ਸੜਕ ਹਾਦਸੇ ''ਚ ਜ਼ਖਮੀ ਹੋਏ ਨੌਜਵਾਨ ਦੀ ਮੌਤ

09/13/2019 12:54:09 AM

ਕਪੂਰਥਲਾ (ਮਹਾਜਨ)-7 ਸਤੰਬਰ ਨੂੰ ਥਾਣਾ ਸੁਭਾਨਪੁਰ ਅਧੀਨ ਆਉਂਦੇ ਪਿੰਡ ਮਾਧੋਵਾਲ ਨੇੜੇ, ਸੜਕ ਹਾਦਸੇ 'ਚ ਜ਼ਖਮੀ ਵਿਅਕਤੀ ਦੀ ਜਲੰਧਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਦੇ ਵੱਡੇ ਭਰਾ ਗੁਰਚਰਨ ਸਿੰਘ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਦਿੱਤਾ ਹੈ। ਮ੍ਰਿਤਕ ਦੀ ਪਛਾਣ 21 ਸਾਲਾ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਗੁਰਦੇਵ ਸਿੰਘ ਵਾਸੀ ਲੱਖਣ ਵਜੋਂ ਹੋਈ ਹੈ।

ਮ੍ਰਿਤਕ ਦੇ ਭਰਾ ਗੁਰਚਰਨ ਸਿੰਘ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਦੱਸਿਆ ਕਿ 7 ਸਤੰਬਰ ਨੂੰ ਉਸ ਦਾ ਭਰਾ ਮੋਟਰਸਾਈਕਲ 'ਤੇ ਪਿੰਡ ਸੁਭਾਨਪੁਰ ਵੱਲ ਆ ਰਿਹਾ ਸੀ। ਜਦੋਂ ਉਹ ਪਿੰਡ ਮਾਧੋਵਾਲ ਬੱਸ ਅੱਡੇ ਨੇੜੇ ਪਹੁੰਚਿਆ ਤਾਂ ਅਚਾਨਕ ਜਾਨਵਰ ਸੜਕ 'ਤੇ ਆ ਗਿਆ। ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ 'ਚ ਮੋਟਰਸਾਈਕਲ ਆਪਣਾ ਸੰਤੁਲਨ ਗੁਆ ਬੈਠਾ। ਉਹ ਮੋਟਰਸਾਈਕਲ 'ਤੇ ਅੱਗੇ ਜਾ ਰਹੀ ਕਾਰ ਨਾਲ ਟਕਰਾ ਗਿਆ ਅਤੇ ਡਿੱਗ ਪਿਆ ਅਤੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਇਕ ਨਿੱਜੀ ਹਸਪਤਾਲ ਲਿਆਂਦਾ ਗਿਆ, ਜਿਸ ਦੀ ਬੁੱਧਵਾਰ ਸ਼ਾਮ ਨੂੰ ਮੌਤ ਹੋ ਗਈ। ਥਾਣਾ ਸੁਭਾਨਪੁਰ ਦੇ ਏ. ਐੱਸ. ਆਈ. ਬਲਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਹਰਪ੍ਰੀਤ ਸਿੰਘ ਉਰਫ ਹੈਪੀ ਦੀ ਅਚਾਨਕ ਸੜਕ ਹਾਦਸੇ 'ਚ ਮੌਤ ਹੋ ਗਈ। ਪੁਲਸ ਨੇ ਧਾਰਾ 174 ਸੀ ਤਹਿਤ ਕਾਰਵਾਈ ਕੀਤੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਂਪ ਦਿੱਤੀ ਗਈ।

Karan Kumar

This news is Content Editor Karan Kumar