ਜਲੰਧਰ : ਅੱਜ ਹੀ ਕਰਵਾ ਲਓ ਜ਼ਰੂਰੀ ਕੰਮ, ਸਬ-ਰਜਿਸਟਰਾਰ ਤੇ ਤਹਿਸੀਲਦਾਰ 3 ਮਈ ਨੂੰ ਕਰ ਸਕਦੇ ਕੰਮ ਥੱਪ !

04/30/2021 12:25:11 PM

ਜਲੰਧਰ (ਚੋਪੜਾ)–ਪ੍ਰਾਪਰਟੀ ਦੀ ਰਜਿਸਟਰੀ, ਇੰਤਕਾਲ, ਵਸੀਅਤ ਸਮੇਤ ਹੋਰ ਦਸਤਾਵੇਜ਼ਾਂ ਦੀ ਮਨਜ਼ੂਰੀ ਸਬੰਧੀ ਜੇਕਰ ਕੰਮ ਹੋਵੇ ਤਾਂ ਉਸ ਨੂੰ 30 ਅਪ੍ਰੈਲ ਨੂੰ ਹੀ ਨਿਪਟਾ ਲਓ ਕਿਉਂਕਿ 3 ਮਈ ਤੋਂ ਸਬ-ਰਜਿਸਟਰਾਰ ਅਤੇ ਤਹਿਸੀਲਦਾਰ ਅਣਮਿੱਥੇ ਸਮੇਂ ਦੀ ਹੜਤਾਲ ’ਤੇ ਜਾ ਸਕਦੇ ਹਨ ਕਿਉਂਕਿ 30 ਅਪ੍ਰੈਲ ਸ਼ੁੱਕਰਵਾਰ ਨੂੰ ਵਰਕਿੰਗ ਡੇ ਹੈ, ਜਦਕਿ 1 ਅਤੇ 2 ਮਈ ਸ਼ਨੀਵਾਰ ਤੇ ਐਤਵਾਰ ਨੂੰ ਸਰਕਾਰੀ ਛੁੱਟੀ ਹੈ। ਜੇਕਰ 3 ਮਈ ਸੋਮਵਾਰ ਨੂੰ ਹੜਤਾਲ ਹੋਈ ਤਾਂ ਪੂਰੇ ਸੂਬੇ ਵਾਂਗ ਜ਼ਿਲ੍ਹੇ ਵਿਚ ਰਜਿਸਟਰੀਆਂ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਬ-ਰਜਿਸਟਰਾਰ-1 ਮਨਿੰਦਰ ਸਿੰਘ ਸਿੱਧੂ ਅਤੇ ਸਬ-ਰਜਿਸਟਰਾਰ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੰਜਾਬ ਰੈਵੇਨਿਊ ਐਸੋਸੀਏਸ਼ਨ ਵੱਲੋਂ ਆਪਣੀਆਂ ਮੰਗਾਂ ਸਬੰਧੀ ਪਿਛਲੇ 7 ਦਿਨਾਂ ਤੋਂ ਸੂਬੇ ਭਰ ਦੇ ਸਾਰੇ ਰੈਵੇਨਿਊ ਅਧਿਕਾਰੀ ਹੜਤਾਲ ’ਤੇ ਹਨ। ਇਸ ਦੌਰਾਨ ਰੈਵੇਨਿਊ ਕੇਸਾਂ ਦੀ ਸੁਣਵਾਈ ਨੂੰ ਬੰਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰੈਵੇਨਿਊ ਅਧਿਕਾਰੀਆਂ ਦੀ ਹੜਤਾਲ ਕਾਰਨ ਤਹਿਸੀਲਦਾਰ ਸਿਰਫ ਮੈਰਿਜ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਇੰਤਕਾਲ ਵਰਗੇ ਕੰਮਾਂ ਨੂੰ ਹੀ ਨਿਪਟਾ ਰਹੇ ਹਨ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਨੇ ਐਲਾਨ ਕੀਤਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ 3 ਮਈ ਤੋਂ ਰਜਿਸਟਰੀਆਂ ਸਮੇਤ ਹੋਰ ਕੰਮਾਂ ਨੂੰ ਵੀ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਜਾਵੇਗਾ। ਸਬ-ਰਜਿਸਟਰਾਰ, ਤਹਿਸੀਲਦਾਰ ਅਤੇ ਹੋਰ ਰੈਵੀਨਿਊ ਅਧਿਕਾਰੀ ਸਿਰਫ ਕੋਵਿਡ ਡਿਊਟੀ ਨੂੰ ਹੀ ਨਿਭਾਉਣਗੇ।


Manoj

Content Editor

Related News