ਜੈਮਲ ਨਗਰ ਗੋਲੀਕਾਂਡ: ਤੋਤਾ ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਿਆਈ ਪੁਲਸ, ਹੁਣ ਤੱਕ ਹੋਈ 4 ਦੀ ਗ੍ਰਿਫਤਾਰੀ

05/28/2019 12:04:08 PM

ਜਲੰਧਰ (ਕਮਲੇਸ਼, ਮਹੇਸ਼)— ਜੈਮਲ ਨਗਰ ਗੋਲੀਕਾਂਡ 'ਚ ਵਾਂਟਿਡ ਸ਼ਿਵਮ ਚੌਹਾਨ ਉਰਫ ਤੋਤਾ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਪ੍ਰੋਡਕਸ਼ਨ ਵਾਰੰਟ 'ਤੇ ਲੈ ਕੇ ਆਈ ਹੈ। ਇਸ ਕੇਸ 'ਚ ਤੋਤਾ ਦੀ ਗ੍ਰਿਫਤਾਰੀ ਦਿਖਾਉਣ ਤੋਂ ਬਾਅਦ ਹੁਣ ਤੱਕ ਕੁਲ 4 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਸੋਮਵਾਰ ਨੂੰ ਆਪਣੀ ਟੀਮ ਨਾਲ ਪ੍ਰੈੱਸ ਕਾਨਫਰੰਸ ਕਰਕੇ ਇਸ ਦਾ ਖੁਲਾਸਾ ਕੀਤਾ। ਸ਼ਿਵਮ ਚੌਹਾਨ ਨੂੰ ਕੁਝ ਦਿਨ ਪਹਿਲਾਂ ਹੀ ਥਾਣਾ ਨੰ. 1 ਦੀ ਪੁਲਸ ਨੇ ਵੇਰਕਾ ਮਿਲਕ ਪਲਾਂਟ ਨੇੜਿਓਂ 7.65 ਐੱਮ. ਐੱਮ. ਦੀ ਨਾਜਾਇਜ਼ ਪਿਸਟਲ ਅਤੇ 2 ਗੋਲੀਆਂ ਨਾਲ ਗ੍ਰਿਫਤਾਰ ਕੀਤਾ ਸੀ। ਬਰਾਮਦ ਹੋਇਆ ਪਿਸਟਲ ਉਹੀ ਸੀ, ਜਿਸ ਤੋਂ ਸ਼ਿਵਮ ਉਰਫ ਤੋਤਾ ਨੇ ਜੈਮਲ ਨਗਰ 'ਚ ਵਿਰੋਧੀ ਧਿਰ 'ਤੇ ਪਹਿਲਾਂ ਹਵਾਈ ਫਾਇਰ ਕੀਤੇ ਤੇ ਬਾਅਦ 'ਚ ਸਿੱਧੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਸੀ।

ਡੀ. ਸੀ. ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਥਾਣਾ ਨੰ. 1 ਦੀ ਪੁਲਸ ਨੇ ਸ਼ਿਵਮ ਨੂੰ ਜੇਲ ਭੇਜ ਦਿੱਤਾ ਸੀ ਪਰ ਗੋਲੀਕਾਂਡ 'ਚ ਵਾਂਟਿਡ ਸ਼ਿਵਮ ਨੂੰ ਸੋਮਵਾਰ ਨੂੰ ਥਾਣਾ ਰਾਮਾ ਮੰਡੀ ਦੀ ਪੁਲਸ ਲੈ ਕੇ ਆਈ ਹੈ ਅਤੇ ਉਸ ਦੀ ਗ੍ਰਿਫਤਾਰੀ ਦਿਖਾ ਦਿੱਤੀ ਹੈ। ਇਸ ਤੋਂ ਪਹਿਲਾਂ ਥਾਣਾ ਰਾਮਾ ਮੰਡੀ ਦੀ ਪੁਲਸ ਨੇ ਰਾਹੁਲ ਅਰੋੜਾ ਪੁੱਤਰ ਵਰਿੰਦਰ ਅਰੋੜਾ ਵਾਸੀ ਅਜੀਤ ਨਗਰ ਨੂੰ 15 ਮਈ ਨੂੰ ਗ੍ਰਿਫਤਾਰ ਕੀਤਾ ਸੀ ਜਦਕਿ ਸੁਖਰਾਜ ਲਾਹੌਰੀਆ ਤੇ ਪੂਰਨ ਉਰਫ ਈਲੂ ਨੂੰ 23 ਮਈ ਨੂੰ ਗ੍ਰਿਫਤਾਰ ਕੀਤਾ ਸੀ। ਸੁਖਰਾਜ ਅਤੇ ਪੂਰਨ ਵੱਲੋਂ ਸਰੰਡਰ ਕਰਨ 'ਤੇ ਦੋਵਾਂ ਦੀ ਗ੍ਰਿਫਤਾਰੀ ਹੋਈ ਸੀ। ਇਸ ਕੇਸ 'ਚ ਸਿਮਰਜੀਤ ਸਿੰਘ ਧਿਰ ਤੋਂ ਖੁਦ ਸਿਮਰਜੀਤ ਸਿੰਘ, ਲੱਕੀ ਕਲਿਆਣ, ਅਮਨ, ਰਾਹੁਲ ਤੇ ਸਾਹਿਲ ਸਾਗੂ ਜਦਕਿ ਦੂਜੀ ਧਿਰ 'ਚੋਂ ਚੰਨਪ੍ਰੀਤ, ਸ਼ਮ੍ਹਾ ਲਾਹੌਰੀਆ, ਰਾਜੂ, ਮੁਨੀਸ਼, ਨੰਦੀ ਨਿਹੰਗ ਅਤੇ ਘੋਨਾ ਫਰਾਰ ਹਨ। ਤੋਤਾ ਖਿਲਾਫ ਪਹਿਲਾਂ ਵੀ 8 ਕੇਸ ਦਰਜ ਹਨ ਜਦਕਿ ਜੇਲ ਤੋਂ ਆਉਣ ਦੇ ਅਗਲੇ ਹੀ ਦਿਨ ਥਾਣਾ ਨੰ. 1 ਦੀ ਪੁਲਸ ਨੇ ਉਸ ਨੂੰ ਨਾਜਾਇਜ਼ ਪਿਸਟਲ ਨਾਲ ਗ੍ਰਿਫਤਾਰ ਕਰ ਲਿਆ ਸੀ।


shivani attri

Content Editor

Related News