ਜ਼ਿੰਮੇਵਾਰ ਖਾਮੋਸ਼ : ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਵਾਹਨ, ਸਮਰੱਥਾ ਤੋਂ ਦੁੱਗਣੇ ਬਿਠਾਏ ਜਾ ਰਹੇ ਬੱਚੇ

07/26/2022 2:47:04 PM

ਜਲੰਧਰ(ਕਸ਼ਿਸ਼) : ਸ਼ਹਿਰ ਵਿਚ ਪ੍ਰਾਈਵੇਟ ਸਕੂਲੀ ਬੱਸਾਂ, ਵੈਨ ਅਤੇ ਆਟੋ ਚਾਲਕਾਂ ਦੀਆਂ ਮਨਮਾਨੀਆਂ ਨਾਲ ਬੱਚਿਆਂ ਦੀ ਸੁਰੱਖਿਆ ਨੂੰ ਖਤਰਾ ਹੈ। ਬੱਚਿਆਂ ਨੂੰ ਤੁੰਨ-ਤੁੰਨ ਕੇ ਵੈਨਾਂ ਤੇ ਆਟੋਜ਼ ਵਿਚ ਬਿਠਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਹੈ ਕਿ ਸਮਰੱਥਾ ਤੋਂ ਵੱਧ ਬੱਚੇ ਬਿਠਾ ਕੇ ਇਹ ਚਾਲਕ ਕਈ ਪੁਲਸ ਥਾਣਿਆਂ ਅੱਗੋਂ ਲੰਘਦੇ ਹਨ ਪਰ ਇਨ੍ਹਾਂ ਨੂੰ ਰੋਕਣ ਦੀ ਖੇਚਲ ਕੋਈ ਨਹੀਂ ਕਰਦਾ।

ਸਕੂਲੀ ਵਾਹਨਾਂ ਵਿਚ ਬੱਚਿਆਂ ਦੀ ਸੁਰੱਖਿਆ ਨਾਲ ਜੁੜੀਆਂ ਵਿਵਸਥਾਵਾਂ ਦੀ ਹਕੀਕਤ ਜਾਣਨ ਲਈ ਸ਼ਹਿਰ ਵਿਚ ਸਰਵੇ ਕੀਤਾ ਗਿਆ ਤਾਂ ਅਜਿਹੇ ਕਈ ਵਾਹਨਾਂ ਵਿਚ ਬੱਚਿਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਹੁੰਦਾ ਨਜ਼ਰ ਆਇਆ।ਹਾਲਾਂਕਿ ਵਧੇਰੇ ਸਕੂਲੀ ਬੱਸਾਂ ਨਿਯਮਾਂ ਦੇ ਅਨੁਸਾਰ ਚੱਲਦੀਆਂ ਦਿਸੀਆਂ, ਉਥੇ ਹੀ ਪ੍ਰਾਈਵੇਟ ਸਕੂਲਾਂ ਦੀਆਂ ਵੈਨਾਂ ਤੇ ਆਟੋਜ਼ ਵਿਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਹੁੰਦੀ ਦਿਸੀ। ਜ਼ਿਲ੍ਹਾ ਪ੍ਰਸ਼ਾਸਨ, ਟਰੈਫਿਕ ਅਤੇ ਆਰ. ਟੀ. ਓ. ਇਨ੍ਹਾਂ ਦੀ ਜਾਂਚ ਕਰਦੇ ਹਨ। ਜਾਂਚ ਦਾ ਇਹ ਘੇਰਾ ਸਕੂਲੀ ਬੱਸਾਂ ਤੱਕ ਹੀ ਸੀਮਤ ਰਹਿ ਗਿਆ ਹੈ, ਜਦੋਂ ਕਿ ਪ੍ਰਾਈਵੇਟ ਸਕੂਲੀ ਵੈਨਾਂ ਅਤੇ ਆਟੋਜ਼ ਵਿਚ ਜ਼ਿਆਦਾ ਖਤਰਾ ਹੈ।

ਅਜਿਹੀ ਅਣਦੇਖੀ ਆਈ ਸਾਹਮਣੇ

-ਵੈਨ ’ਤੇ ਸਕੂਲ ਦਾ ਨਾਂ ਅਤੇ ਨੰਬਰ ਨਹੀਂ ਲਿਖਿਆ ਹੁੰਦਾ।

-ਕਈ ਵਾਹਨਾਂ ਵਿਚ ਅੱਗ ਬੁਝਾਊ ਯੰਤਰ ਨਹੀਂ ਲੱਗੇ ਹੋਏ।

-ਫਸਟ ਏਡ ਬਾਕਸ ਨਹੀਂ ਹਨ। ਜੇਕਰ ਹਨ ਵੀ ਤਾਂ ਉਨ੍ਹਾਂ ਵਿਚ ਦਵਾਈਆਂ ਨਹੀਂ ਹਨ।

-ਨਿਯਮਾਂ ਅਨੁਸਾਰ ਕਈ ਸਕੂਲੀ ਵੈਨਾਂ ਦਾ ਰੰਗ ਪੀਲਾ ਨਹੀਂ ਹੈ।

ਸਕੂਲ ਭੇਜਣ ਦੀ ਮਜਬੂਰੀ ’ਚ ਮਾਪੇ ਚੁੱਪ

ਸਕੂਲੀ ਵਾਹਨਾਂ ਦਾ ਸਕੂਲ ਪ੍ਰਬੰਧਕ ਅਤੇ ਆਟੋ ਤੇ ਵੈਨ ਵਾਲੇ ਬਹੁਤ ਜ਼ਿਆਦਾ ਕਿਰਾਇਆ ਮਾਪਿਆਂ ਕੋਲੋਂ ਵਸੂਲਦੇ ਹਨ, ਜਦੋਂ ਕਿ ਮਾਪੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਫਿਕਰਮੰਦ ਰਹਿੰਦੇ ਹਨ ਪਰ ਉਹ ਓਵਰਲੋਡ ਸਕੂਲੀ ਵਾਹਨਾਂ ਵਿਚ ਬੱਚਿਆਂ ਨੂੰ ਲਿਜਾਣ ਦੀ ਸ਼ਿਕਾਇਤ ਨਹੀਂ ਕਰਦੇ। ਹਾਲਾਂਕਿ ਸਕੂਲ ਪ੍ਰਬੰਧਕ ਫਿਰ ਵੀ ਜ਼ਿਆਦਾ ਬੱਚੇ ਬਿਠਾਉਣ ਦੇ ਬਾਵਜੂਦ ਕਿਰਾਇਆ ਓਨਾ ਹੀ ਵਸੂਲਦੇ ਹਨ। ਜੇਕਰ ਕੋਈ ਇੱਕਾ-ਦੁੱਕਾ ਮਾਪੇ ਵਿਰੋਧ ਵੀ ਕਰਦੇ ਹਨ ਤਾਂ ਫਿਰ ਉਨ੍ਹਾਂ ਦੇ ਬੱਚਿਆਂ ਨੂੰ ਵਾਹਨ ਚਾਲਕ ਉਨ੍ਹਾਂ ਨੂੰ ਲਿਜਾਣ ਤੋਂ ਮਨ੍ਹਾ ਕਰ ਦਿੰਦੇ ਹਨ।

ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਮਿਲ ਰਹੀ ਹੱਲਾਸ਼ੇਰੀ

ਟਰਾਂਸਪੋਰਟ ਵਿਭਾਗ ਨੇ ਇਸਦੇ ਲਈ ਨਿਯਮ ਤੈਅ ਕੀਤੇ ਹੋਏ ਹਨ ਅਤੇ ਨਿਯਮਾਂ ਦਾ ਪਾਲਣ ਨਾ ਕਰਨ ’ਤੇ ਿਵਭਾਗ ਸਬੰਧਤ ਵਾਹਨ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ। ਅਜਿਹਾ ਨਾ ਹੋਣ ’ਤੇ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਨੂੰ ਹੱਲਾਸ਼ੇਰੀ ਮਿਲ ਰਹੀ ਹੈ।

ਕੀ ਹੈ ਨਿਯਮ

-ਬੱਚਿਆਂ ਲਈ ਵਾਹਨ ਕਰਨ ਤੋਂ ਪਹਿਲਾਂ ਚਾਲਕ ਦਲ ਡਰਾਈਵਿੰਗ ਲਾਇਸੈਂਸ ਅਤੇ ਸਕੂਲ ਦੀ ਐੱਨ. ਓ. ਸੀ. ਚੈੱਕ ਕਰ ਲਓ।

-ਵਾਹਨ ਨੂੰ ਦੇਖ ਲਓ ਕਿ ਉਸ ਵਿਚ ਨਿਯਮਾਂ ਅਨੁਸਾਰ ਪ੍ਰਬੰਧ ਹਨ ਕਿ ਨਹੀਂ।

-ਵਾਹਨ ਵਿਚ ਉਚਿਤ ਸਥਾਨ ਦੇ ਹਿਸਾਬ ਨਾਲ ਬੱਚੇ ਬਿਠਾਏ ਜਾ ਰਹੇ ਹਨ ਜਾਂ ਨਹੀਂ।

-ਜੇਕਰ ਵਾਹਨ ਵਿਚ ਸੀ. ਐੱਨ. ਜੀ. ਜਾਂ ਪੀ. ਐੱਨ. ਜੀ. ਕਿੱਟ ਲੱਗੀ ਹੋਵੇ, ਉਸਦੀ ਵੈਲਿਡਿਟੀ ਦੀ ਜਾਂਚ ਕਰ ਲਓ।

ਪੁਲਸ ਪ੍ਰਸ਼ਾਸਨ ਦੀ ਨੱਕ ਹੇਠਾਂ ਟੁੱਟ ਰਹੇ ਨਿਯਮ

ਜ਼ਿਲੇ ਦੇ ਸਿਵਲ ਅਤੇ ਪੁਲਸ ਪ੍ਰਸ਼ਾਸਨ ਸਕੂਲੀ ਬੱਚਿਆਂ ਦੀ ਸੁਰੱਖਿਆ ਦੇ ਲੱਖ ਦਾਅਵੇ ਕਰਦੇ ਹਨ ਪਰ ਓਵਰਲੋਡ ਵਾਹਨ ਸਕੂਲੀ ਬੱਚਿਆਂ ਨਾਲ ਭਰੇ ਹੋਏ ਸ਼ਹਿਰ ਦੀਆਂ ਸੜਕਾਂ ’ਤੇ ਦਿਖਾਈ ਦਿੰਦੇ ਹਨ, ਹਾਲਾਂਕਿ ਪੁਲਸ ਪ੍ਰਸ਼ਾਸਨ ਮਹੀਨੇ ਵਿਚ ਇਕ-ਅੱਧੀ ਵਾਰ ਮੁਹਿੰਮ ਚਲਾ ਕੇ ਇਸ ਮਾਮਲੇ ਵਿਚ ਖਾਨਾਪੂਰਤੀ ਕਰ ਲੈਂਦਾ ਹੈ। ਅੱਜ ਵੀ ਸੜਕਾਂ ’ਤੇ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਚਾਲਕ ਬੱਚਿਆਂ ਨੂੰ ਸਕੂਲ ਲਿਜਾਂਦੇ ਤੇ ਲਿਆਉਂਦੇ ਵੇਖੇ ਜਾ ਸਕਦੇ ਹਨ। ਹਾਲ ਹੀ ਵਿਚ ਚਾਲਕਾਂ ਦੀ ਲਾਪ੍ਰਵਾਹੀ ਨਾਲ ਕਈ ਘਟਨਾਵਾਂ ਸਾਹਮਣੇ ਆਈਆਂ ਪਰ ਪੁਲਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ।

ਸੁਪਰੀਮ ਕੋਰਟ ਦੀਆਂ ਇਹ ਹਨ ਗਾਈਡਲਾਈਨਜ਼

-ਵਾਹਨ ਦਾ ਰੰਗ ਪੀਲਾ ਹੋਣਾ ਚਾਹੀਦਾ ਹੈ।

-ਸਕੂਲੀ ਵਾਹਨ ਨੂੰ ਚਲਾਉਣ ਵਾਲੇ ਡਰਾਈਵਰ ਨੂੰ ਘੱਟ ਤੋਂ ਘੱਟ 5 ਸਾਲ ਦਾ ਤਜਰਬਾ ਹੋਣਾ ਚਾਹੀਦਾ ਹੈ।

-ਵਾਹਨਾਂ ਵਿਚ ਫਸਟ ਏਡ ਬਾਕਸ ਹੋਣਾ ਚਾਹੀਦਾ ਹੈ।

-ਵਾਹਨ ਵਿਚ ਐਮਰਜੈਂਸੀ ਡੋਰ ਹੋਣਾ ਚਾਹੀਦਾ ਹੈ।

-ਵਾਹਨ ਚਾਲਕ ਅਤੇ ਉਸਦੇ ਸਹਾਇਕ ਦੀ ਪੁਲਸ ਵੈਰੀਫਿਕੇਸ਼ਨ ਹੋਣੀ ਚਾਹੀਦੀ ਹੈ।

-ਸਕੂਲ ਪ੍ਰਬੰਧਕਾਂ ਵੱਲੋਂ ਯਕੀਨੀ ਕੀਤਾ ਜਾਵੇ ਕਿ ਵਾਹਨ ਚਾਲਕ ਕਿਸੇ ਤਰ੍ਹਾਂ ਦਾ ਨਸ਼ਾ ਨਾ ਕਰਦਾ ਹੋਵੇ।

-ਵਾਹਨਾਂ ਦੀਆਂ ਖਿੜਕੀਆਂ ਵਿਚ ਗਰਿੱਲ ਲੱਗੀ ਹੋਣੀ ਚਾਹੀਦੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor

Related News