ਸਿਹਤ ਵਿਭਾਗ ਦੀ ਟੀਮ ਨੇ ਛਾਪੇਮਾਰੀ ਕਰਕੇ ਐਕਸਪਾਇਰ ਨਮਕੀਨ ਕੀਤੀ ਨਸ਼ਟ

11/22/2019 11:18:54 AM

ਜਲੰਧਰ (ਵੈੱਬ ਡੈਸਕ) : ਸਿਹਤ ਵਿਭਾਗ ਦੀ ਟੀਮ ਵੱਲੋਂ ਬੀਤੇ ਦਿਨ ਟਾਂਡਾ ਫਾਟਕ ਨੇੜੇ ਤਰੁਣ ਇੰਟਰਪ੍ਰਾਈਜਜ਼ ਦੇ ਗੋਦਾਮ ਵਿਚ ਛਾਪੇਮਾਰੀ ਕਰਕੇ 960 ਕਿਲੋ ਐਕਸਪਾਇਰ ਨਮਕੀਨ ਨਸ਼ਟ ਕਰਵਾਈ ਗਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਛਾਪੇਮਾਰੀ ਕੀਤੀ ਗਈ ਉਦੋਂ 5 ਔਰਤਾਂ ਪੈਕੇਟਾਂ ਵਿਚੋਂ ਨਮਕੀਨ ਕੱਢ ਕੇ ਲਿਫਾਫਿਆਂ ਵਿਚ ਪੈਕ ਕਰ ਰਹੀਆਂ ਸਨ। ਲਿਫਾਫੇ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਕਤ ਐਕਸਪਾਇਰ ਨਮਕੀਨ ਰੇਹੜੀ ਵਾਲਿਆਂ ਨੂੰ ਜਾਂ ਅੱਗੇ ਕਿਸੇ ਨੂੰ ਵੇਚੀ ਜਾਣੀ ਸੀ। ਸਾਰੇ ਲਿਫਾਫੇ 3 ਤੋਂ 5 ਕਿਲੋ ਦੇ ਬਣਾਏ ਗਏ ਸਨ। ਸਿਹਤ ਵਿਭਾਗ ਦੀ ਟੀਮ ਨੇ ਨਮਕੀਨ ਦੇ ਬਾਰੇ ਵਿਚ ਪੁੱਛਿਆ ਤਾਂ ਫਰਮ ਦੇ ਮਾਲਕ ਨੇ ਜਵਾਬ ਦਿੱਤਾ ਕਿ ਉਕਤ ਐਕਸਪਾਇਰ ਨਮਕੀਨ ਗਊਸ਼ਾਲਾ ਵਿਚ ਭੇਜੀ ਜਾਣੀ ਸੀ। ਟੀਮ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਨਮਕੀਨ ਇਨਸਾਨਾਂ ਲਈ ਖਰਾਬ ਹੈ ਤਾਂ ਪਸ਼ੂਆਂ ਨੂੰ ਵੀ ਨਹੀਂ ਖਾਣ ਲਈ ਜੇਣੀ ਚਾਹੀਦੀ। ਇਸ ਤੋਂ ਬਾਅਦ ਸਾਰੀ ਨਮਕੀਨ ਨਸ਼ਟ ਕਰਵਾ ਦਿੱਤੀ। ਇਸ ਸਾਰੇ ਘਟਨਾਕ੍ਰਮ ਵਿਚ ਵੱਡਾ ਸਵਾਲ ਇਹ ਹੈ ਕਿ ਜ਼ਿਲਾ ਸਿਹਤ ਅਫਸਰ ਸੁਰਿੰਦਰ ਸਿੰਘ ਨਾਂਗਲ ਅਤੇ ਫੂਡ ਇੰਸਪੈਕਟਰ ਰਾਸ਼ੂਮਹਾਜਨ ਫਰਮ ਮਾਲਕ ਦੇ ਤਰਕਾਂ ਨਾਲ ਸਹਿਮਤ ਨਜ਼ਰ ਆਏ ਅਤੇ ਬਿਨਾਂ ਸੈਂਪਲ ਪਰਤ ਆਏ।

ਸਿਹਤ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਤਰੁਣ ਇੰਟਰਪ੍ਰਾਈਜਿਜ਼ ਤੋਂ ਹਿਮਾਚਲ ਅਤੇ ਪੰਜਾਬ ਦੇ ਕਈ ਸ਼ਹਿਰਾਂ ਵਿਚ ਨਮਕੀਨ ਸਪਲਾਈ ਕੀਤੀ ਜਾਂਦੀ ਹੈ। ਕੰਪਨੀ ਕੋਲ ਦਸਤਾਵੇਜ਼ ਸਨ ਪਰ ਨਮਕੀਨ ਇਕ ਸਾਲ ਪਹਿਲਾਂ ਐਕਸਪਾਇਰ ਹੋ ਚੁੱਕੀ ਸੀ। ਡੀ.ਐਚ.ਓ. ਸੁਰਿੰਦਰ ਨਾਂਗਲ ਦਾ ਕਹਿਣਾ ਹੈ ਕਿ ਨਮਕੀਨ ਪ੍ਰਾਈਵੇਟ ਕੰਪਨੀ ਦੀ ਸੀ। ਸਿਹਤ ਵਿਭਾਗ ਵੱਲੋਂ ਉਸ ਨੂੰ ਮੌਕੇ 'ਤੇ ਹੀ ਨਸ਼ਟ ਕਰਵਾਇਆ ਗਿਆ ਅਤੇ ਕਿਸੇ ਤਰ੍ਹਾਂ ਦਾ ਕੋਈ ਸੈਂਪਲ ਨਹੀਂ ਭਰਿਆ ਗਿਆ ਹੈ।

cherry

This news is Content Editor cherry