ਭਾਜਪਾ ਹਾਈਕਮਾਨ ਦਾ ਕੈਂਥ ’ਤੇ ਖੇਡਿਆ ਦਾਅ ਹੋਇਆ ਸਹੀ ਸਾਬਤ

05/24/2019 4:54:13 AM

ਫਗਵਾੜਾ,(ਰੁਪਿੰਦਰ ਕੌਰ, ਮੁਕੇਸ਼)- ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਸੋਮ ਪ੍ਰਕਾਸ਼ ਕੈਂਥ ਨੇ ਬਾਜ਼ੀ ਮਾਰ ਲਈ ਹੈ। ਕੈਂਥ ਇਕ ਅਜਿਹਾ ਨਾਮ ਹੈ, ਜੋ ਹਮੇਸ਼ਾਂ ਜਿੱਤ ਲਈ ਲੜਿਆ ਹੈ। ਸੋਮ ਪ੍ਰਕਾਸ਼ ਕੈਂਥ ਨੂੰ ਇਹ ਪਤਾ ਹੈ ਕਿ ਉਸ ਨੇ ਕਿਸੇ ਵੀ ਥਾਂ ’ਤੇ ਜਿੱਤ ਕਿਵੇਂ ਪ੍ਰਾਪਤ ਕਰਨੀ ਹੈ ਅਤੇ ਹੁਣ ਇਹ ਗੱਲ ਉਨ੍ਹਾਂ ਨੇ ਸਾਬਤ ਵੀ ਕਰ ਦਿੱਤੀ ਹੈ ਕਿਉਂਕਿ ਬਹੁਤ ਹੀ ਥੋੜ੍ਹੇ ਸਮੇਂ ਦੇ ’ਚ ਪ੍ਰਚਾਰ ਕਰ ਕੇ 46993 ਵੋਟਾਂ ਨਾਲ ਜਿੱਤਣ ਦਾ ਸਿਹਰਾ ਸਿਰਫ਼ ਉਨ੍ਹਾਂ ਦੇ ਸਿਰ ’ਤੇ ਹੀ ਲੱਗ ਸਕਦਾ ਸੀ। ਭਾਜਪਾ ਹਾਈਕਮਾਨ ਦਾ ਕੈਂਥ ’ਤੇ ਖੇਡਿਆ ਹੋਇਆ ਦਾਅ ਸਹੀ ਸਾਬਤ ਹੋਇਆ ਹੈ। ਜਿਨ੍ਹਾਂ ਹੁਸ਼ਿਆਰਪੁਰ ਦੀ ਸੀਟ ਜਿੱਤ ਕੇ ਭਾਜਪਾ ਦੀ ਝੋਲੀ ਪਾਈ ਹੈ। ਦੱਸ ਦੇਇਏ ਕਿ ਕੈਂਥ ਨੂੰ 4,16,735 ਵੋਟਾਂ ਅਤੇ ਰਾਜ ਕੁਮਾਰ ਚੱਬੇਵਾਲ ਨੂੰ 3,69,742 ਵੋਟਾਂ ਪਈਆਂ ਸਨ। ਇਥੇ 46993 ਵੋਟਾਂ ਦੀ ਲੀਡ ਨਾਲ ਕੈਂਥ ਨੇ ਜਿੱਤ ਹਾਸਲ ਕਰ ਕੇ ਆਪਣੇ ਵਿਰੋਧੀਆਂ ਅਤੇ ਖਾਸਕਰ ਆਪਣੇ ਹੀ ਪਾਰਟੀ ਦੇ ਵਿਰੋਧੀਆਂ ਨੂੰ ਕਰਾਰਾ ‘ਝਟਕਾ’ ਦਿੱਤਾ ਹੈ। ਜਿੱਤ ਤੋਂ ਬਾਦ ਸੋਮ ਪ੍ਰਕਾਸ਼ ਕੈਂਥ ਨੇ ਆਪਣੇ ਹਲਕਾ ਨਿਵਾਸੀਆਂ ਦਾ ਧੰਨਵਾਦ ਕੀਤਾ ਹੈ ਅਤੇ ਉਨ੍ਹਾਂ ਕਿਹਾ ਹੈ ਕਿ ਮੈਂ ਵਾਅਦਾ ਕਰਦਾ ਹਾਂ ਕਿ ਆਪਣੇ ਹਲਕਾ ਨਿਵਾਸੀਆਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ।

‘ਜਗ ਬਾਣੀ’ ਦੀ ਟੀਮ ਨੇ ਗੱਲਬਾਤ ਕਰਦਿਆਂ ਜਦੋਂ ਸੋਮ ਪ੍ਰਕਾਸ਼ ਕੈਂਥ ਨੂੰ ਪੁੱਛਿਆ ਗਿਆ ਕਿ ਤੁਸੀਂ ਹਲਕਾ ਨਿਵਾਸੀਆਂ ਦੀਆਂ ਜ਼ਰੂਰਤਾਂ ਦੀ ਕਿਥੋਂ ਸ਼ੁਰੂਆਤ ਕਰੋਗੇ ਤਾਂ ਉਨ੍ਹਾਂ ਜਵਾਬ ਦਿੱਤਾ ਕਿ ਜਦੋਂ ਮੈਂ ਇਥੇ ਡੀ. ਸੀ. ਹੁੰਦਾ ਸੀ, ਮੈਨੂੰ ਉਦੋਂ ਤੋਂ ਇਸ ਹਲਕੇ ਦੀਆਂ ਜ਼ਰੂਰਤਾਂ ਦਾ ਅੰਦਾਜ਼ਾ ਹੈ, ਉਦੋਂ ਤੋਂ ਹੁਣ ਤਕ ਕੋਈ ਬਦਲਾਅ ਨਹੀਂ ਆਇਆ ਪਰ ਮੇਰਾ ਵਾਅਦਾ ਹੈ ਕਿ ਮੈਂ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗਾ ਅਤੇ ਆਪਣੇ ਹਲਕੇ ਨੂੰ ਵਿਕਾਸ ਦੀਆਂ ਬੁਲੰਦੀਆਂ ’ਤੇ ਲੈ ਕੇ ਜਾਵਾਂਗਾ। ਉਨ੍ਹਾਂ ਕਿਹਾ ਕਿ ਹਲਕਾ ਵਾਸੀਆਂ ਨੇ ਮੇਰੇ ਉੱਤੇ ਉਮੀਦ ਜਿਤਾ ਕੇ ਮੇਰੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਵਧਾ ਦਿੱਤਾ ਹੈ, ਜਿਸ ’ਤੇ ਮੈਂ 100 ਫੀਸਦੀ ਖਰਾ ਉਤਰਾਂਗਾ।

ਆਪਣੀ ਜਿੱਤ ਤੋਂ ਬਾਅਦ ਸੋਮ ਪ੍ਰਕਾਸ਼ ਕੈਂਥ ਨੇ ਹੁਸ਼ਿਆਰਪੁਰ ’ਚ ਆਪਣੇ ਹਮਾਇਤੀਆਂ ਨਾਲ ਇਕ ਰੋਡ ਸ਼ੋਅ ਕੱਢਿਆ। ਜਿਥੇ ਹਲਕਾ ਨਿਵਾਸੀਆਂ ਵਿਚ ਲੱਡੂ ਵੀ ਵੰਡੇ ਗਏ। ਓਨੀ ਹੀ ਖ਼ੁਸ਼ੀ ਦਾ ਮਾਹੌਲ ਉਨ੍ਹਾਂ ਦੇ ਸ਼ਹਿਰ ਫਗਵਾੜਾ ਵਿਖੇ ਦੇਖਿਆ ਗਿਆ। ਉਥੇ ਜਗ੍ਹਾ-ਜਗ੍ਹਾ ਭਾਜਪਾ ਸਮਰਥਕਾਂ ਨੇ ਲੱਡੂ ਵੰਡੇ ਅਤੇ ਭੰਗੜੇ ਪਾ ਕੇ ਆਪਣੀ ਜਿੱਤ ਦਾ ਇਜ਼ਹਾਰ ਕੀਤਾ। ਸੋਮ ਪ੍ਰਕਾਸ਼ ਕੈਂਥ ਦੇ ਨਿਵਾਸ ਅਸਥਾਨ ਅਰਬਨ ਅਸਟੇਟ ਵਿਖੇ ਵਿਆਹ ਵਾਲਾ ਮਾਹੌਲ ਸੀ, ਉਨ੍ਹਾਂ ਦੇ ਸਮਰਥਕਾਂ ਦਾ ਆਉਣਾ ਜਾਣਾ ਲਗਾਤਾਰ ਅੱਧੀ ਰਾਤ ਤਕ ਬਣਿਆ ਹੋਇਆ ਸੀ। ਜਿੱਤ ਦੀ ਰਾਤ ਡੀ. ਜੇ. ਵੀ ਲਗਵਾਏ ਗਏ ਪਟਾਕੇ ਚਲਾਏ ਗਏ ਅਤੇ ਲੱਡੂ ਵੀ ਵੰਡੇ ਗਏ। ਸੋਮ ਪ੍ਰਕਾਸ਼ ਕੈਂਥ ਲੋਕ ਸਭਾ ਉਮੀਦਵਾਰੀ ਤੋਂ ਪਹਿਲਾਂ ਹਲਕਾ ਫਗਵਾੜਾ ਦੇ ਵਿਧਾਇਕ ਵੀ ਸਨ, ਇਥੋਂ ਵੀ ਉਹ ਦੋ ਵਾਰ ਲਗਾਤਾਰ ਜੇਤੂ ਰਹੇ।

Bharat Thapa

This news is Content Editor Bharat Thapa