ਗੜ੍ਹਾ ਰੇਲਵੇ ਕਰਾਸਿੰਗ ’ਤੇ ਪ੍ਰਸਤਾਵਿਤ ਫਲਾਈਓਵਰ ਦਾ ਮਾਮਲਾ CM ਮਾਨ ਤਕ ਪਹੁੰਚਿਆ

10/09/2023 12:24:45 PM

ਜਲੰਧਰ (ਖੁਰਾਣਾ)-ਆਮ ਆਦਮੀ ਪਾਰਟੀ ਦੇ ਕੁਝ ਆਗੂਆਂ ਨੇ ਜਲੰਧਰ-ਨਕੋਦਰ ਰੇਲਵੇ ਸੈਕਸ਼ਨ ’ਤੇ ਪੈਂਦੇ ਗੜ੍ਹਾ ਰੇਲਵੇ ਕਰਾਸਿੰਗ ’ਤੇ ਪ੍ਰਸਤਾਵਿਤ ਫਲਾਈਓਵਰ ਸਬੰਧੀ ਇਨ੍ਹੀਂ ਦਿਨੀਂ ਕ੍ਰੈਡਿਟ ਲੈਣ ਦੀ ਜੋ ਕੋਸ਼ਿਸ਼ ਸ਼ੁਰੂ ਕੀਤੀ ਹੋਈ ਹੈ, ਉਸ ਦਾ ਤਿੱਖਾ ਵਿਰੋਧ ਸ਼ੁਰੂ ਹੋ ਗਿਆ ਹੈ ਅਤੇ ਸਾਰਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਧਿਆਨ ਵਿਚ ਲਿਆ ਦਿੱਤਾ ਗਿਆ ਹੈ। ਇਸ ਸਬੰਧੀ ਇਲਾਕੇ ਦੇ ਵਪਾਰੀਆਂ ਦੇ ਨਾਲ-ਨਾਲ ਆਲੇ-ਦੁਆਲੇ ਦੀਆਂ ਦਰਜਨ ਦੇ ਲਗਭਗ ਕਾਲੋਨੀਆਂ ਵਿਚ ਵੀ ਵਿਰੋਧ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਸਾਰੀਆਂ ਕਾਲੋਨੀਆਂ ਨਾਲ ਸਬੰਧਤ ਸੋਸਾਇਟੀਆਂ ਨੇ ਮੁੱਖ ਮੰਤਰੀ ਦਫ਼ਤਰ ਨੂੰ ਚਿੱਠੀ ਲਿਖ ਕੇ ਵਿਰੋਧ ਜਤਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਵਿਚ ਇਸ ਪ੍ਰਾਜੈਕਟ ਦਾ ਵਿਰੋਧ ਸ਼ੁਰੂ ਹੁੰਦਾ ਹੈ ਤਾਂ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਚੋਣਾਵੀ ਨੁਕਸਾਨ ਤਕ ਝੱਲਣਾ ਪੈ ਸਕਦਾ ਹੈ।

ਪਿਮਸ ਦੇ ਸਾਹਮਣੇ ਰਿਲਾਇੰਸ ਮਾਲ ਤੱਕ ਜਾਵੇਗਾ ਇਹ ਫਲਾਈਓਵਰ
ਇਸ ਫਲਾਈਓਵਰ ਦਾ ਜੋ ਡਿਜ਼ਾਈਨ ਅਪਰੂਵ ਹੋ ਕੇ ਸਾਹਮਣੇ ਆਇਆ ਹੈ, ਉਸ ਅਨੁਸਾਰ ਇਹ ਫਲਾਈਓਵਰ ਲਗਭਗ 900 ਮੀਟਰ ਲੰਬਾ ਹੋਵੇਗਾ ਅਤੇ ਬੀ. ਐੱਮ. ਸੀ. ਚੌਕ ਤੋਂ ਗੜ੍ਹਾ ਵੱਲ ਜਾਂਦੇ ਸਮੇਂ ਹੋਟਲ ਰੈਜ਼ੀਡੈਂਸੀ ਤੋਂ ਥੋੜ੍ਹਾ ਪਹਿਲਾਂ ਸ਼ੁਰੂ ਹੋ ਜਾਵੇਗਾ ਅਤੇ ਪੂਰੇ ਬੱਸ ਸਟੈਂਡ ਨੂੰ ਪਾਰ ਕਰਦਾ ਹੋਇਆ ਪਿਮਜ਼ ਦੇ ਸਾਹਮਣੇ ਰਿਲਾਇੰਸ ਮਾਲ ਨੇੜੇ ਜਾ ਕੇ ਉਤਰੇਗਾ। ਫਲਾਈਓਵਰ ਦੀਆਂ ਲੈੱਗਜ਼ ਨੂੰ ਬੱਸ ਸਟੈਂਡ, ਮੋਤਾ ਸਿੰਘ ਨਗਰ ਅਤੇ ਡਿਫੈਂਸ ਕਾਲੋਨੀ ਵੱਲ ਵੀ ਉਤਾਰਿਆ ਜਾਵੇਗਾ।

ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ CM ਭਗਵੰਤ ਮਾਨ ਦੇ ਚੈਲੰਜ ਨੂੰ ਸ਼ਰਤਾਂ ਨਾਲ ਕੀਤਾ ਕਬੂਲ

ਬੱਸ ਸਟੈਂਡ, ਗਰੀਨ ਪਾਰਕ, ਮੋਤਾ ਸਿੰਘ ਨਗਰ ਅਤੇ ਡਿਫੈਂਸ ਕਾਲੋਨੀ ਦਾ ਇਲਾਕੇ ਹੋਵੇਗਾ ਪ੍ਰਭਾਵਿਤ
ਹਾਲਾਂਕਿ ਫਲਾਈਓਵਰ ਬਣ ਜਾਣ ਨਾਲ ਗੜ੍ਹਾ, ਛੋਟੀ ਬਾਰਾਦਰੀ ਅਤੇ ਅਰਬਨ ਅਸਟੇਟ ਵਰਗੀਆਂ ਪਾਸ਼ ਕਾਲੋਨੀਆਂ ਨੂੰ ਜਾਣ ਦਾ ਰਸਤਾ ਕਾਫੀ ਆਸਾਨ ਹੋ ਜਾਵੇਗਾ ਪਰ ਇਸ ਨਾਲ ਬੱਸ ਸਟੈਂਡ ਦੇ ਨੇੜੇ ਅਤੇ ਡਿਫੈਂਸ ਕਾਲੋਨੀ ਗੇਟ ਦੇ ਆਲੇ-ਦੁਆਲੇ ਦਾ ਕਮਰਸ਼ੀਅਲ ਇਲਾਕਾ ਬਹੁਤ ਪ੍ਰਭਾਵਿਤ ਹੋਵੇਗਾ। ਇਸ ਸਮੇਂ ਇਸ ਵੱਡੇ ਇਲਾਕੇ ਦੇ ਦੁਕਾਨਦਾਰਾਂ, ਕਮਰਸ਼ੀਅਲ ਸੰਸਥਾਵਾਂ ਅਤੇ ਕਾਰੋਬਾਰੀਆਂ ਨੂੰ ਸਿੱਧੀ ਸੜਕ ਦੀ ਸਹੂਲਤ ਹੈ ਪਰ ਫਲਾਈਓਵਰ ਬਣਨ ਨਾਲ ਉਨ੍ਹਾਂ ਦਾ ਸਾਰਾ ਕਾਰੋਬਾਰ ਸਰਵਿਸ ਲੇਨ ’ਤੇ ਅਤੇ ਪੁਲ ਦੇ ਹੇਠਾਂ ਆ ਜਾਵੇਗਾ। ਫਲਾਈਓਵਰ ਦੇ ਨਿਰਮਾਣ ਤੋਂ ਬਾਅਦ ਜਿਸ ਤਰ੍ਹਾਂ ਡੀ. ਏ. ਵੀ. ਅਤੇ ਸਦਰ ਥਾਣਾ ਫਾਟਕ ਪੂਰੀ ਤਰ੍ਹਾਂ ਬੰਦ ਕੀਤੇ ਜਾ ਚੁੱਕੇ ਹਨ, ਉਸੇ ਤਰ੍ਹਾਂ ਇਥੇ ਵੀ ਰੇਲਵੇ ਫਾਟਕ ਨੂੰ ਪੱਕੇ ਤੌਰ ’ਤੇ ਬੰਦ ਕਰ ਦਿੱਤਾ ਜਾਵੇਗਾ। ਇਸ ਨਾਲ ਫਲਾਈਓਵਰਾਂ ਰਾਹੀਂ ਹੀ ਦੋਵਾਂ ਇਲਾਕਿਆਂ ਦਾ ਆਪਸੀ ਸੰਪਰਕ ਸੰਭਵ ਹੋ ਸਕੇਗਾ। ਇਸ ਨੂੰ ਲੈ ਕੇ ਵੀ ਲੋਕਾਂ ਦੇ ਮਨਾਂ ਵਿਚ ਕਈ ਤਰ੍ਹਾਂ ਦੇ ਸ਼ੰਕੇ ਹਨ। ਹੁਣ ਦੇਖਣਾ ਹੈ ਕਿ ਇਸ ਪ੍ਰਸਤਾਵਿਤ ਫਲਾਈਓਵਰ ਦਾ ਵਿਰੋਧ ਕਿਸ ਪੱਧਰ ਤੱਕ ਹੁੰਦਾ ਹੈ।

ਗ੍ਰੀਨ ਪਾਰਕ ਸੋਸਾਇਟੀ ਦਾ ਦੋਸ਼, ਰਿਲਾਇੰਸ ਨੂੰ ਪਹੁੰਚਾਇਆ ਜਾ ਰਿਹੈ ਫਾਇਦਾ
ਪ੍ਰਸਤਾਵਿਤ ਫਲਾਈਓਵਰ ਦੇ ਮਾਮਲੇ ਵਿਚ ਗ੍ਰੀਨ ਪਾਰਕ ਵੈੱਲਫੇਅਰ ਸੋਸਾਇਟੀ ਨੇ ਮੁੱਖ ਮੰਤਰੀ ਨੂੰ ਜੋ ਚਿੱਠੀ ਲਿਖੀ ਹੈ, ਉਸ ਵਿਚ ਦੋਸ਼ ਲਾਇਆ ਗਿਆ ਹੈ ਕਿ ਗੜ੍ਹਾ ਰੋਡ ’ਤੇ ਸਥਿਤ ਰਿਲਾਇੰਸ ਮਾਲ ਨੂੰ ਫਾਇਦਾ ਪਹੁੰਚਾਉਣ ਲਈ ਨਾ ਸਿਰਫ਼ ਫਲਾਈਓਵਰ ਦਾ ਡਿਜ਼ਾਈਨ ਬਦਲਿਆ ਗਿਆ, ਸਗੋਂ ਜੋ ਪ੍ਰਾਜੈਕਟ 15 ਕਰੋੜ ਰੁਪਏ ਵਿਚ ਤਿਆਰ ਕੀਤਾ ਗਿਆ ਸੀ, ਉਸ ਨੂੰ 72 ਕਰੋੜ ਰੁਪਏ ਤਕ ਪਹੁੰਚਾ ਦਿੱਤਾ ਗਿਆ ਹੈ। ਸੋਸਾਇਟੀ ਦੇ ਪ੍ਰਧਾਨ ਐੱਸ. ਐੱਸ. ਪਰਮਾਰ ਅਤੇ ਸਕੱਤਰ ਡਾ. ਪੀ. ਐੱਸ. ਰੇਖੀ ਮੁਤਾਬਕ ਜਦੋਂ ਡਿਫੈਂਸ ਕਾਲੋਨੀ ਫਾਟਕ ਦੀ ਸਮੱਸਿਆ ਨੂੰ ਹੱਲ ਕਰਨ ’ਤੇ ਵਿਚਾਰ ਹੋਇਆ, ਉਦੋਂ ਲਿੰਕ ਰੋਡ ਅਤੇ ਗੜ੍ਹਾ ਰੋਡ ਦੇ ਮਿਲਣ ਸਥਾਨ ਤੋਂ ਇਹ ਫਲਾਈਓਵਰ ਸ਼ੁਰੂ ਹੋ ਕੇ ਪਿਮਜ਼ ਤਕ ਜਾਣਾ ਸੀ ਪਰ ਹੁਣ ਇਸ ਨੂੰ ਕਿੰਗਜ਼ ਹੋਟਲ ਦੀ ਬੈਕਸਾਈਡ ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਗਠਜੋੜਾਂ ਨੂੰ ਲੈ ਕੇ ਭੰਬਲਭੂਸੇ ਵਾਲੀ ਸਥਿਤੀ

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਾਰਾ ਇਲਾਕਾ ਪਹਿਲਾਂ ਹੀ ਭੀੜ-ਭੜੱਕੇ ਵਾਲਾ ਹੈ ਪਰ ਫਲਾਈਓਵਰ ਬਣ ਜਾਣ ਨਾਲ ਜਿੱਥੇ ਮੁਸ਼ਕਲਾਂ ਹੋਰ ਵਧ ਜਾਣਗੀਆਂ ਅਤੇ ਉਥੇ ਹੀ 80-80 ਫੁੱਟ ਚੌੜੀਆਂ ਸੜਕਾਂ ਵੀ ਮਹਿਜ਼ 7-8 ਮੀਟਰ ਵਾਲੀ ਸਰਵਿਸ ਲੇਨ ਬਣ ਕੇ ਰਹਿ ਜਾਣਗੀਆਂ। ਸੋਸਾਇਟੀ ਨੇ ਸੁਝਾਅ ਦਿੱਤਾ ਹੈ ਕਿ ਪੂਰੇ ਇਲਾਕੇ ਨੂੰ ਖਰਾਬ ਕਰਨ ਦੀ ਬਜਾਏ ਗੜ੍ਹਾ ਰੇਲਵੇ ਕਰਾਸਿੰਗ ’ਤੇ ਵੀ ਐਲੀਵੇਟਿਡ ਟਰੇਨ ਟਰੈਕ ਵੀ ਬਣਾਇਆ ਜਾ ਸਕਦਾ ਹੈ। ਮੁੱਖ ਮੰਤਰੀ ਨੂੰ ਲਿਖੀ ਗਈ ਚਿੱਠੀ ਵਿਚ ਹੋਰ ਸੋਸਾਇਟੀਆਂ ਨੇ ਹੋਰ ਵੀ ਕਈ ਸੁਝਾਅ ਦਿੱਤੇ ਹਨ ਅਤੇ ਮੰਗ ਕੀਤੀ ਹੈ ਕਿ ਇਸ ਸਮੁੱਚੇ ਪ੍ਰਾਜੈਕਟ ਨੂੰ ਲੈ ਕੇ ਸਾਰੀਆਂ ਸਬੰਧਤ ਧਿਰਾਂ ਨਾਲ ਚਰਚਾ ਜ਼ਰੂਰ ਕੀਤੀ ਜਾਵੇ।

ਇਹ ਵੀ ਪੜ੍ਹੋ: ਨਕੋਦਰ ਬੇਅਦਬੀ ਮਾਮਲੇ ’ਚ ਨਵਾਂ ਮੋੜ, ਪੰਜਾਬ ਸਰਕਾਰ ਵੱਲੋਂ ਨਵੀਂ SIT ਗਠਿਤ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 


https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

 

shivani attri

This news is Content Editor shivani attri