ਜਲੰਧਰ : ਅਗਵਾ ਤੇ ਲੁੱਟ ਦਾ ਡਰਾਮਾ ਰਚਣ ਵਾਲਾ ਨੌਕਰ ਪੁਲਸ ਨੇ ਕੀਤਾ ਕਾਬੂ, ਮੋਟਰਸਾਈਕਲ ਤੇ 2.28 ਲੱਖ ਰੁਪਏ ਬਰਾਮਦ

05/01/2021 6:29:11 PM

ਜਲੰਧਰ (ਸੁਧੀਰ)–ਸਥਾਨਕ ਪ੍ਰਤਾਪ ਬਾਗ ਨੇੜੇ ਬੈਂਕ ’ਚ ਰੁਪਏ ਜਮ੍ਹਾ ਕਰਵਾਉਣ ਗਏ ਨੌਜਵਾਨ ਨੂੰ ਅਗਵਾ ਕਰ ਕੇ ਉਸ ਕੋਲੋਂ 2.28 ਲੱਖ ਰੁਪਏ ਦੀ ਲੁੱਟ ਦਾ ਮਾਮਲਾ ਪੁਲਸ ਨੇ ਕੁਝ ਘੰਟਿਆਂ ’ਚ ਹੀ ਟਰੇਸ ਕਰ ਕੇ ਦਾਲ ਵਪਾਰੀ ਦੀ ਦੁਕਾਨ ’ਤੇ ਕੰਮ ਕਰਨ ਵਾਲੇ ਨੌਕਰ ਅਤੇ ਉਸ ਦੇ 2 ਸਾਥੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਲੁੱਟੀ ਰਕਮ ਅਤੇ ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕਰ ਲਿਆ। ਡੀ. ਸੀ. ਪੀ. ਜਗਮੋਹਨ ਸਿੰਘ ਨੇ ਦੱਸਿਆ ਕਿ ਮੰਡੀ ਰੋਡ ’ਤੇ ਦਾਲਾਂ ਦਾ ਹੋਲਸੇਲ ਕਾਰੋਬਾਰ ਕਰਨ ਵਾਲੇ ਅਸ਼ੋਕ ਕੁਮਾਰ ਨਿਵਾਸੀ ਗਰੀਨ ਪਾਰਕ ਨੇ ਥਾਣਾ ਨੰਬਰ 3 ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਨੇ ਦੁਕਾਨ ਦੀ ਸੇਲ ਦੇ 2.28 ਲੱਖ ਰੁਪਏ ਦੁਕਾਨ ’ਤੇ ਕੰਮ ਕਰਨ ਵਾਲੇ ਨੌਕਰ ਵਿਸ਼ਾਲ ਨੂੰ ਪ੍ਰਤਾਪ ਬਾਗ ਨੇੜੇ ਸਥਿਤ ਪੰਜਾਬ ਨੈਸ਼ਨਲ ਬੈਂਕ ਵਿਚ ਜਮ੍ਹਾ ਕਰਵਾਉਣ ਲਈ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਲਗਭਗ ਅੱਧੇ ਘੰਟੇ ਬਾਅਦ ਉਨ੍ਹਾਂ ਦੇ ਨੌਕਰ ਵਿਸ਼ਾਲ ਦਾ ਫੋਨ ਆਇਆ, ਜਿਸ ਨੇ ਦੱਸਿਆ ਕਿ 2 ਅਣਪਛਾਤੇ ਨੌਜਵਾਨ ਉਸ ਨੂੰ ਅਗਵਾ ਕਰ ਕੇ ਅਤੇ ਜਬਰੀ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ। ਕੁਝ ਦੂਰੀ ’ਤੇ ਨਕਦੀ ਵਾਲਾ ਬੈਗ ਲੁੱਟ ਕੇ ਉਸ ਨੂੰ ਮੋਟਰਸਾਈਕਲ ਤੋਂ ਲਾਹ ਕੇ ਫ਼ਰਾਰ ਹੋ ਗਏ।

ਅਗਵਾ ਤੇ ਲੁੱਟ ਦੀ ਸੂਚਨਾ ਮਿਲਦੇ ਹੀ ਕਮਿਸ਼ਨਰੇਟ ਪੁਲਸ ਵਿਚ ਭਾਜੜ ਮਚ ਗਈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਨੋਟਿਸ ਵਿਚ ਮਾਮਲਾ ਆਉਂਦੇ ਹੀ ਉਨ੍ਹਾਂ ਮਾਮਲੇ ਨੂੰ ਸੁਲਝਾਉਣ ਲਈ ਇਕ ਵਿਸ਼ੇਸ਼ ਟੀਮ ਦਾ ਗਠਨ ਕੀਤਾ, ਜਿਸ ਤੋਂ ਬਾਅਦ ਪੁਲਸ ਨੇ ਵਪਾਰੀ ਦੇ ਨੌਕਰ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲੈ ਕੇ ਘਟਨਾ ਸਥਾਨ ਨੇੜੇ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਉਸ ਹੱਥ ਅਹਿਮ ਸੁਰਾਗ ਲੱਗੇ। ਇਸ ਤੋਂ ਬਾਅਦ ਪੁਲਸ ਨੇ ਕੁਝ ਸਮੇਂ ਵਿਚ ਹੀ ਇਸ ਮਾਮਲੇ ’ਚ 2 ਹੋਰ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਪੁੱਛਗਿੱਛ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਵਾਰਦਾਤ ਨੂੰ ਦਾਲ ਵਪਾਰੀ ਦੇ ਨੌਕਰ ਵਿਸ਼ਾਲ ਨਿਵਾਸੀ ਕਿਸ਼ਨਪੁਰਾ ਨੇ ਆਪਣੇ 2 ਹੋਰ ਸਾਥੀਆਂ ਸ਼ੁਭਮ ਅਤੇ ਕਰਨ ਦੋਵੇਂ ਨਿਵਾਸੀ ਕਿਸ਼ਨਪੁਰਾ ਨਾਲ ਮਿਲ ਕੇ ਅੰਜਾਮ ਦਿੱਤਾ ਹੈ। ਪੁਲਸ ਨੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਲੁੱਟ ਦੇ 2.28 ਲੱਖ ਰੁਪਏ ਅਤੇ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਬਰਾਮਦ ਕਰ ਲਿਆ। ਪੁਲਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਜਾਰੀ ਹੈ।


Manoj

Content Editor

Related News