''ਸਾਲ ''ਚ ਇਕ ਵਾਰ ਮਹਿਲਾ ਦਿਵਸ ਮਨਾਉਣ ਨਾਲ ਨਹੀਂ ਸੁਧਾਰੀ ਜਾ ਸਕਦੀ ਔਰਤਾਂ ਦੀ ਸਥਿਤੀ''

03/07/2020 6:13:12 PM

ਹੁਸ਼ਿਆਰਪੁਰ (ਜਸਵਿੰਦਰਜੀਤ)— ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 8 ਮਾਰਚ ਨੂੰ ਪੂਰੀ ਦੁਨੀਆ 'ਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ 'ਚ ਵੀ ਇਹ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਦਾ ਉਦੇਸ਼ ਔਰਤਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਹੈ ਪਰ ਅੱਜ ਵੀ ਜ਼ਿਆਦਾਤਰ ਔਰਤਾਂ ਮਹਿਲਾ ਦਿਵਸ ਦਾ ਅਰਥ ਵੀ ਨਹੀਂ ਸਮਝਦੀਆਂ। ਮਹਿਲਾ ਦਿਵਸ 'ਤੇ ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਨਾਲ ਜੁੜੀਆਂ ਔਰਤਾਂ ਨੇ ਆਪਣੇ ਵਿਚਾਰ ਕੁਝ ਇਸ ਤਰ੍ਹਾਂ ਪ੍ਰਗਟ ਕੀਤੇ।

ਸੇਂਟ ਸੋਲਜਰ ਗਰੁੱਪ ਆਫ ਇੰਸਟੀਚਿਊਸ਼ਨਜ਼ ਦੀ ਚੇਅਰਪਰਸਨ ਸ਼੍ਰੀਮਤੀ ਸੰਗੀਤਾ ਚੋਪੜਾ ਨੇ ਕਿਹਾ ਕਿ ਸਾਲ 'ਚ ਇਕ ਵਾਰ ਮਹਿਲਾ ਦਿਵਸ ਮਨਾਉਣ ਨਾਲ ਔਰਤਾਂ ਦੀ ਸਥਿਤੀ ਨਹੀਂ ਸੁਧਾਰੀ ਜਾ ਸਕਦੀ। ਇਹ ਦਿਵਸ ਮਨਾਉਣਾ ਤਾਂ ਹੀ ਸਾਰਥਕ ਹੋ ਸਕਦਾ ਹੈ ਕਿ ਜੇ ਇਸ ਦਿਸ਼ਾ 'ਚ ਸਰਕਾਰਾਂ ਦੇ ਨਾਲ-ਨਾਲ ਸਮਾਜ-ਸੇਵੀ ਸੰਸਥਾਵਾਂ ਵੀ ਅੱਗੇ ਆ ਕੇ ਆਪਣਾ ਯੋਗਦਾਨ ਪਾਉਣ।

ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਊਨਾ ਰੋਡ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਉਰਮਿਲ ਸੂਦ ਨੇ ਕਿਹਾ ਕਿ ਔਰਤਾਂ ਨੂੰ ਵੀ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਦੀ ਜ਼ਰੂਰਤ ਹੈ। ਬੇਸ਼ੱਕ ਅੱਜ ਔਰਤਾਂ ਪੜ੍ਹ-ਲਿਖ ਕੇ ਸਮਾਜ 'ਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ ਪਰ ਅੱਜ ਵੀ ਬਹੁ-ਗਿਣਤੀ ਔਰਤਾਂ ਆਪਣੇ ਅਧਿਕਾਰਾਂ ਤੋਂ ਅਣਜਾਣ ਹਨ।
ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਲਕਸ਼ਮੀ ਐਨਕਲੇਵ ਹੁਸ਼ਿਆਰਪੁਰ ਦੀ ਪ੍ਰਿੰਸੀਪਲ ਸੁਸ਼ੀਲ ਸੈਣੀ ਨੇ ਮਹਿਲਾ ਦਿਵਸ ਸਬੰਧੀ ਕਿਹਾ ਕਿ ਜਦੋਂ ਤਕ ਕੰਨਿਆ ਭਰੂਣ ਹੱਤਿਆ ਵਰਗੀਆਂ ਬੁਰਾਈਆਂ ਨੂੰ ਸਮਾਜ 'ਚੋਂ ਖਤਮ ਨਹੀਂ ਕੀਤਾ ਜਾਂਦਾ, ਉਦੋਂ ਤਕ ਮਹਿਲਾ ਦਿਵਸ ਮਨਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਇਸ ਦੇ ਲਈ ਸਮਾਜ ਦੇ ਹਰ ਪਰਿਵਾਰ ਨੂੰ ਆਪਣਾ ਯੋਗਦਾਨ ਪਾਉਣ ਦੀ ਲੋੜ ਹੈ।

ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਗੜ੍ਹਸ਼ੰਕਰ ਦੀ ਪ੍ਰਿੰਸੀਪਲ ਸ਼ੈਲੀ ਭੱਲਾ ਨੇ ਕਿਹਾ ਕਿ ਅੱਜ ਦੇ ਆਧੁਨਿਕ ਸਮਾਜ 'ਚ ਵੀ ਔਰਤਾਂ ਦੇ ਘਰਾਂ 'ਚੋਂ ਬਾਹਰ ਜਾਣ 'ਤੇ ਪਾਬੰਦੀ ਹੈ। ਲੜਕੀਆਂ ਦੇ ਘਰਾਂ 'ਚੋਂ ਬਾਹਰ ਕੰਮ ਕਰਨ ਨੂੰ ਚੰਗਾ ਨਹੀਂ ਸਮਝਿਆ ਜਾਂਦਾ। ਉਨ੍ਹਾਂ ਕਿਹਾ ਕਿ ਜਦੋਂ ਤਕ ਔਰਤਾਂ ਪ੍ਰਤੀ ਉਕਤ ਦ੍ਰਿਸ਼ਟੀਕੋਣ ਨਹੀਂ ਬਦਲਿਆ ਜਾਂਦਾ, ਉਦੋਂ ਤਕ ਔਰਤਾਂ ਦੀ ਸਮਾਜਕ ਸਥਿਤੀ ਨੂੰ ਨਹੀਂ ਬਦਲਿਆ ਜਾ ਸਕਦਾ।

ਸੇਂਟ ਸੋਲਜਰ ਡਿਵਾਈਨ ਪਬਲਿਕ ਸਕੂਲ ਮਾਹਿਲਪੁਰ ਦੀ ਪ੍ਰਿੰ. ਸੁਖਜਿੰਦਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਆਖਿਆ ਕਿ ਅੱਜ ਵੀ ਜਦੋਂ ਕਿਸੇ ਘਰ 'ਚ ਲੜਕੀ ਦਾ ਜਨਮ ਹੁੰਦਾ ਹੈ ਤਾਂ ਉਸ ਦੀ ਖ਼ੁਸ਼ੀ ਲੜਕੇ ਦੇ ਜਨਮ ਵਰਗੀ ਨਹੀਂ ਮਨਾਈ ਜਾਂਦੀ। ਲੋਕ ਵਧਾਈ ਦੇਣ ਤੋਂ ਵੀ ਸੰਕੋਚ ਕਰਦੇ ਹਨ। ਔਰਤਾਂ ਦੀ ਸਥਿਤੀ ਸੁਧਾਰਨ ਲਈ ਸਾਨੂੰ ਆਪਣੇ ਘਰਾਂ ਤੋਂ ਹੀ ਸ਼ੁਰੂਆਤ ਕਰਨੀ ਪਵੇਗੀ।


shivani attri

Content Editor

Related News