ਜਲੰਧਰ ਦੇ ਕੋਲਾ ਕਾਰੋਬਾਰੀ ਨਾਲ ਗੁਜਰਾਤ ਦੇ ਕਾਰੋਬਾਰੀਆਂ ਨੇ ਕੀਤਾ 2 ਵਾਰ ਫਰਾਡ

10/17/2021 5:21:20 PM

ਜਲੰਧਰ (ਜ. ਬ.)– ਜਲੰਧਰ ਦੇ ਕੋਲਾ ਕਾਰੋਬਾਰੀ ਨਾਲ ਗੁਜਰਾਤ ਦੇ ਕਥਿਤ ਕਾਰੋਬਾਰੀਆਂ ਨੇ 2 ਵਾਰ ਪੌਣੇ 8 ਲੱਖ ਰੁਪਏ ਦਾ ਫਰਾਡ ਕਰ ਲਿਆ। 3 ਗੁਜਰਾਤੀ ਕਾਰੋਬਾਰੀਆਂ ਖ਼ਿਲਾਫ਼ ਥਾਣਾ ਨੰਬਰ 1 ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਰੈਡੀਸਨ ਐਨਕਲੇਵ ਵਿਚ ਰਹਿਣ ਵਾਲੇ ਗੌਰਵ ਮਲਹੋਤਰਾ ਜਲੰਧਰ ਵਿਚ ਕੋਲੇ ਦਾ ਕਾਰੋਬਾਰੀ ਕਰਦੇ ਹਨ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਗੌਰਵ ਮਲਹੋਤਰਾ ਨੇ ਦੱਸਿਆ ਕਿ ਉਨ੍ਹਾਂ 28 ਮਾਰਚ 2021 ਨੂੰ ਕੱਛ ਦੀ ਰਾਮਦੇਵ ਐਂਟਰਪ੍ਰਾਈਜ਼ਿਜ਼ ਕੋਲੋਂ ਸਟੀਮ ਕੋਲਾ ਖ਼ਰੀਦਿਆ ਸੀ। ਖ਼ਰੀਦੇ ਗਏ ਕੋਲੇ ਦੀ ਕੀਮਤ 3 ਲੱਖ 58 ਹਜ਼ਾਰ 60 ਰੁਪਏ ਸੀ। ਉਨ੍ਹਾਂ ਦੱਸਿਆ ਕਿ ਇਹ ਕੋਲਾ ਤਮੰਨਾ ਟਰਾਂਸਪੋਰਟ ਦੀ ਗੱਡੀ ਤੋਂ ਬੁੱਕ ਹੋਇਆ ਸੀ ਅਤੇ ਇਹ ਗੱਡੀ ਉਨ੍ਹਾਂ ਦੇ ਦਫ਼ਤਰ ਅਨਲੋਡ ਹੋਣੀ ਸੀ।

ਇਹ ਵੀ ਪੜ੍ਹੋ: ਪੰਜਾਬ ਦੀ ਸਿਆਸਤ ਦਾ 2022 'ਚ ਬਦਲ ਸਕਦੈ ਰੁਖ਼, ਗੂੰਜੇਗੀ ਪ੍ਰਨੀਤ ਕੌਰ ਦੀ ਦਹਾੜ

ਟਰਾਂਸਪੋਰਟ ਕੰਪਨੀ ਵੱਲੋਂ ਉਨ੍ਹਾਂ ਨੂੰ ਈ-ਵੇਅ ਬਿੱਲ ਵ੍ਹਟਸਐਪ ਕੀਤਾ ਗਿਆ, ਜਿਹੜਾ ਕਿਸੇ ਹੋਰ ਕੰਪਨੀ ਦੇ ਨਾਂ ਸੀ। ਜਦੋਂ ਉਨ੍ਹਾਂ ਟਰਾਂਸਪੋਰਟ ਕੰਪਨੀ ਦੇ ਮਾਲਕ ਸੁਰੇਸ਼ ਰਾਣਾਵਤ ਅਤੇ ਹਿਮੇਂਦਰ ਰਾਣਾਵਤ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਕੰਪਨੀ ਉਨ੍ਹਾਂ ਦੀ ਸਿਸਟਰ ਕਨਸਰਨ ਹੈ। ਦੋਵਾਂ ਦੀਆਂ ਗੱਲਾਂ ਵਿਚ ਆ ਕੇ ਉਨ੍ਹਾਂ ਟਰਾਂਸਪੋਰਟ ਲਈ ਕੁੱਲ 85 ਹਜ਼ਾਰ ਰੁਪਏ ਉਨ੍ਹਾਂ ਦੇ ਬੈਂਕ ਖਾਤੇ ਵਿਚ ਟਰਾਂਸਫਰ ਕਰ ਦਿੱਤੇ। ਟਰਾਂਸਪੋਰਟ ਕੰਪਨੀ ਵੱਲੋਂ ਉਨ੍ਹਾਂ ਨੂੰ ਗੱਡੀ ਦਾ ਨੰਬਰ ਅਤੇ ਡਰਾਈਵਰ ਦਾ ਮੋਬਾਇਲ ਨੰਬਰ ਦਿੱਤਾ ਗਿਆ ਸੀ। ਸਮੇਂ ’ਤੇ ਮਾਲ ਨਾ ਪਹੁੰਚਣ ’ਤੇ ਜਦੋਂ ਉਨ੍ਹਾਂ ਡਰਾਈਵਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਉਸਦੀਆਂ ਗੱਲਾਂ ’ਤੇ ਸ਼ੱਕ ਹੋਇਆ, ਜਿਸ ਤੋਂ ਬਾਅਦ ਉਨ੍ਹਾਂ ਸੁਰੇਸ਼ ਅਤੇ ਹਿਮੇਂਦਰ ਨਾਲ ਗੱਲ ਕੀਤੀ। ਇਸ ਦੌਰਾਨ ਪਤਾ ਲੱਗਾ ਕਿ ਉਨ੍ਹਾਂ ਦਾ ਮਾਲ ਯੂ. ਪੀ. ਵਿਚ ਵੇਚ ਕੇ ਖ਼ੁਰਦ-ਬੁਰਦ ਕਰ ਦਿੱਤਾ ਹੈ।
ਪਹਿਲਾਂ ਤਾਂ ਤਮੰਨਾ ਐਕਸਪੋਰਟ ਦੇ ਮਾਲਕ ਉਸ ਨੂੰ ਟਾਲ-ਮਟੋਲ ਕਰਦੇ ਰਹੇ ਪਰ ਪੁਲਸ ਨੂੰ ਸ਼ਿਕਾਇਤ ਦੇਣ ਦੀ ਗੱਲ ਕਰਨ ’ਤੇ ਉਨ੍ਹਾਂ ਗੌਰਵ ਨੂੰ ਭਰੋਸਾ ਦਿੱਤਾ ਕਿ ਉਹ ਆਪਣੇ ਜਾਣਕਾਰ ਕੋਲੋਂ ਉਸ ਨੂੰ ਕੋਲਾ ਦਿਵਾ ਦਿੰਦੇ ਹਨ। ਸੁਰੇਸ਼ ਅਤੇ ਹਿਮੇਂਦਰ ਨੇ ਸੰਤੋਸ਼ੀ ਐਂਟਰਪ੍ਰਾਈਜ਼ਿਜ਼ ਦੇ ਮਾਲਕ ਖੇਤਾ ਭਾਈ ਨਾਲ ਉਨ੍ਹਾਂ ਦਾ ਸੰਪਰਕ ਕਰਵਾਇਆ। ਗੌਰਵ ਨੇ ਉਸ ਕੋਲੋਂ 3 ਲੱਖ 30 ਹਜ਼ਾਰ 769 ਰੁਪਏ ਦਾ ਸਟੀਮ ਕੋਲਾ ਖ਼ਰੀਦਿਆ।

ਇਹ ਵੀ ਪੜ੍ਹੋ: ਜਲੰਧਰ ਵਿਖੇ ਸਵਰਨਿਮ ਵਿਜੈ ਵਰਸ਼ ਉਤਸਵ ਮੌਕੇ ਜਵਾਨਾਂ ਨੇ ਵਿਖਾਏ ਜ਼ੌਹਰ, ਵੇਖਦੇ ਰਹਿ ਗਏ ਲੋਕ

ਤਮੰਨਾ ਟਰਾਂਸਪੋਰਟ ਦੇ ਮਾਲਕਾਂ ਨੇ ਗੌਰਵ ਨੂੰ ਭਰੋਸਾ ਦਿੱਤਾ ਕਿ ਉਸ ਨੇ ਖੇਤਾ ਭਾਈ ਨੂੰ 2 ਲੱਖ 90 ਹਜ਼ਾਰ ਰੁਪਏ ਹੀ ਦੇਣੇ ਹਨ, ਜਦੋਂ ਕਿ ਬਾਕੀ ਦਾ ਹਿਸਾਬ ਉਹ ਖੁਦ ਉਸ ਨਾਲ ਕਰ ਲੈਣਗੇ। ਗੌਰਵ ਫਿਰ ਉਨ੍ਹਾਂ ਦੀਆਂ ਗੱਲਾਂ ਵਿਚ ਆ ਗਿਆ। ਗੌਰਵ ਮਲਹੋਤਰਾ ਨੇ 2 ਲੱਖ 90 ਹਜ਼ਾਰ ਰੁਪਏ ਖੇਤਾ ਭਾਈ ਦੇ ਅਕਾਊਂਟ ਵਿਚ ਟਰਾਂਸਫਰ ਕਰ ਦਿੱਤੇ। ਪੈਸੇ ਮਿਲਣ ਤੋਂ ਬਾਅਦ ਦੁਬਾਰਾ ਉਨ੍ਹਾਂ ਨੂੰ ਈ-ਵੇਅ ਬਿੱਲ ਭੇਜੇ ਗਏ ਪਰ ਕਾਫੀ ਦਿਨ ਬੀਤਣ ਦੇ ਬਾਅਦ ਵੀ ਮਾਲ ਨਹੀਂ ਆਇਆ ਤਾਂ ਗੌਰਵ ਮਲਹੋਤਰਾ ਨੇ ਦੁਬਾਰਾ ਫੋਨ ਕੀਤਾ ਪਰ ਗੁਜਰਾਤ ਦਾ ਲਾਕਡਾਊਨ ਲੱਗਣ ਦਾ ਬਹਾਨਾ ਲਾ ਕੇ ਉਨ੍ਹਾਂ ਟਾਲ-ਮਟੋਲ ਕਰਨਾ ਸ਼ੁਰੂ ਕਰ ਦਿੱਤਾ। ਗੌਰਵ ਨੇ ਇਸ ਸਬੰਧੀ ਪੁਲਸ ਨੂੰ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਤਮੰਨਾ ਟਰਾਂਸਪੋਰਟ ਅਤੇ ਸੰਤੋਸ਼ੀ ਐਂਟਰਪ੍ਰਾਈਜ਼ਿਜ਼ ਦੇ ਮਾਲਕਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਅਧੀਨ ਥਾਣਾ ਨੰਬਰ 1 ਵਿਚ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਗਿਆ।

ਇਹ ਵੀ ਪੜ੍ਹੋ: ਸੁੰਦਰ ਸ਼ਾਮ ਅਰੋੜਾ ਦੀ ਨਾਰਾਜ਼ਗੀ ਦੂਰ ਕਰਨ ਪੁੱਜੇ CM ਚੰਨੀ, ਤਾਰੀਫ਼ਾਂ ਕਰਕੇ ਕਿਹਾ-ਪਾਰਟੀ ਦੇਵੇਗੀ ਅਹਿਮ ਜ਼ਿੰਮੇਵਾਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri