲ 15 ਫੀਸਦੀ ਗ੍ਰੀਨ ਕਵਰ ਏਰੀਆ ਹੋਣਾ ਚਾਹੀਦਾ ਹੈ ਤਾਂ ਹੀ ਉਸਨੂੰ ਭਲਾਈ ਯੋਜਨਾਵਾਂ ਦਾ ਲਾਭ ਮਿਲੇਗਾ। ਜਲੰਧਰ ਨਿਗਮ ਮੁਤਾਬਕ ਇਸ ਦਾ ਗ੍ਰੀਨ ਕਵਰ ਏਰੀਆ 15 ਫੀਸਦੀ ਤੋਂ ਕਾਫੀ ਘੱਟ ਹੈ ਅਤੇ ਇਸ ਦੇ ਅੱਧੇ ਤੱਕ ਵੀ ਨਹੀਂ ਪਹੁੰਚਿਆ। ਇਸ ਦੇ ਬਾਵਜੂਦ ਪੁਰਾਣੇ ਹਰੇ-ਭਰੇ ਰੁੱਖਾਂ ਨੂੰ ਵੱਢ ਦੇਣ ਨਾਲ ਹੋਰ ਨੁਕਸਾਨ ਝੱਲਣੇ ਪੈ ਰਹੇ ਹਨ।

ਹੈਦਰਾਬਾਦ ਦਾ ਇਕ ਵਿਅਕਤੀ ਹੀ ਸ਼ਿਫਟ ਕਰ ਚੁੱਕਾ ਹੈ 5000 ਰੁੱਖ
ਪੰਜਾਬ ਸਰਕਾਰ ਕੋਲ ਤਾਂ ਅਰਬਾਂ-ਖਰਬਾਂ ਦਾ ਬਜਟ ਹੈ। ਇਸ ਲਈ ਰੁੱਖਾਂ ਨੂੰ ਵੱਢਣ ਦੀ ਬਜਾਏ ਦੂਜੀ ਥਾਂ ਟਰਾਂਸਫਰ ਕਰਨ 'ਤੇ ਹਜ਼ਾਰਾਂ-ਲੱਖਾਂ ਰੁਪਏ ਆਸਾਨੀ ਨਾਲ ਖਰਚ ਕੀਤੇ ਜਾ ਸਕਦੇ ਹਨ ਪਰ ਹੈਦਰਾਬਾਦ ਦੇ ਇਕ ਵਾਸੀ ਰਾਮਾਚੰਦਰਾ ਅੱਪਾਰੀ ਨੇ ਆਪਣੇ ਬਲਬੂਤੇ 'ਤੇ ਹੁਣ ਤੱਕ ਕਰੀਬ 5 ਹਜ਼ਾਰ ਵੱਡੇ ਰੁੱਖਾਂ ਨੂੰ ਦੂਜੀ ਥਾਂ ਲਾ ਕੇ ਵਿਖਾਇਆ ਹੈ। ਰਾਮਾਚੰਦਰਾ ਗ੍ਰੀਨ ਮਾਰਨਿੰਗ ਨਾਂ ਨਾਲ ਕੰਪਨੀ ਚਲਾਉਂਦੇ ਹਨ ਅਤੇ ਸਦੀਆਂ ਪੁਰਾਣੀ ਤਕਨੀਕ ਦੀ ਵਰਤੋਂ ਕਰਦੇ ਹਨ ਜੋ 2000 ਬੀ. ਸੀ. ਵਿਚ ਮਿਸਰ ਵਿਚ ਪ੍ਰਚਲਿਤ ਸੀ।

ਰਾਮਾਚੰਦਰਾ ਦੱਸਦੇ ਹਨ ਕਿ 2009 'ਚ ਜਦੋਂ ਹੈਦਰਾਬਾਦ-ਵਿਜੇਵਾੜਾ ਹਾਈਵੇ ਬਣਾਉਣ ਦੌਰਾਨ ਸੜਕਾਂ ਚੌੜੀਆਂ ਕਰਨ ਲਈ ਵੱਡੀ ਗਿਣਤੀ ਵਿਚ ਰੁੱਖਾਂ ਦੀ ਬਲੀ ਦਿੱਤੀ ਗਈ ਤਾਂ ਉਨ੍ਹਾਂ ਦੇ ਮਨ ਵਿਚ ਰੁੱਖਾਂ ਨੂੰ ਦੂਜੀ ਥਾਂ ਸ਼ਿਫਟ ਕਰਨ ਦਾ ਖਿਆਲ ਆਇਆ, ਜਿਸ ਦੀ ਰਿਸਰਚ ਦੌਰਾਨ ਉਨ੍ਹਾਂ ਆਸਟ੍ਰੇਲੀਆ ਵਿਚ ਵਰਤੀ ਜਾਂਦੀ ਤਕਨੀਕ ਦਾ ਅਧਿਐਨ ਕੀਤਾ। ਉਸ ਤੋਂ ਬਾਅਦ ਹੈਦਰਾਬਾਦ ਮੈਟਰੋ ਰੇਲ ਪ੍ਰਾਜੈਕਟ ਦੌਰਾਨ ਉਨ੍ਹਾਂ 800 ਦੇ ਕਰੀਬ ਰੁੱਖਾਂ ਨੂੰ ਇਸ ਤਕਨੀਕ ਨਾਲ ਬਚਾਅ ਲਿਆ ਅਤੇ ਹੁਣ ਇਹ ਹੀ ਤਕਨੀਕ ਬੇਂਗਲੁਰੂ, ਵਿਸ਼ਾਖਾਪਟਨਮ ਅਤੇ ਦਿੱਲੀ ਆਦਿ ਵਿਚ ਵੀ ਵਰਤੀ ਜਾ ਰਹੀ ਹੈ।

ਸਿਰਫ 6000 ਤੋਂ ਸ਼ੁਰੂ ਹੁੰਦੀ ਹੈ ਲਾਗਤ
ਰਾਮਾਚੰਦਰਾ ਦੱਸਦੇ ਹਨ ਕਿ ਜੇਕਰ ਸ਼ਿਫਟ ਹੋਣ ਵਾਲੇ ਰੁੱਖਾਂ ਦੀ ਗਿਣਤੀ ਜ਼ਿਆਦਾ ਹੋਵੇ ਤਾਂ ਸਿਰਫ 6 ਹਜ਼ਾਰ ਵਿਚ ਵੀ ਇਕ ਰੁੱਖ ਨੂੰ ਸ਼ਿਫਟ ਕੀਤਾ ਜਾ ਸਕਦਾ ਹੈ ਪਰ ਉਨ੍ਹਾਂ ਇਕ ਸਿੰਗਲ ਆਰਡਰ ਦੇ ਤਹਿਤ ਇਸ ਕੰਮ ਲਈ 1.50 ਲੱਖ ਰੁਪਏ ਤੱਕ ਵਸੂਲੇ ਹੋਏ ਹਨ। ਉਨ੍ਹਾਂ ਮੁਤਾਬਕ 80 ਫੀਸਦੀ ਰੁੱਖ ਦੋਬਾਰਾ ਹਰੇ ਭਰੇ ਹੋ ਜਾਂਦੇ ਹਨ।

shivani attri

This news is Content Editor shivani attri