5 ਲੱਖ ਰੁਪਏ ਦੀ ਠੱਗੀ ਕਰਨ ਵਾਲੇ ਏਜੰਟ ਖਿਲਾਫ ਮਾਮਲਾ ਦਰਜ

01/24/2019 3:25:02 AM

ਨਵਾਂਸ਼ਹਿਰ, (ਤ੍ਰਿਪਾਠੀ)- 2 ਮਹੀਨੇ ’ਚ ਇੰਗਲੈਂਡ ਭੇਜਣ ਦਾ ਝਾਂਸਾ ਦੇ ਕੇ 5 ਲੱਖ ਰੁਪਏ ਦੀ ਠੱਗੀ ਕਰਨ  ਵਾਲੇ ਫਰਜ਼ੀ ਏਜੰਟ ਦੇ ਖਿਲਾਫ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ।
 ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ’ਚ ਗਿਆਨ ਚੰਦ ਪੁੱਤਰ ਦੁੱਲਾ ਰਾਮ ਵਾਸੀ ਜੱਸੋਮਜਾਰਾ ਤਹਿਸੀਲ ਬੰਗਾ ਨੇ ਦੱਸਿਆ ਕਿ ਉਸ ਨੇ  ਆਪਣੇ ਪੁੱਤਰ ਸੱਤਪਾਲ ਨੂੰ ਇੰਗਲੈਂਡ ਭੇਜਣ ਦਾ ਸੌਦਾ ਏਜੰਟ ਚਰਨਜੀਤ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਮੰਡੀ ਗੋਬਿੰਦਗਡ਼੍ਹ ਦੇ ਨਾਲ ਅਕਤੂਬਰ, 2017 ’ਚ 10 ਲੱਖ ਰੁਪਏ ’ਚ ਕੀਤਾ ਸੀ। ਉਕਤ ਏਜੰਟ ਨੇ 5 ਲੱਖ ਰੁਪਏ  ਪੇਸ਼ਗੀ ਰਾਸ਼ੀ ਅਤੇ ਪਾਸਪੋਰਟ ਲੈ ਕੇ ਵਾਅਦਾ ਕੀਤਾ ਸੀ, ਕਿ ਉਹ 2 ਮਹੀਨੇ ’ਚ ਉਸ ਦੇ ਪੁੱਤਰ ਨੂੰ ਵਿਦੇਸ਼ ਭੇਜ ਦੇਵੇਗਾ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮਿਆਦ  ਖਤਮ ਹੋਣ ’ਤੇ ਉਕਤ ਏਜੰਟ ਨੇ 1 ਮਹੀਨੇ ਦਾ ਸਮਾਂ ਹੋਰ ਮੰਗਿਆ ਪਰ  ਬਾਵਜੂਦ ਇਸ ਦੇ  ਉਸ ਦੇ ਪੁੱਤਰ ਨੂੰ ਵਿਦੇਸ਼ ਭੇਜਣ ’ਚ ਅਸਫਲ ਰਿਹਾ। ਗਿਆਨ ਚੰਦ ਨੇ ਦੱਸਿਆ ਕਿ ਉਕਤ ਏਜੰਟ ਨੇ ਉਸ ਨੂੰ ਬਾਅਦ ’ਚ ਦੱਸਿਆ ਕਿ ਉਸ ਦੇ ਪੁੱਤਰ ਦਾ ਕੰਮ ਨਹੀਂ ਹੋ ਰਿਹਾ ਹੈ ਜਿਸ ਕਰ ਕੇ ਉਹ ਉਸ ਨੂੰ ਪੈਸੇ ਵਾਪਸ ਕਰ ਦੇਵੇਗਾ। ਉਕਤ ਏਜੰਟ ਨੇ ਉਸ ਨੂੰ 5 ਲੱਖ ਰੁਪਏ ਦਾ ਚੈੱਕ ਦਿੱਤਾ, ਪਰ ਉਹ ਬੈਂਕ ਵਿਚ ਪੈਸੇ  ਨਾ ਹੋਣ ਕਰ ਕੇ ਬਾਊਂਸ  ਹੋ ਗਿਆ। 
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਉਸ ਨੇ ਆਪਣੀ ਰਾਸ਼ੀ ਵਾਪਸ ਕਰਵਾਉਣ ਤੇ ਦੋਸ਼ੀ ਏਜੰਟ ਦੇ ਖਿਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉਕਤ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਬੰਗਾ ਵਲੋਂ ਕਰਨ  ਉਪਰੰਤ ਦਿੱਤੀ ਗਈ ਜਾਂਚ ਰਿਪੋਰਟ ਦੇ ਅਾਧਾਰ ’ਤੇ ਥਾਣਾ ਸਿਟੀ ਨਵਾਂਸ਼ਹਿਰ ਦੀ ਪੁਲਸ ਨੇ ਏਜੰਟ ਚਰਨਜੀਤ ਸਿੰਘ ਦੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।